ਨਿਊਜ਼ੀਲੈਂਡ ਸਿੱਖ ਖੇਡਾਂ’ ਦੇ ਦੂਜੇ ਦਿਨ ਦਰਸ਼ਕਾਂ ਦਾ ਸੈਲਾਬ-ਦਿਲਕਸ਼ ਇਨਾਮਾਂ ਨੇ ਖਿੱਚੇ ਖਿਡਾਰੀ-ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਨੇ ਕੀਤੇ ਹੌਂਸਲੇ ਬੁਲੰਦ

1460

ਔਕਲੈਂਡ 1 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਤੋਂ ਸ਼ੁਰੂ ਹੋਈਆਂ ਦੋ ਦਿਨਾਂ ਸਿੱਖ ਖੇਡਾਂ ਅੱਜ ਬਹੁਤ ਹੀ ਸ਼ਾਨਦਾਰ ਅਤੇ ਖੁਸ਼ਗਵਹਾਰ ਵਾਤਾਵਰਣ ਦੇ ਵਿਚ ਸਫਲਤਾ ਦੇ ਝੰਡੇ ਝੁਲਾਅ ਸੰਪਨ ਹੋ ਗਈਆਂ। ਦਰਮਿਆਨੀ ਧੁੱਪ ਦੇ ਵਿਚ ਸੰਗਤਾਂ ਦਾ ਸੈਲਾਬ ਸਾਉਣ ਮਹੀਨੇ ਆਉਂਦੀਆਂ ਕਾਲੀਆਂ ਘਟਾਵਾਂ ਵਾਂਗ ਛਰਾਟਿਆਂ ਦੇ ਰੂਪ ਵੇਖਣ ਨੂੰ ਮਿਲਿਆ। ਇਹ ਸੈਲਾਬ ਕਈ ਵਾਰ ਛੱਲ ਮਾਰ ਕੇ ਕਬੱਡੀ ਦੇ ਮੈਦਾਨ ਵੱਲ ਮਲਕੜੇ ਜਿਹੇ ਮੁੜਦਾ ਦਿਖਿਆ, ਕਦੇ ਸਟੇਜ ਉਤੇ ਚੱਲ ਰਹੇ ਰੰਗਾ-ਰੰਗਾ ਪ੍ਰੋਗਰਾਮ ਦੀ ਸ਼ਾਨ ਬਣਿਆ, ਕਦੀ ਬੱਚਿਆਂ ਦੇ ਲਈ ਬਣਾਏ ਗਏ ਖਾਸ ਕਿਡਜ਼ ਜ਼ੋਨ ਤੱਕ ਬੱਚਿਆਂ ਦੀ ਖੁਸ਼ੀ ਲੈਣ ਬਹੁੜਿਆ ਅਤੇ ਕਦੀ ਗੁਰੂ ਕੇ ਲੰਗਰਾਂ ਵਿਚ ਜਾ ਪੰਕਤਾਂ ਦਾ ਹਿੱਸਾ ਬਣਿਆ। ਗੇਟ ਉਤੇ ਵਿਸ਼ੇਸ਼ ਤੌਰ ਉਤੇ ਦਰਸ਼ਕਾਂ ਦੀ ਗਿਣਤੀ ਕਰਨ ਲਈ ਲਗਾਏ ਗਏ ਸਟਾਫ ਨੇ ਪਹਿਲੇ ਦਿਨ 4000 ਅਤੇ ਦੂਜੇ ਦਿਨ 13500 ਦੇ ਕਰੀਬ ਦਰਸ਼ਕਾਂ ਦੀ ਗੇਟ ਰਾਹੀਂ ਦਾਖਲ ਹੋਈ ਗਿਣਤੀ ਦੱਸੀ ਹੈ। ਇਸ ਤੋਂ ਇਲਾਵਾ ਸੜਕ ਕਿਨਾਰੇ ਕਾਰ ਪਾਰਕਿੰਗ ਦੇ ਰਾਹੀਂ ਫੁੱਟਬਾਲ ਦੇ ਮੈਦਾਨਾਂ ਵਿਚ ਪੁੱਜੇ ਲੋਕਾਂ ਦੀ ਗਿਣਤੀ ਵੱਖਰੀ ਹੈ। ਸੋ ਆਸ ਹੈ ਕਿ ਇਹ ਰਿਕਾਰਡ ਤੋੜ ਗਿਣਤੀ ਸਾਬਿਤ ਹੋਵੇਗੀ ਕਿਉਂਕਿ ਪਹਿਲਾਂ ਐਨਾ ਵੱਡਾ ਇਕੱਠ ਸ਼ਾਇਦ ਹੀ ਇਕ ਮੈਦਾਨ ਦੇ ਵਿਚ ਹੋਇਆ ਹੋਵੇਗਾ।
