ਹੈਦਰਾਬਾਦ ਇਨਕਾਊਂਟਰ ਮਾਮਲੇ ‘ਚ 9 ਦਸੰਬਰ ਤਕ ਲਾਸ਼ਾਂ ਸੁਰੱਖਿਅਤ ਰੱਖਣ ਦੇ ਹੁਕਮ

888

ਹੈਦਰਾਬਾਦ ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਰੇਪ ਅਤੇ ਕਤਲ ਦੇ ਚਾਰਾਂ ਮੁਲਜ਼ਮਾਂ ਦੀਆਂ ਲਾਸ਼ਾਂ ਨੂੰ 9 ਦਸੰਬਰ ਤੱਕ ਸੁਰੱਖਿਅਤ ਰੱਖਣ ਦਾ ਤੇਲੰਗਾਨਾ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਚਾਰੇ ਲਾਸ਼ਾਂ ਸੂਬਾ ਸਰਕਾਰ 9 ਦਸੰਬਰ ਰਾਤ 8 ਵਜੇ ਤੱਕ ਸੁਰੱਖਿਅਤ ਰੱਖੇ। ਹਾਈ ਕੋਰਟ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕਰੇਗਾ। ਪੁਲਿਸ ਮੁਤਾਬਿਕ ਇਨ੍ਹਾਂ ਚਾਰੇ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼ (26), ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਦੀ ਉਮਰ 20 ਸਾਲ ਹੈ। ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ। ਪ੍ਰੈੱਸ ਕਾਨਫਰੰਸ ਦੌਰਾਨ ਵੀਸੀ ਸੱਜਨਾਰ ਨੇ ਕਿਹਾ ਕਿ ਪੁਲਿਸ ਹਿਰਾਸਤ ਮਿਲਣ ਤੋਂ ਬਾਅਦ 4 ਅਤੇ 5 ਦਸੰਬਰ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਸੀ। 6 ਦਸੰਬਰ ਦੀ ਸਵੇਰੇ 10 ਪੁਲਿਸ ਮੁਲਾਜ਼ਮਾਂ ਦੀ ਟੀਮ ਸੀਨ ਰਿਕ੍ਰਿਏਟ ਕਰਨ ਗਈ ਸੀ। ਇਸ ਦੌਰਾਨ ਮੁਹੰਮਦ ਆਰਿਫ਼ ਅਤੇ ਚੇਨਾਕੇਸ਼ਾਵੁਲੂ ਨੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਬੰਦੂਕਾਂ ਖੋਹ ਲਈਆਂ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਮਹੁੰਮਦ ਆਰਿਫ਼ ਨੇ ਸੱਭ ਤੋਂ ਪਹਿਲਾਂ ਗੋਲੀ ਚਲਾਈ, ਜਿਸ ‘ਚ ਇੱਕ ਸਬ ਇੰਸਪੈਕਟਰ ਅਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਚਾਰੇ ਮੁਲਜ਼ਮ ਮਾਰੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਡੀ।ਐਨ।ਏ। ਟੈਸਟ ਵੀ ਕੀਤਾ ਗਿਆ ਹੈ। ਇਹ ਸਾਰੇ ਮੁਲਜ਼ਮ ਕਰਨਾਟਕ-ਤੇਲੰਗਾਨਾ ‘ਚ ਕਈ ਮਾਮਲਿਆਂ ਵਿੱਚ ਦੋਸ਼ੀ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਚਿਤਾਵਨੀ ਦਿੱਤੀ ਸੀ ਅਤੇ ਆਤਮ ਸਮਰਪਣ ਕਰਨ ਲਈ ਵੀ ਕਿਹਾ ਸੀ ਪਰ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਇਹੀ ਕਾਰਨ ਸੀ ਕਿ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ਦਾ ਮੋਬਾਈਲ ਇਨ੍ਹਾਂ ਲੋਕਾਂ ਨੇ ਲੁਕਾ ਦਿੱਤਾ ਸੀ, ਜਿਸ ਦੀ ਤਲਾਸ਼ ਕਰਨੀ ਸੀ ਅਤੇ ਵਾਰਦਾਤ ਵਾਲੀ ਥਾਂ ਤੋਂ ਸਾਈਂਟਿਫਿਕ ਸਬੂਤ ਵੀ ਇਕੱਤਰ ਕਰਨੇ ਸਨ।

Real Estate