ਕੀ ਦਿੱਲੀ ਗੈਂਗਰੇਪ ਕਾਂਡ ਦੇ ਦੋਸ਼ੀਆਂ ਨੂੰ ਜਲਦ ਹੋਵੇਗੀ ਫਾਂਸੀ ?

1113

ਦਿੱਲੀ ਦੇ ਨਿਰਭੈਆ ਸਮੂਹਕ ਬਲਾਤਕਾਰ ਕਾਂਡ ਦੇ ਚਾਰ ਦੋਸ਼ੀਆਂ ਨੂੰ ਛੇਤੀ ਹੀ ਫਾਂਸੀ ਦੇਣ ਦੀ ਮੰਗ ਹੋ ਰਹੀ ਹੈ । ਇਸੇ ਦੌਰਾਨ ਖ਼ਬਰਾਂ ਚੱਲ ਰਹੀਆਂ ਹਨ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਹੁਣ ਇਸ ਲਈ ਜੱਲਾਦ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੀ ਤਿਹਾੜ ਜੇਲ੍ਹ ’ਚ ਕੋਈ ਜੱਲਾਦ ਨਾ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਜੱਲਾਦ ਮੁਹੱਈਆ ਕਰਵਾਉਣ ਲਈ ਦੇਸ਼ ਦੀਆਂ ਹੋਰ ਜੇਲ੍ਹਾਂ ਨਾਲ ਸੰਪਰਕ ਕੀਤਾ ਹੈ। ਨਿਰਭੈਆ ਦੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਫਾਂਹੇ ਲਾਉਣ ਲਈ ਹੁਣ ਉੱਤਰ ਪ੍ਰਦੇਸ਼ ਦੇ ਜੇਲ੍ਹ ਪ੍ਰਸ਼ਾਸਨ ਨਾਲ ਗ਼ੈਰ–ਰਸਮੀ ਗੱਲਬਾਤ ਚੱਲ ਰਹੀ ਹੈ। ਖ਼ਬਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਕ ਕੋਵਿੰਦ ਨੂੰ ਸਿਫ਼ਾਰਸ਼ ਕੀਤੀ ਸੀ ਕਿ 23 ਸਾਲਾ ਪੈਰਾ–ਮੈਡੀਕਲ ਵਿਦਿਆਰਥਣ ਨਾਲ ਬਲਾਤਕਾਰ ਕਰ ਕੇ ਉਸ ਦਾ ਕਤਲ ਕਰਨ ਦੇ ਮਾਮਲੇ ਦੇ ਇੱਕ ਦੋਸ਼ੀ ਵਿਨੇ ਸ਼ਰਮਾ ਦੀ ਰਹਿਮ ਦੀ ਪਟੀਸ਼ਨ ਰੱਦ ਕਰ ਦਿੱਤੀ ਜਾਵੇ। ਉਸ ਤੋਂ ਇੱਕ ਦਿਨ ਪਹਿਲਾਂ ਨਿਰਭਯਾ ਕਾਂਡ ਦੇ ਦੋਸ਼ੀ ਵਿਨੇ ਸ਼ਰਮਾ ਨੇ ਸਨਿੱਚਰਵਾਰ ਨੂੰ ਰਾਸ਼ਟਰਪਤੀ ਕੋਲ ਇੱਕ ਪਟੀਸ਼ਨ ਭੇਜ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਗ੍ਰਹਿ ਮੰਤਰਾਲੇ ਨੇ ਉਸ ਦੀ ਜੋ ਰਹਿਮ ਪਟੀਸ਼ਨ ਭੇਜੀ ਹੈ, ਉਸ ਨੂੰ ਤੁਰੰਤ ਵਾਪਸ ਕਰ ਦੇਣ। ਵਿਨੇ ਸ਼ਰਮਾ ਨੇ ਆਪਣੀ ਤਾਜ਼ਾ ਪਟੀਸ਼ਨ ਵਿੱਚ ਆਖਿਆ ਸੀ ਕਿ ਜੋ ਰਹਿਮ ਪਟੀਸ਼ਨ ਗ੍ਰਹਿ ਮੰਤਰਾਲੇ ਵੱਲੋਂ ਰਾਸ਼ਟਰਪਤੀ ਨੂੰ ਭੇਜੀ ਗਈ ਹੈ, ਉਸ ਵਿੱਚ ਨਾ ਤਾਂ ਉਸ ਦੇ ਦਸਤਖ਼ਤ ਹਨ ਤੇ ਨਾ ਹੀ ਉਸ ਵੱਲੋਂ ਅਧਿਕਾਰਤ ਹਨ, ਇਸ ਲਈ ਰਾਸ਼ਟਰਪਤੀ ਉਸ ਨੂੰ ਵਾਪਸ ਕਰ ਦੇਣ।
16 ਦਸੰਬਰ, 2012 ਦੀ ਰਾਤ ਨੂੰ ਇਸ ਸਮੂਹਕ ਬਲਾਤਕਾਰ ਦੇ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇੱਕ ਮੁਲਜ਼ਮ ਸੁਣਵਾਈ ਦੌਰਾਨ ਪਹਿਲਾਂ ਹੀ ਖ਼ੁਦਕੁਸ਼ੀ ਕਰ ਚੁੱਕਿਆ ਹੈ। ਇੱਕ ਦੋਸ਼ੀ ਨੂੰ ਨਾਬਾਲਗ਼ ਹੋਣ ਕਾਰਨ ਤਿੰਨ ਸਾਲ ਸੁਧਾਰ–ਘਰ ’ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ 12 ਦਸੰਬਰ, 2018 ਨੂੰ ਉਸ ਦੀ ਜਨਹਿਤ ਪਟੀਸ਼ਨ ਰੱਦ ਕਰ ਦਿੱਤੀ ਸੀ। ਉਸ ਵਿੱਚ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਦੋਸ਼ੀਆਂ ਮੁਕੇਸ਼, ਪਵਨ, ਵਿਨੇ ਅਤੇ ਅਕਸ਼ੇ ਨੂੰ ਮਿਲੀ ਫਾਂਸੀ ਦੀ ਸਜ਼ਾ ਉੱਤੇ ਅਮਲ ਕਰਨ ਦੀ ਹਦਾਇਤ ਦੇਣ ਦੀ ਮੰਗ ਕੀਤੀ ਗਈ ਸੀ।

Real Estate