ਅੱਜ ਸਵੇਰ ਤੋਂ ਮੈਚਾਂ ਦੇ ਸੈਮੀਫਾਈਲ ਅਤੇ ਫਾਈਨਲ ਮੈਚ ਚੱਲ ਰਹੇ ਸਨ। ਸਟੇਜ ਦੇ ਉਥੇ ਜਿੱਥੇ ਗਿੱਧਾ, ਭੰਗੜਾ ਟੀਮਾਂ ਛਾਈਆਂ ਰਹੀਆਂ ਉਥੇ ਪੰਜਾਬ ਤੋਂ ਪਹੁੰਚੇ ਗਾਇਕ ਹਰਮਿੰਦਰ ਨੂਰਪੁਰੀ ਨੇ ਵੀ ਚੌਖਾ ਰੰਗ ਬੰਨ੍ਹਿਆ। ਉਨ੍ਹਾਂ ਸਿੱਖ ਖੇਡਾਂ ਦਾ ਵਿਸ਼ੇਸ਼ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ’, ‘ਹੁਣ ਨਾ ਮਹਿਫਲ ਜੁੜਦੀ ਏ ਮੇਰੇ ਪਿੰਡ ਦੀਆਂ ਸੱਥਾਂ ਦੇ’, ‘ਖੁੱਲ੍ਹੇ ਬੂਹੇ ਮਿੱਤਰਾਂ ਦੇ ਜਦੋਂ ਮਾਰ ਜਈ ਗੇੜਾਂ’ ਗਾ ਕੇ ਸੁਣਾਇਆ ਅਤੇ ਇਕ ਹੋਰ ਆਪਣਾ ਚਰਚਿਤ ਗੀਤ ਸੁਣਾਇਆ। ਗੀਤਕਾਰ ਹਰਵਿੰਦਰ ਉਹੜਪੁਰੀ ਨੇ ਵੀ ਇਸ ਮੌਕ ਦਰਸ਼ਕਾਂ ਦੇ ਨਾਲ ਕੁਝ ਗੀਤਾਂ ਦੇ ਬੋਲਾਂ ਨਾਲ ਸ਼ਾਇਰੀਨੁਮਾ ਸਾਂਝ ਪਾਈ। ਕਬੱਡੀ ਦੇ ਮੈਚ ਉਪਰੰਤ ਮੀਂਹ ਸ਼ੁਰੂ ਹੋ ਜਾਣ ਕਰਕੇ ਕਾਫੀ ਲੋਕ ਚਲੇ ਗਏ ਪਰ ਦੇਬੀ ਮਖਸੂਸਪੁਰੀ ਨੂੰ ਸੁਨਣ ਵਾਲੇ ਮੀਂਹ ਦੇ ਵਿਚ ਪੂਰੀ ਤਰ੍ਹਾਂ ਖੜੇ ਰਹੇ ਅਤੇ ਸਾਰਾ ਸ਼ੋਅ ਵੇਖ ਕੇ ਫੇਰ ਹੀ ਗਏ। ਜੇਤੂਆਂ ਅਤੇ ਉਪ ਜੇਤੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਟ੍ਰਾਫੀਆਂ ਕਾਫੀ ਖਿੱਚ ਦਾ ਕਾਰਨ ਬਣੀਆ ਰਹੀਆਂ। ਨਿਊਜ਼ੀਲੈਂਡ ਪੁਲਿਸ ਦੇ ਜਵਾਨਾਂ ਨੂੰ ਗਰੇਵਾਲ ਬ੍ਰਦਰਜ਼ ਵੱਲੋਂ ਬਾਦਾਮਾਂ ਦੇ ਪੈਕਟਾਂ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਉਤੇ ਕੱਲ੍ਹ ਦੀ ਤਰ੍ਹਾਂ ਨਵਤੇਜ ਰੰਧਾਵਾ, ਪਰਮਿੰਦਰ ਸਿੰਘ ਪਾਪਾਟੋਏਟੋਏ, ਨਰਿੰਦਰਬੀਰ ਸਿੰਘ, ਲਵਲੀਨ ਨਿੱਜਰ, ਜੱਸੀ ਸਿੰਘ,ਹਰਮੀਕ ਸਿੰਘ ਅਤੇ ਹੋਰ ਕਈ ਰੇਡੀਓ ਪੇਸ਼ਕਾਰ ਆਪਣਾ ਯੋਗਦਾਨ ਪਾਉਂਦੇ ਰਹੇ। ਸ। ਅਮਰੀਕ ਸਿੰਘ ਅਤੇ ਸ। ਸੋਹਣ ਸਿੰਘ ਨੇ ਸਟੇਜ ਉਤੇ ਸਾਜਾਂ ਅਤੇ ਭੰਗੜੇ ਨਾਲ ਸਾਥ ਦਿੱਤਾ। ਮਿਊਜ਼ੀਕਲ ਚੇਅਰ ਦੇ ਵਿਚ ਵੀ ਖੂਬ ਹਾਸਾ-ਠੱਠਾ ਹੋਇਆ। ਚਾਰ ਮਹਿਲਾਵਾਂ ਨੂੰ ਇਨਾਮ ਵੰਡੇ ਗਏ। ਦਸਤਾਰਾਂ ਸਜਾਉਣ ਦਾ ਕਾਰਜ ਅੱਜ ਫਿਰ ਮਨਜੀਤ ਸਿੰਘ ਫਿਰੋਜ਼ਪੁਰੀਆ, ਬੀਬੀ ਅਰਵਿੰਦਰ ਕੌਰ ਅਤੇ ਕੁਲਦੀਪ ਸਿੰਘ ਰਾਜਾ ਨੇ ਅੱਜ ਫਿਰ ਦਸਤਾਰਾਂ ਸਜਾਈਆਂ। ਸੋਹਣੀ ਦਸਤਾਰ ਦੇ ਮੁਕਾਬਲੇ ਵਿਚ ਇਨਾਮ ਵੰਡੇ ਗਏ। ਪੰਜਾਬ ਤੋਂ ਪਹੁੰਚੇ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਅੰਤਿਮ ਨਤੀਜਿਆਂ ਸਬੰਧੀ ਅਜੇ ਰਸਮੀ ਜਾਣਕਾਰੀ ਸਾਂਝੀ ਹੋਣੀ ਹੈ ਪਰ ਫਿਰ ਵੀ ਜਿਹੜੇ ਨਤੀਜੇ ਪ੍ਰਾਪਤ ਹੋਏ ਉਹ ਇਸ ਤਰ੍ਹਾਂ ਹਨ:-
ਕਬੱਡੀ ਪੁਰਸ਼: ਪੁਰਸ਼ਾਂ ਦੇ ਹੋਏ ਕਬੱਡੀ ਮੈਚ ਵਿਚ ਅੰਤਿਮ ਮੁਕਾਬਲਾ ਮੀਰੀ ਪੀਰੀ ਆਸਟਰੇਲੀਆ ਨੇ ਬੇਅ ਆਫ ਪਲੈਂਟੀ ਕਲੱਬ ਨੂੰ ਹਰਾ ਕੇ ਵੱਡੀ ਟ੍ਰਾਫੀ ਦੀ ਫਲਾਈਟ ਪੱਕੀ ਕੀਤੀ।
ਕਬੱਡੀ ਮਹਿਲਾ: ਮਹਿਲਾਵਾਂ ਦੇ ਹੋਏ ਕਬੱਡੀ ਮੁਕਾਬਲੇ ਵਿਚ ਇੰਡੀਆ ਦੀ ਟੀਮ ਜੇਤੂ ਰਹੀ ਅਤੇ ਵੱਡੀ ਟ੍ਰਾਫੀ ਉਤੇ ਆਪਣਾ ਕਬਜ਼ਾ ਕਾਇਮ ਰੱਖਿਆ।
ਦੋੜਾਂ ਦੇ ਵਿਚ: 400 ਮੀਟਰ ਦੀ ਦੌੜ ਜਗਜੀਤ ਸਿੰਘ ਸਿੱਧੂ ਨੇ ਜਿੱਤੀ। ਤੇ ਉਹ 100 ਅਤੇ 200 ਮੀਟਰ ਦੀ ਦੌੜ ਵਿਚੀ ਵੀ ਤੀਜੇ ਸਥਾਨ ਉਤੇ ਰਹੇ। 60 ਸਾਲ ਦੀ ਉਮਰ ਵਰਗ ਵਿਚ ਸ। ਖੜਕ ਸਿੰਘ ਨੇ 400 ਮੀਟਰ ਅਤੇ 100 ਮੀਟਰ ਦੌੜ ਦੇ ਵਿਚ ਪਹਿਲਾ ਇਨਾਮ ਹਾਸਿਲ ਕੀਤਾ।
ਕਲੇਅ ਸ਼ੂਟਿੰਗ ਵਿਚ: ਇਸ ਸ਼ੂਟਿੰਗ ਮੁਕਾਬਲੇ ਵਿਚ ਬ੍ਰਿਜੇਸ਼ ਸਿੰਘ ਸੰਧੂ ਪਹਿਲੇ ਨੰਬਰ ਉਤੇ, ਡੌਨ ਗ੍ਰੇਵਾਲ ਦੂਜੇ ਅਤੇ ਰਣਬੀਰ ਸਿੰਘ ਸੰਧੂ ਤੀਜੇ ਨੰਬਰ ਅਤੇ ਲਾਲੀ ਸੰਧੂ ਚੌਥੇ ਨੰਬਰ ਉਤੇ ਰਹੇ।
ਮਹਿੰਦਰਾ ਐਸ। ਯੂ।ਵੀ। ਦਾ ਨਿਕਲਿਆ ਲੱਕੀ ਡ੍ਰਾਅ: ਅੱਜ 20 ਡਾਲਰ ਦੀ ਟਿਕਟ ਦੇ ਨਾਲ ਮੈਨੁਰੇਵਾ ਨਿਵਾਸੀ ਸ। ਭੁਪਿੰਦਰ ਸਿੰਘ ਨੇ ਟਿਕਟ ਨੰਬਰ 0584 ਦੇ ਨਾਲ ਮਹਿੰਦਰਾ ਐਸ।ਯੂ।ਵੀ। ਜਿੱਤ ਲਈ।
ਪੰਜਾਬੀ ਕ’ਨਾਈਸ ