ਸੰਵਿਧਾਨ ਦਿਵਸ ਮਨਾਉਣ ਦੀ ਬਜਾਏ ਸੰਵਿਧਾਨ ਦੀ ਪਾਲਣਾ ਮਹੱਤਵਪੂਰਨ

2347

ਹਰ ਦੇਸ਼ ਦੀਆਂ ਸਰਕਾਰਾਂ ਤੇ ਲੋਕ ਆਪਣੇ ਆਪਣੇ ਦੇਸ਼ ਨਾਲ ਸਬੰਧਤ ਦਿਹਾੜੇ ਮਨਾਉਂਦੇ ਹਨ, ਉਹ ਕਿਸੇ ਗੁਰੂ ਪੀਰ ਦਾ ਜਨਮ ਦਿਵਸ ਜਾਂ ਮੌਤ ਦਾ ਦਿਨ ਹੋਵੇ, ਕਿਸੇ ਸੰਸਥਾ ਦੇ ਗਠਨ ਦਾ ਦਿਹਾੜਾ, ਕਿਸੇ ਸਹੀਦ ਦਾ ਸਹਾਦਤ ਦਿਵਸ, ਕਿਸੇ ਮਹਾਨ ਇਨਸਾਨ ਨਾਲ ਸਬੰਧਤ ਦਿਨ, ਕਿਸੇ ਦਸਤਾਵੇਜ ਦਾ ਸੰਪੂਰਨ ਜਾਂ ਲਾਗੂ ਕਰਨ ਦਾ ਦਿਹਾੜਾ ਆਦਿ ਹੋਵੇ। ਇਹ ਦਿਵਸ ਮਨਾਉਂਣੇ ਬਹੁਤ ਚੰਗਾ ਰੁਝਾਨ ਹੈ ਜਿਸਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਇਸ ਦਿਨ ਸਬੰਧਤ ਸਖ਼ਸ, ਜਥੇਬੰਦੀ ਜਾਂ ਦਸਤਾਵੇਜ ਆਦਿ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਹੈ, ਉਸ ਪ੍ਰਤੀ ਨਿਭਾਏ ਫ਼ਰਜਾਂ ਨੂੰ ਯਾਦ ਕਰਦਿਆਂ ਅੱਗੇ ਲਈ ਵਚਨਬਰੱਧਤਾ ਦੁਹਰਾਈ ਜਾਂਦੀ ਹੈ, ਜੋ ਦੇਸ਼ ਸਮਾਜ ਤੇ ਲੋਕਾਈ ਦੇ ਹਿਤ ਵਿੱਚ ਹੁੰਦੀ ਹੈ। ਭਾਰਤ ਵਿੱਚ ਅਜਿਹੇ ਬਹੁਤ ਸਾਰੇ ਦਿਵਸ ਮਨਾਏ ਜਾਂਦੇ ਹਨ, ਕੁੱਝ ਦਿਨ ਪਹਿਲਾਂ 26 ਨਵੰਬਰ ਨੂੰ ਸਾਡੇ ਦੇਸ਼ ਨੇ ‘‘ਸੰਵਿਧਾਨ ਦਿਵਸ’’ ਮਨਾਇਆ ਹੈ। ਇਸ ਦਿਨ ਭਾਰਤ ਦੀ ਸੰਸਦ, ਰਾਜਾਂ ਦੀਆਂ ਵਿਧਾਨ ਸਭਾਵਾਂ, ਪ੍ਰਸਾਸਨਿਕ ਦਫ਼ਤਰਾਂ ਆਦਿ ਵਿੱਚ ਭਾਰਤੀ ਸੰਵਿਧਾਨ ਦੀ ਕੀਤੀ ਪਾਲਣਾ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅੱਗੇ ਲਈ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਸਹੁੰ ਖਾਧੀ ਗਈ। ਹਰ ਦੇਸ਼ ਦਾ ਸੰਵਿਧਾਨ ਹੀ ਉਥੋਂ ਦੀ ਜਨਤਾ ਜਨਾਰਧਨ ਨੂੰ ਹੱਕ ਪ੍ਰਦਾਨ ਕਰਦਾ ਹੈ ਅਤੇ ਲੋਕ ਇਸ ਪ੍ਰਤੀ ਆਪਣੇ ਫ਼ਰਜ ਅਦਾ ਕਰਦੇ ਹਨ। ਸਾਡੇ ਦੇਸ਼ ਦੇ ਲੋਕਾਂ ਲਈ ਭਾਰਤੀ ਸੰਵਿਧਾਨ ਬਹੁਤ ਮਹੱਤਵਪੂਰਨ ਹੈ, ਜੋ ਬਹੁਤ ਸੋਚ ਸਮਝ ਕੇ ਬਣਾਇਆ ਹੋਇਆ ਦਸਤਾਵੇਜ ਹੈ। ਦੇਸ਼ ਦੇ ਆਜ਼ਾਦ ਹੋਣ ਤੋਂ ਕੁੱਝ ਸਮਾਂ ਬਾਅਦ 9 ਦਸੰਬਰ 1947 ਭਾਰਤੀ ਸੰਵਿਧਾਨ ਬਣਾਉਣ ਦਾ ਕਾਰਜ ‘ਸੰਵਿਧਾਨ ਸਭਾ’ ਨੇ ਸੁਰੂ ਕੀਤਾ ਸੀ, ਜਿਸਦੇ 299 ਮੈਂਬਰ ਸਨ। ਇਹਨਾਂ ਮੈਂਬਰਾਂ ਵਿੱਚ ਦੇਸ਼ ਦੀ ਅਜ਼ਾਦੀ ਲਈ ਲੰਬੀ ਲੜਾਈ ਲੜਣ ਵਾਲੇ ਮਹਾਨ ਸੁਤੰਤਰਤਾ ਸੰਗਰਾਮੀਏ ਪੰ: ਜਵਾਹਰ ਲਾਲ ਨਹਿਰੂ, ਡਾ: ਭੀਮ ਰਾਓ ਅੰਬੇਦਕਰ, ਡਾ: ਰਜਿੰਦਰ ਪ੍ਰਸਾਦ, ਸਰਦਾਰ ਬੱਲਮ ਭਾਈ ਪਟੇਲ, ਰਾਜਗੋਪਾਲ ਅਚਾਰੀਆ, ਮੌਲਾਨਾ ਅਬਦੁਲ ਕਲਾਮ ਆਦਿ ਤੋਂ ਇਲਾਵਾ ਔਰਤਾਂ, ਦਲਿਤਾਂ, ਮੁਸਲਮਾਨਾਂ, ਈਸਾਈਆਂ, ਘੱਟ ਗਿਣਤੀਆਂ ਆਦਿ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਵੀ ਸਾਮਲ ਕੀਤੇ ਗਏ ਸਨ, ਤਾਂ ਜੋ ਹਰ ਵਰਗ ਦੇ ਹੱਕਾਂ ਦੀ ਨਿਗਰਾਨੀ ਨਜਰਸ਼ਾਨੀ ਕੀਤੀ ਜਾ ਸਕੇ।
ਸੰਵਿਧਾਨ ਸਭਾ ਨੇ 2 ਸਾਲ 11 ਮਹੀਨੇ 18 ਦਿਨਾਂ ਵਿੱਚ 144 ਦਿਨ ਬਹਿਸ ਕਰ ਕਰ ਕੇ 26 ਨਵੰਬਰ 1949 ਨੂੰ ਸੰਵਿਧਾਨ ਮੁਕੰਮਲ ਕਰ ਲਿਆ ਸੀ, ਜੋ ਵਿਸਵ ਦਾ ਸਭ ਤੋਂ ਵੱਡਾ ਸੰਵਿਧਾਨ ਮੰਨਿਆਂ ਜਾਂਦਾ ਹੈ, ਇਸਦੇ 1 ਲੱਖ 45 ਹਜ਼ਾਰ ਸ਼ਬਦ ਹਨ। ਇਹ ਸੰਵਿਧਾਨ 26 ਜਨਵਰੀ 1950 ਨੂੰ ਦੇਸ਼ ’ਚ ਲਾਗੂ ਕੀਤਾ ਗਿਆ। ਬਾਅਦ ਵਿੱਚ ਸਮੇਂ ਸਮੇਂ ਚੁਣੀ ਹੋਈ ਸੰਸਦ ਰਾਹੀਂ ਲੋੜ ਅਨੁਸਾਰ ਸੋਧ ਕੀਤੀ ਜਾਂਦੀ ਰਹੀ ਹੈ, ਤਾਜ਼ਾ ਸੋਧ 14 ਜਨਵਰੀ 2019 ਨੂੰ ਕੀਤੀ ਗਈ ਹੈ। ਸੰਵਿਧਾਨ ਬਣਾਉਣ ’ਚ ਡਾ: ਭੀਮ ਰਾਓ ਅੰਬੇਦਕਰ ਦੀ ਭੂਮਿਕਾ ਸਭ ਤੋਂ ਵਧੇਰੇ ਸੀ, ਇਸ ਲਈ ਉਹਨਾਂ ਦੇ 125ਵੇਂ ਜਨਮ ਦਿਨ ਨੂੰ ਮੁੱਖ ਰਖਦਿਆਂ 26 ਜਨਵਰੀ 2015 ਨੂੰ ‘‘ਸੰਵਿਧਾਨ ਦਿਵਸ’’ ਮਨਾਇਆ ਗਿਆ ਅਤੇ ਫਿਰ ਹਰ ਸਾਲ ਇਹ ਦਿਨ ਮਨਾਉਣ ਦਾ ਨੋਟੀਫਿਕੇਸਨ ਜਾਰੀ ਕੀਤਾ ਗਿਆ। ਕੁੱਝ ਦਿਨ ਪਹਿਲਾਂ ਇਹ ਦਿਵਸ ਮਨਾਇਆ ਗਿਆ ਹੈ। ਭਾਰਤੀ ਸੰਵਿਧਾਨ ਸਭ ਨੂੰ ਧਰਮ ਨਿਰਪੱਖਤਾ ਤੇ ਬਰਾਬਰੀ ਦਾ ਹੱਕ ਦਿੰਦਾ ਹੈ, ਲੋਕਾਂ ਨੂੰ ਸਿੱਖਿਆ ਸਿਹਤ ਦੀਆਂ ਸਹੂਲਤਾਂ ਉਪਲੱਭਦ ਕਰਦਾ ਹੋਇਆ ਬੋਲਣ ਤੇ ਲਿਖਣ ਦੀ ਅਜ਼ਾਦੀ ਮੁਹੱਈਆ ਕਰਦਾ ਹੈ। ਮੁਢਲੀਆਂ ਸਹੂਲਤਾਂ ਹੱਕ ਵਜੋਂ ਦੇਣ ਦੇ ਨਾਲ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਦੀ ਸੁਰੱਖਿਆ ਦੀ ਹਾਮੀ ਭਰਦਾ ਹੈ। ਸੰਵਿਧਾਨ ਦਿਵਸ ਤੇ ਸਰਕਾਰਾਂ ਨੇ ਇਹਨਾਂ ਪੱਖਾਂ ਤੇ ਵਿਚਾਰਾਂ ਕਰਕੇ ਸੰਤੁਸਟੀ ਜਾਹਰ ਕੀਤੀ ਤੇ ਅੱਗੇ ਲਈ ਸੰਵਿਧਨ ਦੀਆਂ ਇਹਨਾਂ ਮੱਦਾਂ ਤੇ ਪਹਿਰਾ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਹੁਣ ਇਹ ਵੇਖਣਾ ਵੀ ਜਰੂਰੀ ਹੈ ਕਿ ਸੰਵਿਧਾਨ ਦਿਵਸ ਮਨਾ ਕੇ ਸੰਤੁਸ਼ਟੀ ਪ੍ਰਗਟ ਕਰਨ ਵਾਲਿਆਂ ਨੇ ਇਹਨਾਂ ਮੱਦਾਂ ਦਾ ਪਾਲਣ ਕੀਤਾ ਹੈ ਅਤੇ ਜੋ ਕੰਮ ਅਜ਼ਾਦੀ ਦੇ ਕਰੀਬ ਸੱਤਰ ਸਾਲਾਂ ਵਿੱਚ ਕੀਤੇ ਹਨ, ਕੀ ਉਹ ਸੰਵਿਧਾਨ ਦੇ ਦਾਇਰੇ ਵਿੱਚ ਹੀ ਕੀਤੇ ਹਨ। ਸੰਵਿਧਾਨ ਧਰਮ ਨਿਰਪੱਖਤਾ ਪ੍ਰਗਟ ਕਰਦਾ ਹੈ ਤਾਂ ਕੀ ਬਾਬਾਰੀ ਮਸਜਿਦ ਢਹਿ ਢੇਰੀ ਕਰਨੀ, ਸ੍ਰੀ ਅਕਾਲ ਤਖਤ ਸਾਹਿਬ ਨੂੰ ਤਹਿਸ ਨਹਿਸ ਕਰਨਾ, ਕਸਮੀਰ ਵਿੱਚ ਧਾਰਾ 370 ਹਟਾ ਕੇ ਇੱਕ ਧਰਮ ਦੇ ਲੋਕਾਂ ਨੂੰ ਲੰਬਾ ਸਮਾਂ ਬੰਦੀ ਬਣਾ ਕੇ ਰੱਖਣਾ ਕੀ ਸੰਵਿਧਾਨ ਦੀ ਧਰਮ ਨਿਰਪੱਖਤਾ ਦੇ ਮੁੱਦੇ ਦੀ ਪਾਲਣਾ ਹੈ? ਗੁਜਰਾਤ ਦੇ ਦੰਗੇ, ਦਿੱਲੀ ਸਿੱਖ ਕਤਲੇਆਮ ਕੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੇ ਗਏ ਸਨ? ਮਹਾਂਰਾਸਟਰ ਵਿੱਚ ਸਰਕਾਰ ਬਣਾਉਣ ਲਈ ਕੇਂਦਰ ਤੇ ਕਾਬਜ ਸਿਆਸੀ ਧਿਰ ਨੇ ਜੋ ਸੰਵਿਧਾਨਕ ਤੇ ਨੈਤਿਕ ਮਰਯਾਦਾ ਪੈਰਾਂ ਹੇਠ ਮਧੋਲੀ ਹੈ ਕੀ ਸੰਵਿਧਾਨ ਉਸਦੀ ਇਜਾਜਤ ਦਿੰਦਾ ਹੈ? ਗੌਰੀ ਲੰਕੇਸ਼ ਵਰਗੇ ਲਿਖਾਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕਾਰਵਾਈ ਕੀ ਸੰਵਿਧਾਨ ਦੀ ਬੋਲਣ ਤੇ ਲਿਖਣ ਦੀ ਮੱਦ ਅਨੁਸਾਰ ਕੀਤੀ ਗਈ ਹੈ? ਔਰਤਾਂ ਨੂੰ ਆਪਣੇ ਧਾਰਮਿਕ ਅਕੀਦੇ ਅਨੁਸਾਰ ਸਬਰੀਮਾਲਾ ਵਰਗੇ ਮੰਦਰ ਵਿੱਚ ਨਤਮਸਤਕ ਹੋਣ ਤੋਂ ਰੋਕਣਾ ਕੀ ਸੰਵਿਧਾਨ ਦੀ ਧਰਮਿਕ ਅਜ਼ਾਦੀ ਦੀ ਪਾਲਣਾ ਹੈ? ਪੰਜਾਬ ਦੀ ਗਲ ਕੀਤੀ ਜਾਵੇ ਤਾਂ ਰੁਜਗਾਰ ਮੰਗਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਤੇ ਜੋ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ ਤੇ ਅੱਥਰੂ ਗੋਲੇ ਸੁੱਟੇ ਜਾਂਦੇ ਹਨ ਕੀ ਇਹ ਸੰਵਿਧਾਨ ਅਨੁਸਾਰ ਹੋ ਰਿਹੈ? ਚੰਗਾਲੀਵਾਲਾ ਦੇ ਜਗਮੇਲ ਜਾਂ ਫਾਜਿਲਕਾ ਦੇ ਭੀਮ ਟਾਂਕ ਤੇ ਅੱਤਿਆਚਾਰ ਕਰਕੇ ਕਤਲ ਕਰਨਾ ਕੀ ਸਰਕਾਰਾਂ ਦੀ ਸੰਵਿਧਾਨ ਅਨੁਸਾਰ ਦਲਿਤਾਂ ਦੀ ਰਾਖੀ ਕਰਨ ਦੀ ਮੱਦ ਦੀ ਖਿੱਲੀ ਨਹੀਂ ਉਡਾਉਂਦਾ? ਕਿਸਾਨਾਂ ਨੂੰ ਉਹਨਾਂ ਦੀਆਂ ਜਿਨਸਾਂ ਦੇ ਸਹੀ ਭਾਅ ਨਾ ਦੇ ਕੇ ਖੁਦਕਸੀਆਂ ਦੇ ਰਾਹ ਕੀ ਸੰਵਿਧਾਨ ਅਨੁਸਾਰ ਤੋਰਿਆ ਜਾ ਰਿਹਾ ਹੈ? ਅਜਿਹੇ ਹੋਰ ਅਨੇਕਾ ਕੰਮ ਹਨ ਜੋ ਭਾਰਤੀ ਸੰਵਿਧਾਨ ਨੂੰ ਛਿੱਕੇ ਤੇ ਟੰਗ ਕੇ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। ਗੱਲ ਕਰੀਏ ਕਿ ਸੰਵਿਧਾਨ ਦਿਵਸ ਮਨਾਉਣਾ ਕਿਨਾ ਕੁ ਸਫ਼ਲ ਰਿਹੈ, ਸਰਕਾਰਾਂ ਨੇ ਇਸ ਦਿਨ ਅਵਾਮ ਨੂੰ ਕੀ ਸੁਨੇਹਾ ਦਿੱਤਾ ਅਤੇ ਲੋਕਾਂ ਨੂੰ ਕਿੰਨੀ ਕੁ ਸੰਤੁਸਟੀ ਮਿਲੀ ਹੈ। ਜਿੱਥੋਂ ਤੱਕ ਸਫ਼ਲਤਾ ਦੀ ਗੱਲ ਹੈ, ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੰਵਿਧਾਨ ਦੀਆਂ ਧੱਜੀਆ ਉਡਾ ਕੇ ਲੋਕਾਂ ਨਾਲ ਜੋ ਧੱਕੇਸ਼ਾਹੀ ਕੀਤੀ ਜਾਂਦੀ ਹੈ, ਉਸਦੇ ਵਿਰੁੱਧ ਦੇਸ਼ ਦੀਆਂ ਸਿਆਸੀ ਪਾਰਟੀਆਂ ਨੇ ਇਸ ਦਿਨ ਰੋਸ ਪ੍ਰਗਟ ਕੀਤਾ ਹੈ। ਕਾਂਗਰਸ, ਸਿਵ ਸੈਨਾ, ਡੀ ਐਮ ਕੇ, ਸਮਾਜਵਾਦੀ ਪਾਰਟੀ, ਐ¤ਨ ਸੀ ਪੀ, ਆਰ ਜੇ ਡੀ, ਆਈ ਯੂ ਐੱਮ ਐੱਲ ਅਤੇ ਖੱਬੀਆਂ ਪਾਰਟੀਆਂ ਨੇ ਇਸ ਦਿਨ ਸੰਸਦ ਦੇ ਕੇਂਦਰੀ ਹਾਲ ਵਿੱਚ ਰੱਖੇ ਸਮਾਗਮ ਦਾ ਬਾਈਕਾਟ ਕਰਕੇ ਸੰਸਦ ਕੰਪਲੈਕਸ ਅੰਦਰ ਹੀ ਡਾ: ਅੰਬੇਦਕਰ ਦੇ ਬੁੱਤ ਸਾਹਮਣੇ ਸਾਂਝੇ ਤੌਰ ਤੇ ਰੋਸ ਮੁਜ਼ਾਹਰਾ ਕੀਤਾ, ਇਹ ਕਾਰਵਾਈ ਸਫ਼ਲਤਾ ਤੇ ਸੁਆਲੀਆ ਨਿਸਾਨ ਲਗਾਉਂਦੀ ਹੈ।
