ਟਕਸਾਲੀ ਦਲ ਨੂੰ ਮਿਲੇ ਢੀਂਡਸਾ ਤੇ ਰਵੀਇੰਦਰ

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਵੱਡੇ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਕਿਸੇ ਸਮੇਂ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ‘ਚ ਸ਼ਾਮਲ ਰਹੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ। ਖ਼ਬਰਾਂ ਅਨੁਸਾਰ ਇਨ੍ਹਾਂ ਦੋਵਾਂ ਆਗੂਆਂ ਨੇ ਬ੍ਰਹਮਾਪੁਰਾ ਅਤੇ ਹੋਰ ਸੀਨੀਅਰ ਆਗੂਆਂ ਨਾਲ ਇੱਕ ਗੁਪਤ ਮੀਟਿੰਗ ਕਰ ਕੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਵੱਖਰੇ ਤੌਰ ‘ਤੇ ਮਣਾਏ ਜਾਣ ਬਾਰੇ ਵਿਚਾਰ ਚਰਚਾ ਕੀਤੀ। ਇਹ ਮੀਟਿੰਗ ਰਵੀਇੰਦਰ ਸਿੰਘ ਦੇ ਗ੍ਰਹਿ ਵਿਖੇ ਸ਼ਨਿੱਚਰਵਾਰ ਸ਼ਾਮ ਨੂੰ ਹੋਈ। ਮੀਟਿੰਗ ‘ਚ ਢੀਂਡਸਾ, ਰਵੀਇੰਦਰ ਅਤੇ ਬ੍ਰਹਮਪੁਰਾ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜੱਥੇਦਾਰ ਸੇਵਾ ਸਿੰਘ ਸੇਖਵਾਂ, ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ, ਅਕਾਲੀ ਦਲ 1920 ਦੇ ਯੂਥ ਆਗੂ ਤਜਿੰਦਰ ਸਿੰਘ ਪੰਨੂ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਵੀ ਸ਼ਾਮਲ ਸਨ। ਮੀਟਿੰਗ ਵਿਚ ਇਸ ਗੱਲ ਤੇ ਸਹਿਮਤੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਤੋਂ ਬਾਦਲਾਂ ਦਾ ਕਬਜ਼ਾ ਖਤਮ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇ। ਇਸ ਗੱਲ ‘ਤੇ ਵੀ ਸਹਿਮਤੀ ਬਣੀ ਹੈ ਕਿ ਬਾਦਲਾਂ ਵਿਰੋਧੀ ਮੁਹਿੰਮ ‘ਚ ਬੈਂਸ ਭਰਾਵਾਂ, ਸੁਖਪਾਲ ਖਹਿਰਾ ਅਤੇ ਧਰਮਵੀਰ ਗਾਂਧੀ ਦੇ ਗਰੁੱਪਾਂ ਨੂੰ ਵੀ ਨਾਲ ਲੈਣ ਦਾ ਯਤਨ ਕੀਤਾ ਜਾਵੇ।

Real Estate