ਹਿੰਦੂਤਵ ਦੀ ਵਿਚਾਰਧਾਰਾ ਕਦੇ ਨਹੀਂ ਛੱਡਾਂਗਾ : ਊਧਵ ਠਾਕਰੇ

751

ਮਹਾਰਾਸ਼ਟਰ ਵਿਧਾਨ ਸਭਾ ‘ਚ ਦਵਿੰਦਰ ਫੜਨਵੀਸ ਦੇ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਦੇ ਐਲਾਨ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਾਬਕਾ ਮੁੱਖ ਮੰਤਰੀ ਫੜਨਵੀਸ ਦੇ ਚੋਣਾਂ ਤੋਂ ਪਹਿਲਾਂ ਕੀਤੇ ਦਾਅਵੇ ‘ਮੈਂ ਵਾਪਸ ਮੁੜਾਂਗਾ’ ‘ਤੇ ਵਿਅੰਗ ਕਸਿਆ। ਠਾਕਰੇ ਨੇ ਅਪਣੇ ਵਧਾਈ ਸੰਦੇਸ਼ ਵਿਚ ਕਿਹਾ, ‘ਮੈਂ ਕਦੇ ਨਹੀਂ ਕਿਹਾ ਕਿ ਮੈਂ ਵਾਪਸ ਮੁੜਾਂਗਾ ਪਰ ਮੈਂ ਇਸ ਸਦਨ ਵਿਚ ਆਇਆ।’ ਉਨ੍ਹਾਂ ਕਿਹਾ, ‘ਮੈਂ ਸਦਨ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਭਰੋਸਾ ਦੇ ਸਕਦਾ ਹਾਂ ਕਿ ਮੈਂ ਕੁੱਝ ਵੀ ਅੱਧੀ ਰਾਤ ਨੂੰ ਨਹੀਂ ਕਰਾਂਗਾ। ਮੈਂ ਲੋਕਾਂ ਦੇ ਹਿਤਾਂ ਲਈ ਕੰਮ ਕਰਾਂਗਾ।’ ਠਾਕਰੇ ਦੇ ਇਸ ਵਿਅੰਗ ਨੂੰ ਫੜਨਵੀਸ ਅਤੇ ਐਨਸੀਪੀ ਆਗੂ ਅਜੀਤ ਪਵਾਰ ਦੇ ਕੁੱਝ ਦਿਨ ਪਹਿਲਾਂ ਕਾਹਲੀ ਵਿਚ ਸਵੇਰੇ ਹੀ ਸਹੁੰ ਚੁੱਕਣ ਦੇ ਸੰਦਰਭ ਵਿਚ ਵੇਖਿਆ ਜਾ ਰਿਹਾ ਹੈ। ਠਾਕਰੇ ਨੇ ਕਿਹਾ ਕਿ ਉਹ ਫੜਨਵੀਸ ਨੂੰ ਵਿਰੋਧੀ ਧਿਰ ਦੇ ਆਗੂ ਨਹੀਂ ਸਗੋਂ ਜ਼ਿੰਮੇਵਾਰ ਨੇਤਾ ਕਹਿਣਗੇ। ਉਨ੍ਹਾਂ ਕਿਹਾ, ‘ਮੈਂ ਫੜਨਵੀਸ ਤੋਂ ਕਾਫ਼ੀ ਕੁੱਝ ਸਿਖਿਆ ਹੈ ਅਤੇ ਉਨ੍ਹਾਂ ਨਾਲ ਹਮੇਸ਼ਾ ਮੇਰੀ ਦੋਸਤੀ ਰਹੇਗੀ। ਮੈਂ ਅੱਜ ਵੀ ਹਿੰਦੂਤਵ ਦੀ ਵਿਚਾਰਧਾਰਾ ਨਾਲ ਹਾਂ ਅਤੇ ਇਸ ਨੂੰ ਕਦੇ ਨਹੀਂ ਛੱਡਾਂਗਾ। ਪਿਛਲੇ ਪੰਜ ਸਾਲਾਂ ਵਿਚ ਮੈਂ ਭਾਜਪਾ ਤੇ ਸ਼ਿਵ ਸੈਨਾ ਦੀ ਸਰਕਾਰ ਵਿਚ ਕਦੇ ਧੋਖਾ ਨਹੀਂ ਕੀਤਾ।’ਐਨਸੀਪੀ ਆਗੂ ਪਾਟਿਲ ਨੇ ਵੀ ਫੜਨਵੀਸ ਨੂੰ ਨਿਸ਼ਾਨਾ ਬਣਾਇਆ। ਪਾਟਿਲ ਨੇ ਕਿਹਾ, ‘ਫੜਨਵੀਸ ਨੇ ਕਿਹਾ ਸੀ ਕਿ ਉਹ ਮੁੜਨਗੇ ਪਰ ਇਹ ਨਹੀਂ ਦਸਿਆ ਕਿ ਉਹ ਸਦਨ ਵਿਚ ਕਿਥੇ ਬੈਠਣਗੇ।’ ਉਨ੍ਹਾਂ ਕਿਹਾ, ‘ਉਹ ਵਾਪਸ ਆ ਗਏ ਹਨ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ‘ਤੇ ਹਨ ਜੋ ਮੁੱਖ ਮੰਤਰੀ ਦੇ ਅਹੁਦੇ ਬਰਾਬਰ ਹੈ।’ ਐਨਸੀਪੀ ਆਗੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਫੜਨਵੀਸ ਠਾਕਰੇ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੂੰ ਹਟਾਏ ਜਾਣ ਦੇ ਕਿਸੇ ਵੀ ਯਤਨ ਦਾ ਹਿੱਸਾ ਨਹੀਂ ਹੋਣਗੇ।ਚੋਣਾਂ ਤੋਂ ਪਹਿਲਾਂ ਫੜਨਵੀਸ ਨੇ ਨਾਹਰਾ ਲਾਇਆ ਸੀ ‘ਮੈਂ ਵਾਪਸ ਮੁੜਾਂਗਾ।’ ਸਾਬਕਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਉਨ੍ਹਾਂ ਅਜਿਹਾ ਕਿਹਾ ਸੀ ਪਰ ਇਸ ਲਈ ਸਮਾਂ ਦੇਣਾ ਭੁੱਲ ਗਏ। ਉਨ੍ਹਾਂ ਸ਼ਾਇਰੀ ਕਰਦਿਆਂ ਕਿਹਾ, ‘ਮੇਰਾ ਪਾਣੀ ਉਤਰਦੇ ਵੇਖ ਕੇ ਕਿਨਾਰੇ ‘ਤੇ ਘਰ ਨਾ ਬਣਾ ਲੈਣਾ, ਮੈਂ ਸਮੁੰਦਰ ਹਾਂ ਅਤੇ ਵਾਪਸ ਆਵਾਂਗਾ।’

Real Estate