ਜੇ ਇਸ ਦਿਨ ਦੇਸ਼ ਦੇ ਸਿਖ਼ਰਲੇ ਆਗੂਆਂ ਵੱਲੋਂ ਦਿੱਤੇ ਸੁਨੇਹਿਆਂ ਤੇ ਝਾਤ ਮਾਰੀਏ, ਦੇਸ਼ ਦੇ ਰਾਸਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਆਪਣੇ ਭਾਸਣ ’ਚ ਕਿਹਾ, ‘‘ਸੰਵਿਧਨਕ ਅਹੁਦਿਆਂ ਤੇ ਬੈਠੇ ਲੋਕਾਂ ਤੇ ਆਮ ਨਾਗਰਿਕਾਂ ਨੂੰ ਸੰਵਿਧਾਨਿਕ ਨੈਤਿਕਤਾ ਦਾ ਪਾਲਣ ਕਰਨਾ ਚਾਹੀਦਾ ਹੈ ਜੋ ਬਹੁਤ ਜਰੂਰੀ ਹੈ। ਸੰਵਿਧਾਨ ਅਨੁਸਾਰ ਹਰ ਨਾਗਰਿਕ ਦਾ ਫ਼ਰਜ ਹੈ ਕਿ ਉਹ ਸੰਵਿਧਾਨ ਦੇ ਆਦਰਸਾਂ ਦਾ ਪਾਲਣ ਕਰੇ।’’ ਉਹਨਾਂ ਲੋਕਾਂ ਨੂੰ ਫ਼ਰਜ ਨਿਭਾਉਣ ਦੀ ਸਲਾਹ ਤਾਂ ਦੇ ਦਿੱਤੀ, ਪਰ ਦੇਸ਼ ਦੇ ਸਭ ਤੋਂ ਉ¤ਚੇ ਅਹੁਦੇ ਤੇ ਬਿਰਾਜਮਾਨ ਹੋਣ ਦੇ ਬਾਵਜੂਦ ਨਾ ਸਰਕਾਰ ਨੂੰ ਸੰਵਿਧਾਨ ਇੰਨ ਬਿੰਨ ਲਾਗੂ ਕਰਨ ਦਾ ਸੁਝਾਅ ਦਿੱਤਾ ਅਤੇ ਨਾ ਹੀ ਲੋਕਾਂ ਦੇ ਹੱਕ ਦੇਣ ਦੀ ਗੱਲ ਕੀਤੀ।
ਇਸੇ ਤਰ੍ਹਾਂ ਦੇਸ਼ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ, ‘‘ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾਗਰਿਕਾਂ ਦੇ ਹੱਕਾਂ ਤੇ ਫ਼ਰਜਾਂ ਦੋਵਾਂ ਦੀ ਨਿਸਾਨਦੇਹੀ ਕਰਦਾ ਹੈ। ਹੁਣ ਸਮਾਂ ਫ਼ਰਜਾਂ ਤੇ ਧਿਆਨ ਦੇਣ ਦਾ ਹੈ।’’ ਇਹ ਸੁਨੇਹਾ ਦਿੰਦਿਆਂ ਉਹਨਾਂ ਵੀ ਲੋਕਾਂ ਵੱਲੋਂ ਫ਼ਰਜ ਪੂਰੇ ਕਰਨ ਦੀ ਲੋੜ ਤੇ ਜੋਰ ਦਿੱਤਾ ਅਤੇ ਹੱਕ ਦੇਣ ਤੋਂ ਪਾਸਾ ਵੱਟ ਲਿਆ। ਇੱਥੇ ਹੀ ਬੱਸ ਨਹੀਂ ਧਰਮ ਨਿਰਪੱਖਤਾ ਦੀ ਗੱਲ ਛੇੜਣੀ ਤਾਂ ਮੁਨਾਸਿਬ ਹੀ ਨਾ ਸਮਝੀ। ਕੀ ਇਹ ਸੰਵਿਧਾਨ ਦਿਵਸ ਮਨਾਉਣਾ ਇੱਕ ਡਰਾਮੇਬਾਜੀ ਨਹੀਂ?
