ਟਰੰਪ ਵਿਰੁੱਧ ਚੱਲੇਗਾ ਮਹਾਂਦੋਸ਼ ਦਾ ਮੁਕੱਦਮਾ

3319

ਅਮਰੀਕੀ ਪ੍ਰਤੀਨਿਧ ਸਦਨ ਦੇ ਸਪੀਕਰ ਨੈਂਸੀ ਪੈਲੋਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੋਧ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵੀਰਵਾਰ ਨੂੰ ਨੈਂਸੀ ਪੈਲੋਸੀ ਨੇ ਐਲਾਨ ਕੀਤਾ ਕਿ ਪ੍ਰਤੀਨਿਧ ਸਦਨ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦੀ ਪ੍ਰਕਿਰਿਆ ਅੱਗੇ ਵਧਾਉਣ ਦੀ ਤਿਆਰੀ ਕਰੇ।ਉਨ੍ਹਾਂ ਕਿਹਾ ਕਿ – ‘ਰਾਸ਼ਟਰਪਤੀ ਡੋਨਾਲਡ ਟਰੰਪ ਸਾਡੇ ਲੋਕਤੰਤਰ ਲਈ ਖ਼ਤਰਾ ਹੈ ਤੇ ਸਾਡੇ ਸਾਹਮਣੇ ਉਨ੍ਹਾਂ ਵਿਰੁੱਧ ਮਹਾਂਦੋਸ਼ ਚਲਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।’
ਟਰੰਪ ਇਸ ਵੇਲੇ ਤਿੰਨ ਦਿਨਾਂ ਲਈ ਇੰਗਲੈਂਡ ਦੇ ਦੌਰੇ ’ਤੇ ਹਨ। ਪਰ ਉਨ੍ਹਾਂ ਇਸ ਕਾਰਵਾਈ ਦੇ ਜਵਾਬ ’ਚ ਕਿਹਾ ਕਿ ਉਹ ਮਹਾਂਦੋਸ਼ ਵਿਰੁੱਧ ਜੰਗ ਵਿੱਚ ਜਿੱਤਣਗੇ। ਟਰੰਪ ਨੇ ਕਿਹਾ ਕਿ ਬੁੱਧਵਾਰ ਨੂੰ ਸਦਨ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਐੱਮਪੀਜ਼ ਲਈ ਮਾੜਾ ਦਿਨ ਸੀ। ਉਨ੍ਹਾਂ ਕੋਲ ਮਹਾਂਦੋਸ਼ ਦਾ ਕੋਈ ਮਾਮਲਾ ਨਹੀਂ ਹੈ ਤੇ ਉਹ ਦੇਸ਼ ਨੂੰ ਬਦਨਾਮ ਕਰ ਰਹੇ ਹਨ।ਟਰੰਪ ਨੇ ਕਿਹਾ ਕਿ ਅਜਿਹੇ ਮਹਾਂਦੋਸ਼ਾਂ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਡੈਮੋਕ੍ਰੈਟਸ ਪਾਗ਼ਲ ਹੋ ਗਏ ਹਨ। ‘ਇਸ ਲਈ ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਮੇਰੇ ਵਿਰੁੱਧ ਮਹਾਂਦੋਸ਼ ਚਲਾਉਣ ਜਾ ਰਹੇ ਹੋ, ਤਾਂ ਤੁਸੀਂ ਇਹ ਛੇਤੀ ਕਰੋ ਤਾਂ ਜੋ ਅਸੀਂ ਸੈਨੇਟ ਵਿੱਚ ਇਸ ਦੀ ਨਿਰਪੱਖ ਸੁਣਵਾਈ ਕਰ ਸਕੀਏ ਤੇ ਦੇਸ਼ ਵਿੱਚ ਕੰਮਕਾਜ ਆਮ ਵਾਂਗ ਹੋ ਸਕੇ।’ ਟਰੰਪ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਉਨ੍ਹਾਂ ਵਿਰੁੱਧ ਮਹਾਂਦੋਸ਼ ਚਲਾਉਣ ਦਾ ਸਿਰਫ਼ ਐਲਾਨ ਹੀ ਕਰ ਸਕਦੇ ਹਨ। ਇੱਥੇ ਸਭ ਤੋਂ ਵਧੀਆ ਗੱਲ ਇਹੋ ਹੈ ਕਿ ਰੀਬਪਲਿਕਨ ਪਾਰਟੀ ਦੇ ਆਗੂ ਇਸ ਮੁੱਦੇ ’ਤੇ ਕੋਈ ਹੁੰਗਾਰਾ ਨਹੀਂ ਦੇ ਰਹੇ। ਉਨ੍ਹਾਂ ਦੁਹਰਾਇਆ ਕਿ ਮਹਾਂਦੋਸ਼ ਵਿਰੁੱਧ ਜੰਗ ਉਹੀ ਜਿੱਤਣਗੇ।

Real Estate