ਪਿਛਲੇ ਸਾਲ ਦੇ ਮੁਕਾਬਲੇ , ਇਸ ਸਾਲ ਨਰਮੇ ਦਾ ਝਾੜ ਵਧਿਆ ਤੇ ਝੋਨੇ ਦਾ ਝਾੜ ਘਟਿਆ

922

ਸ੍ਰੀ ਮੁਕਤਸਰ ਸਾਹਿਬ 7 ਦਸੰਬਰ ( ਕੁਲਦੀਪ ਸਿੰਘ ਘੁਮਾਣ ) ਸਥਾਨਕ ਅਨਾਜ ਮੰਡੀ ਵਿੱਚ ਇਸ ਸਾਲ 6 ਦਸੰਬਰ ਤੱਕ 53767 ਕੁਵਿੰਟਲ ਨਰਮੇ ਦੀ ਖਰੀਦ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ ਇਸੇ ਹੀ ਤਾਰੀਖ ਤੱਕ 40837 ਕੁਵਿੰਟਲ ਨਰਮੇ ਦੀ ਖਰੀਦ ਕੀਤੀ ਗਈ ਸੀ। ਇਨ੍ਹਾਂ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 12930 ਕਵਿੰਟਲ ਨਰਮੇ ਦੀ ਵੱਧ ਖਰੀਦ ਕੀਤੀ ਗਈ ਹੈ ਜਦੋਂ ਕਿ ਅਜੇ ਤੱਕ ਨਰਮੇ ਦੀ ਤਕਰੀਬਨ ਇੱਕ ਚੁਗਾਈ ਦਾ ਨਰਮਾ ਜ਼ਿਮੀਂਦਾਰਾਂ ਵੱਲੋਂ ਮੰਡੀਆਂ ਵਿੱਚ ਲਿਆਉਂਣਾ ਬਾਕੀ ਹੈ। ਅਗਰ ਝੋਨੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ 1,88,482.384/- ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ 6 ਦਸੰਬਰ ਤੱਕ 2,61,775.65 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਇਨ੍ਹਾਂ ਅੰਕੜਿਆਂ ਅਨੁਸਾਰ ਇਸ ਸਾਲ ਝੋਨੇ ਦਾ ਝਾੜ 73293.266 ਮੀਟ੍ਰਿਕ ਟਨ ਘੱਟ ਹੋਇਆ ਹੈ। ਇਨ੍ਹਾਂ ਅੰਕੜਿਆਂ ਉੱਪਰ ਝਾਤ ਮਾਰੀਏ ਤਾਂ ਇਹ ਗੱਲ ਚਿੱਟੇ ਦੁੱਧ ਵਾਂਗ ਸਾਫ ਨਜ਼ਰ ਆਉਂਦੀ ਹੈ ਕਿ ਦਿਨੋ-ਦਿਨ ਧਰਤੀ ਹੇਠਲੇ ਘਟਦੇ ਪਾਣੀ , ਪਰਾਲੀ ਦੀ ਸਮੱਸਿਆ ਤੇ ਝੋਨੇ ਵਾਲੀਆਂ ਜ਼ਮੀਨਾਂ ਦੇ ਬੇ-ਤਹਾਸੇ ਵਧੇ ਹੋਏ ਠੇਕੇ ਅਤੇ ਘੱਟ ਆਮਦਨ ਤੋਂ ਕਿਸਾਨੀ ਨੇ ਮੂੰਹ ਮੋੜ ਲਿਆ ਹੈ। ਝੋਨੇ ਦੇ ਮੁਕਾਬਲੇ ਨਰਮੇ ਦੀ ਫਸਲ ਦੇ ਵੱਧ ਝਾੜ, ਘੱਟ ਠੇਕੇ ਤੇ ਵਧੀਆ ਭਾਅ ਨੇ, ਕਿਸਾਨਾਂ ਨੂੰ ਸੋਚਣ ਸਮਝਣ ਲਈ ਮਜ਼ਬੂਰ ਕੀਤਾ ਹੈ। ਨਰਮੇ ਦੀ ਫ਼ਸਲ ਤੋਂ ਗਰੀਬ ਪ੍ਰੀਵਾਰਾਂ ਨੂੰ ਵੀ ਰਾਹਤ ਮਿਲੀ ਹੈ ਜਿੰਨ੍ਹਾਂ ਨੂੰ ਛੇ ਮਹੀਨੇ ਦਾ ਕੰਮ, ਪੱਠਾ ਨੀਰਾ ਅਤੇ ਬਾਲਣ ਲਈ ਛਟੀਆਂ ਨਸੀਬ ਹੋਈਆਂ ਹਨ।

Real Estate