ਕੇਂਦਰ ਵਾਂਗ ਹੀ ਪੰਜਾਬ ਵਿਧਾਨ ਸਭਾ ’ਚ ਮਨਾਏ ਇਸ ਦਿਵਸ ਮੌਕੇ ਕੋਈ ਮਰਯਾਦਾ ਦਿਖਾਈ ਨਹੀਂ ਦਿੱਤੀ। ਸਮਾਗਮ ਸੰਵਿਧਾਨ ਸਬੰਧੀ ਰੱਖਿਆ ਗਿਆ, ਪਰ ਵਿਰੋਧੀ ਪਾਰਟੀਆਂ ਨੇ ਸਰਕਾਰ ਵਿਰੁੱਧ ਭੜਾਸ ਕੱਢਣ ਅਤੇ ਟਕੋਰਾਂ ਮਾਰਨ ਵਿੱਚ ਕੋਈ ਕਸਰ ਨਾ ਛੱਡੀ। ਸੱਤਾਧਾਰੀ ਧਿਰ ਨੇ ਵਿਰੋਧੀਆਂ ਦੀਆਂ ਸਿਆਸੀ ਚਾਲਾਂ ਨੰਗੀਆਂ ਕਰਨ ਤੇ ਹੀ ਧਿਆਨ ਕੇਂਦਰਤ ਰੱਖਿਆ। ਸੰਵਿਧਾਨ ਦੇ ਰੁਜਗਾਰ ਦੇਣ ਜਾਂ ਦਲਿਤਾਂ ਔਰਤਾਂ ਦੀ ਸੁਰੱਖਿਆ ਦੇ ਮੁੱਦਿਆਂ ਦੀ ਗੱਲ ਤਾਂ ਰੋਲ ਕੇ ਹੀ ਰੱਖ ਦਿੱਤੀ। ਅੱਜ ਦੇਸ਼ ’ਚ ਜਮਹੂਰੀ ਕਦਰਾਂ ਕੀਮਤਾਂ ਨਿਘਾਰ ਵੱਲ ਜਾ ਰਹੀਆਂ ਹਨ, ਅਮੀਰ ਗਰੀਬ ਦਾ ਪਾੜਾ ਵਧ ਰਿਹੈ, ਘੱਟ ਗਿਣਤੀਆਂ ਦਲਿਤਾਂ ਔਰਤਾਂ ਤੇ ਹਮਲੇ ਹੋ ਰਹੇ ਹਨ, ਲੋਕਾਂ ਨੂੰ ਵਿੱਦਿਆ ਸਿਹਤ ਵਰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਕਿਸਾਨ ਖੁਦਕਸੀਆਂ ਦੇ ਰਾਹ ਪਏ ਹੋਏ ਹਨ, ਮਜਦੂਰਾਂ ਕੋਲ ਰਹਿਣ ਲਈ ਮਕਾਨ ਨਹੀਂ ਹਨ, ਅਜਿਹੇ ਹਾਲਾਤਾਂ ’ਚ ਸੰਵਿਧਾਨ ਨੂੰ ਇੰਨ ਬਿੰਨ ਲਾਗੂ ਕਰਕੇ ਹੀ ਦੇਸ਼ ਦੇ ਲੋਕਾਂ ਦਾ ਜੀਵਨ ਸੁਲਾਖਾ ਬਣਾਉਣ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਸੰਵਿਧਾਨ ਦਿਵਸ ਮਨਾਉਣ ਦਾ ਵਿਖਾਵਾ ਕਰਨ ਦੀ ਬਜਾਏ ਸੰਵਿਧਾਨ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।

ਬਲਵਿੰਦਰ ਸਿੰਘ ਭੁੱਲਰ
ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ, ਬਠਿੰਡਾ –
098882-75913
Real Estate