ਯੂਪੀ ’ਚ ਰੇਪ ਪੀੜਤ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼, 4 ਗ੍ਰਿਫ਼ਤਾਰ

822

ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਰੇਪ ਪੀੜਤ ਇੱਕ ਕੁੜੀ ਨੂੰ ਮੁਲਜ਼ਮਾਂ ਨੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ਵਿੱਚ ਕੁੜੀ ਨੂੰ ਲਖਨਊ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ। ਉਨਾਓ ਪੁਲਿਸ ਦੇ ਐੱਸਪੀ ਵਿਕਰਾਂਤ ਵੀਰ ਨੇ ਮੀਡੀਆ ਨੂੰ ਦੱਸਿਆ ਕਿ ਕੁੜੀ ਨੇ ਇਸੇ ਸਾਲ ਮਾਰਚ ਵਿੱਚ ਦੋ ਲੋਕਾਂ ਦੇ ਖ਼ਿਲਾਫ਼ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਕਿਹਾ, “ਸਾਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਬਿਹਾਰ ਥਾਣਾ ਖੇਤਰ ਵਿੱਚ ਇਹ ਘਟਨਾ ਹੋਈ ਹੈ। ਪੀੜਤ ਕੁੜੀ ਨੇ ਹਸਪਤਾਲ ਵਿੱਚ ਮੁਲਜ਼ਮਾਂ ਦੇ ਨਾਂ ਦੱਸੇ।” “ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋ ਲੋਕਾਂ ਦੀ ਭਾਲ ਲਈ ਟੀਮ ਬਣਾ ਦਿੱਤੀ ਗਈ ਹੈ। ਜਲਦੀ ਹੀ ਬਾਕੀ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ।” ਹਾਲਾਂਕਿ ਕੁਝ ਦੇਰ ਬਾਅਦ ਪੁਲਿਸ ਆਈਜੀ ਐੱਸਕੇ ਭਗਤ ਨੇ ਮੀਡੀਆ ਨੂੰ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰ ਤੋਂ ਹੀ ਗ੍ਰਿਫ਼ਤਾਕਰ ਕਰ ਲਿਆ ਗਿਆ ਹੈ। ਚੌਥੇ ਮੁਲਜ਼ਮ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਆਈਜੀ ਅਨੁਸਾਰ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਆਈਜੀ ਐੱਸਕੇ ਭਗਤ ਨੇ ਦੱਸਿਆ, “ਪੀੜਤ ਕੁੜੀ ਨੇ ਜਿਨ੍ਹਾਂ ਲੋਕਾਂ ਨੂੰ ਮੁਲਜ਼ਮ ਬਣਾਇਆ ਹੈ ਉਨ੍ਹਾਂ ਵਿੱਚ ਉਹ ਮੁੰਡਾ ਵੀ ਸ਼ਾਮਿਲ ਹੈ ਜਿਸ ਦੇ ਖਿਲਾਫ਼ ਪੀੜਤ ਕੁੜੀ ਨੇ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾਇਆ ਸੀ।” “ਇਹ ਮੁੰਡਾ ਜੇਲ੍ਹ ਵੀ ਗਿਆ ਸੀ ਅਤੇ ਕੁਝ ਦਿਨਾਂ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਹੈ। ਪੀੜਤ ਪਰਿਵਾਰ ਨੇ ਕਿਸ ਤਰੀਕੇ ਦੀ ਧਮਕੀ ਦੀ ਸੂਚਨਾ ਨਹੀਂ ਦਿੱਤੀ ਸੀ। ਬਾਕੀ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।”
ਉਨਾਓ ਵਿੱਚ ਇਸ ਤੋਂ ਪਹਿਲਾਂ ਵੀ ਦੂਜੇ ਮਾਮਲੇ ‘ਚ ਰੇਪ ਪੀੜਤ ਇੱਕ ਕੁੜੀ ਨੂੰ ਕਥਿਤ ਤੌਰ ‘ਤੇ ਟਰੱਕ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਸਥਾਨਕ ਵਿਧਾਇਕ ਕੁਲਦੀਪ ਸੇਂਗਰ ਸਣੇ ਕੁਝ ਹੋਰ ਲੋਕ ਜੇਲ੍ਹ ਵਿੱਚ ਬੰਦ ਹਨ।

Real Estate