ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਸ੍ਰੀ ਨਗਰ ਦੇ ਲਾਲ ਚੌਂਕ ਵਿੱਚ ਮਨਾਵਾਂਗੇ- ਸਿਮਰਨਜੀਤ ਸਿੰਘ ਮਾਨ

1000

ਬਠਿੰਡਾ/ 7 ਦਸੰਬਰ/ ਬਲਵਿੰਦਰ ਸਿੰਘ ਭੁੱਲਰ

ਕਸਮੀਰ ਇਸ ਦੇਸ਼ ਦਾ ਅਜਿਹਾ ਖੇਤਰ ਹੈ, ਜਿੱਥੇ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਜਿਆਦਾ ਘਾਣ ਹੋ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 10 ਦਸੰਬਰ ਦੇ ਦਿਨ ਸ੍ਰੀ ਨਗਰ ਦੇ ਲਾਲ ਚੌਂਕ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ: ਮਾਨ ਨੇ ਕਿਹਾ ਕਿ ਮੋਦੀ ਹਕੂਮਤ ਦੇ ਦੌਰ ’ਚ ਸਭ ਤੋਂ ਜਿਆਦਾ ਬੇਇਨਸਾਫੀ ਘੱਟਗਿਣਤੀਆਂ ਨਾਲ ਹੋ ਰਹੀ ਹੈ। ਇਹ ਸਪਸਟ ਹੋਣ ਦੇ ਬਾਵਜੂਦ ਕਿ 1949 ਵਿੱਚ ਬਾਬਰੀ ਮਸਜਿਦ ਵਿਖੇ ਚੋਰੀ ਛੁਪੇ ਮੂਰਤੀਆਂ ਰੱਖਣ ਤੋਂ ਇਲਾਵਾ 27 ਵਰ੍ਹੇ ਪਹਿਲਾਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਨੇਸ ਤੋਂ ਨਾਬੂਦ ਕੀਤਾ ਗਿਆ ਸੀ, ਸਬੰਧਤ ਜਗਾਹ ਮੁਸਲਮਾਨਾਂ ਦੀ ਬਜਾਏ ਹਿੰਦੂ ਭਾਈਚਾਰੇ ਨੂੰ ਦੇਣ ਦਾ ਸੁਪਰੀਮ ਕੋਰਟ ਵੱਲੋਂ ਫੈਸਲਾ ਆ ਗਿਆ। ਇਸ ਫੈਸਲੇ ਦੇ ਨਤੀਜੇ ਘੱਟ ਗਿਣਤੀਆਂ ਲਈ ਬਹੁਤ ਹੀ ਭਿਆਨਕ ਹੋਣਗੇ, ਕਿਉਂਕਿ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਵੇਲੇ ਇਹ ਨਾਅਰੇ ਬੁ¦ਦ ਕੀਤੇ ਗਏ ਸਨ, ਅਯੁਧਿਆ ਤੋ ਇੱਕ ਝਾਕੀ ਹੈ, ਮਥਰਾ ਕਾਂਸੀ ਬਾਕੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ ਪੁਰਬ ਤੋਂ ਐਨ ਪਹਿਲਾਂ ਹਾਲਾਂਕਿ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂਆਂ ਵੱਲੋਂ ਵਾਰ ਵਾਰ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਉਹਨਾਂ ਦੇ ਯਤਨਾਂ ਸਦਕਾ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਵੀ ਮੁਆਫ਼ ਕਰ ਦਿੱਤੀ ਜਾਵੇਗੀ। ਪਰੰਤੂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਇਸ ਬਿਆਨ ਕਿ ਰਾਜੋਆਣਾ ਦੀ ਫਾਂਸੀ ਦੀ ਸਜਾ ਬਰਕਰਾਰ ਹੈ, ਤੋਂ ਇਹ ਸਪਸਟ ਹੋ ਗਿਐ ਕਿ ਹਾਥੀ ਦੇ ਦੰਦ ਖਾਣ ਲਈ ਹੋਰ ਤੇ ਦਿਖਾਉਣ ਲਈ ਹੋਰ ਹਨ।
ਉਹਨਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਅਫ਼ਜਲ ਗੁਰੂ ਦੀ ਤਰਜ ਤੇ ਕਿਸੇ ਵੇਲੇ ਵੀ ਕੇਂਦਰ ਸਰਕਾਰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਸਕਦੀ ਹੈ, ਜੋ ਸਿੱਖ ਭਾਈਚਾਰੇ ਲਈ ਅਕਹਿ ਤੇ ਅਸਹਿ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਾਬੜਤੋੜ ਹਮਲੇ ਕਰਦਿਆਂ ਸ੍ਰ: ਮਾਨ ਨੇ ਕਿਹਾ ਕਿ ਕਰੀਬ ਇੱਕ ਵਰ੍ਹਾ ਪਹਿਲਾਂ ਆਪਣੇ ਵਜ਼ੀਰਾਂ ਰਾਹੀਂ ਬਰਗਾੜੀ ਦੇ ਮੋਰਚੇ ’ਚ ਉਹਨਾਂ ਇਹ ਵਿਸਵਾਸ ਦੁਆਇਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜੁਮੇਵਾਰ ਸਾਰੇ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇਗਾ, ਪਰੰਤੂ ਅੱਜ ਤੱਕ ਇਸ ਦਿਸ਼ਾ ਵਿੱਚ ਇੱਕ ਕਦਮ ਵੀ ਨਹੀਂ ਚੁੱਕਿਆ ਗਿਆ।
ਸ੍ਰ: ਮਾਨ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦਲ ਖਾਲਸਾ ਅਤੇ ਯੂਨਾਈਟਿਡ ਅਕਾਲੀ ਦਲ (ਗੁਰਦੀਪ ਬਠਿੰਡਾ) ਨਾਲ ਮਿਲ ਕੇ ਦਸ ਦਸੰਬਰ ਨੂੰ ਕਸਮੀਰ ਦੀ ਰਾਜਧਾਨੀ ਸ੍ਰੀ ਨਗਰ ਦੇ ਲਾਲ ਚੌਂਕ ਵਿਖੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਵੇਗੀ। ਇਸਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਔਰੰਗਜੇਬ ਵੱਲੋਂ ਜਬਰੀ ਧਰਮ ਤਬਦੀਲ ਕਰਵਾਉਣ ਸਬੰਧੀ ਕਸਮੀਰੀ ਪੰਡਤਾਂ ਦੀ ਬੇਨਤੀ ਤੇ ਨੌਵੀਂ ਪਾਤਸ਼ਾਹੀ ਨੇ ਦਿੱਲੀ ਵਿਖੇ ਕੁਰਬਾਨੀ ਦਿੱਤੀ ਸੀ। ਇਸ ਮੌਕੇ ਗੁਰਦੀਪ ਸਿੰਘ,ਗੁਰਸੇਵਕ ਸਿੰਘ ਜਵਾਹਰਕੇ ਤੇ ਪ੍ਰੋ: ਮਹਿੰਦਰਪਾਲ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਜੰਟ ਸਿੰਘ ਕੱਟੂ, ਰਜਿੰਦਰ ਸਿੰਘ ਜਵਾਹਰਕੇ, ਅਮ੍ਰਿੰਤਪਾਲ ਸਿੰਘ ਛੰਦੜਾ, ਸਿਮਰਨਜੋਤ ਸਿੰਘ ਖਾਲਸਾ, ਸੁਖਦੇਵ ਸਿੰਘ ਕਾਲਾ ਵੀ ਮੌਜੂਦ ਸਨ।

Real Estate