ਬਲਾਤਕਾਰ – ਕਾਰਨ ਤੇ ਸਜ਼ਾ

ਹਰਮੀਤ ਬਰਾੜ

ਬਲਾਤਕਾਰ ਇਸ ਮੁਲਕ ਵਿਚ ਕੋਈ ਪਹਿਲੀ ਵਾਰ ਹੋਈ ਦੁਰਘਟਨਾ ਨਹੀਂ। ਕੁਝ ਕੁ ਆਸਿਫਾ, ਜੋਤੀ (ਨਿਰਭਇਆ) ਜਾਂ ਡਾ। ਪ੍ਰਿਅੰਕਾ ਸਾਹਮਣੇ ਆ ਜਾਂਦੀਆਂ ਨੇ ਤੇ ਹਜ਼ਾਰਾਂ ਨਹੀਂ ਲੱਖਾਂ, ਕਰੋੜਾਂ ਜੋ ਸਾਹਮਣੇ ਨਹੀਂ ਆਉਂਦੀਆਂ। ਅਨੇਕਾਂ ਜੋ ਆਪਣੇ ਹੀ ਰਿਸ਼ਤੇਦਾਰਾਂ ਹੱਥੋਂ ਘਰਾਂ ਵਿਚ ਹੀ ਬਲਾਤਕਾਰ ਦੀਆਂ ਸ਼ਿਕਾਰ ਹੁੰਦੀਆਂ ਨੇ ਤੇ ਆਵਾਜ਼ ਵੀ ਆਪਣਿਆਂ ਵਲੋਂ ਈ ਦਬਾਅ ਲਈ ਜਾਂਦੀ ਹੈ ਕਿਉਂਕਿ ਮਸਲਾ ਇੱਜ਼ਤ ਦਾ ਹੈ।ਮੈਂ ਜਦੋਂ ਜਦੋਂ ਵੀ ਬਲਾਤਕਾਰ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸਮਝ ਆਇਆ ਕਿ ਇਹ ਸਾਡੇ ਸਮਾਜ ਦੀ ਬਣਤਰ ਵਿਚ ਹੀ ਪਏ ਨੇ। ਜਿਸ ਸਮਾਜ ਵਿਚ ਅਸੀਂ ਆਪਣੇ ਮੁੰਡਿਆਂ ਨੂੰ ਸਖਤ ਤੇ ਮਰਦ ਹੰਕਾਰ ਨਾਲ ਭਰੇ ਹੋਏ ਬਣਾਉਨੇ ਆਂ, ਜਿੱਥੇ ਕੁੜੀਆਂ ਨੂੰ ਸਿਰਫ ਕੋਮਲਤਾ ਤੇ ਵਿਚਾਰੇ ਬਣੇ ਰਹਿਣਾ ਸਿਖਾਇਆ ਜਾਂਦਾ ਹੈ। ਜਿਸ ਸਮਾਜ ਵਿਚ ਸੈਕਸ ਐਜੂਕੇਸ਼ਨ ਨਾਮ ਦੀ ਕੋਈ ਚੀਜ਼ ਮੌਜੂਦ ਨਹੀਂ ਬਲਕਿ ਸਕੂਲ ਪੜਦਿਆਂ ਰੀ ਪ੍ਰੋਡਕਸ਼ਨ ਦਾ ਚੈਪਟਰ ਗੈਰ ਜਰੂਰੀ ਕਹਿ ਕੇ ਛੁਡਾ ਦਿੱਤਾ ਜਾਂਦਾ ਹੈ ਕਿਉਂਕਿ ਅਧਿਆਪਕ ਉਸ ਵਿਸ਼ੇ ਤੇ ਖੁੱਲ ਕੇ ਬੋਲਣ ਤੋਂ ਗੁਰੇਜ਼ ਕਰਦੇ ਨੇ ਜਾਂ ਮੈਂ ਕਹੂੰਗੀ ਕਿ ਉਹ ਅਧਿਆਪਕ ਹੋਣ ਦੇ ਕਾਬਿਲ ਹੀ ਨਹੀਂ। ਜਿੱਥੇ ਕੁੜੀਆਂ ਦੀ ਮਾਹਵਾਰੀ ਨੂੰ ਇੱਕ ਛੁਪਾਉਣ ਦਾ ਵਿਸ਼ਾ ਬਣਾ ਦਿੱਤਾ ਜਾਵੇ। ਅਜਿਹੇ ਮਾਨਸਿਕ ਬਿਮਾਰ ਸਮਾਜ ਵਿਚ ਤੁਸੀਂ ਸਿਹਤਮੰਦ ਪੁਰਖ ਦੀ ਹੋਂਦ ਦੀ ਉਮੀਦ ਕਿਵੇਂ ਰੱਖ ਸਕਦੇ ਓੰ?ਸਾਡੀ ਪਰਵਰਿਸ਼ ਸਵਾਲਾਂ ਦੇ ਘੇਰੇ ਵਿਚ ਹੈ। ਸਾਡੀ ਸੋਚ ਦਾ ਸੌੜਾਪਨ, ਸਾਡਾ ਅਖੌਤੀ ਗੌਰਵਮਈ ਇਤਿਹਾਸ ਜੋ ਦੇਵਦਾਸੀ ਵਰਗੀਆਂ ਪ੍ਰੰਪਰਾਵਾਂ ਨਾਲ ਭਰਿਆ ਪਿਆ ਹੈ। ਜਿੱਥੇ ਸੈਕਸ ਵਰਗੀ ਆਮ ਚੀਜ਼ ਨੂੰ ਹਊਆ ਬਣਾ ਕੇ ਲੋਕਾਂ ਦੇ ਧੁਰ ਅੰਦਰ ਦਿਮਾਗਾਂ ਵਿਚ ਵਾੜ ਦਿੱਤਾ ਗਿਆ। ਅੱਜ ਸਾਨੂੰ ਤਕਲੀਫ ਹੈ ਕਿ ਪ੍ਰਿਅੰਕਾ ਨਾਲ ਬੇਹੱਦ ਦਰਦਨਾਕ ਘਟਨਾ ਹੋਈ ਪਰ ਕੀ ਇਸ ਤੋਂ ਮਗਰੋਂ ਅਸੀਂ ਸਮਾਜ ਵਿਚ ਸੁਧਾਰ ਲਈ ਕੁਝ ਕਰਾਂਗੇ? ਕੀ ਅਸੀ ਆਪਣੀਆਂ ਕੁੜੀਆਂ ਨੂੰ ਦਲੇਰ ਬਣਾਵਾਂਗੇ? ਕੀ ਆਪਣੇ ਮੁੰਡਿਆਂ ਨੂੰ ਮਰਦ ਹੰਕਾਰ ਤੋਂ ਦੂਰ ਕਰਾਂਗੇ? ਨਹੀਂ, ਅਸੀਂ ਅਜਿਹਾ ਕੁਝ ਵੀ ਨਹੀਂ ਕਰਾਂਗੇ ਕਿਉਂਕਿ ਸਾਡੇ ਧਰਮ ਔਰਤ ਨੂੰ ਦੇਵੀ ਮੰਨਣਾ ਸਿਖਾਉੰਦੇ ਹਨ ਨਾ ਕਿ ਇਨਸਾਨ। ਇਹ ਸਭ ਦੁਬਾਰਾ ਵਾਪਰੇਗਾ, ਅਸੀਂ ਕੁਝ ਦਿਨ ਅਫਸੋਸ ਕਰਾਂਗੇ ਤੇ ਵਾਪਿਸ ਓਹੀ ਜ਼ਿੰਦਗੀ ਜਿਉਣ ਲਗਾਂਗੇ।ਸਜ਼ਾ ਦੀ ਗੱਲ ਕਰਦਿਆਂ ਅਸੀਂ ਸੁਣੀਆਂ ਸੁਣਾਈਆਂ ਸਾਊਦੀ ਮੁਲਕਾਂ ਦੀਆ ਉਦਾਹਰਣਾਂ ਦੇਣ ਲਗਦੇ ਆਂ ਪਰ ਕੀ ਅਸੀਂ ਕਦੇ ਉਨ੍ਹਾਂ ਮੁਲਕਾਂ ਵਿਚ ਔਰਤਾਂ ਨਾਲ ਹੁੰਦੇ ਵਤੀਰੇ ਬਾਰੇ ਜਾਣਿਆ? ਕੀ ਅਸੀਂ ਜਾਣਦੇ ਆਂ ਕਿ ਅੱਜ ਵੀ ਓਥੇ ਔਰਤਾਂ ਵੇਚੀਆਂ ਜਾਂ ਖਰੀਦੀਆਂ ਜਾਂਦੀਆ ਨੇ? ਨਹੀਂ, ਕਿਉਂਕਿ ਫੇਸਬੁੱਕ ਤੇ ਵਿਦਵਾਨ ਇਹ ਨਹੀਂ ਦਸਦੇ! ਉਨ੍ਹਾਂ ਨੇ ਤਾਂ ਸਿਰਫ ਸਜ਼ਾ ਦੀ ਗੱਲ ਦੱਸੀ। ਜਿਹੜੇ ਪੱਛਮੀ ਮੁਲਕਾਂ ਨੂੰ ਅਸੀਂ ਪਾਣੀ ਪੀ ਪੀ ਗਾਲ੍ਹਾਂ ਕੱਢਦੇ ਆਂ, ਉਨ੍ਹਾਂ ਮੁਲਕਾਂ ਨੂੰ ਅੱਜ ਤੱਕ ਪਹੁੰਚਣ ਲਈ ਬੜਾ ਸਮਾਂ ਲੱਗਿਆ ਹੈ। ਕੁਝ ਗੱਲਾਂ ਵਿਚ ਉਨ੍ਹਾਂ ਦੀ ਰੀਸ ਕਰਨੀ ਮਾੜੀ ਨਹੀਂ। ਸਜ਼ਾ ਬੇਸ਼ੱਕ ਜ਼ੀਰੋ ਟੌਲਰੈੰਸ ਹੀ ਹੋਣੀ ਚਾਹੀਦੀ ਹੈ ਪਰ ਫੇਰ ਵੀ ਇਹ ਆਖਰੀ ਪੜਾਅ ਨਹੀਂ ਹੋਵੇਗਾ ਕਿਉਂਕਿ ਗੁਨਾਹ ਕਰਨ ਵੇਲੇ ਇਨਸਾਨ ਇਹ ਸੋਚਦਾ ਹੈ ਕਿ ਉਹ ਕਦੇ ਵੀ ਫੜਿਆ ਨਹੀਂ ਜਾਵੇਗਾ। ਲੋੜ ਇਨਸਾਨ ਦੇ ਅੰਦਰੋਂ ਸ਼ੈਤਾਨ ਖਤਮ ਕਰਨ ਦੀ ਹੈ । ਲੋੜ ਇਹਨਾਂ ਵਿਸ਼ਿਆਂ ਤੇ ਗੱਲ ਕਰਨ ਦੀ ਹੈ ਤਾਂ ਜੋ ਸੁੱਣਖਾ ਸਮਾਜ ਸਿਰਜਿਆ ਜਾ ਸਕੇ। ਜੇ ਅੱਜ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਸਾਡੀਆਂ ਅਗਲੀਆਂ ਪੀੜੀਆਂ ਓਵੇਂ ਈ ਸਾਨੂੰ ਗਾਲ੍ਹਾਂ ਕੱਢਣੀਆਂ ਜਿਵੇ ਅਸੀਂ ਪਿਛਲੀਆਂ ਪ੍ਰੰਪਰਾਵਾਂ ਨੂੰ ਕੱਢਦੇ ਹਾਂ।

Real Estate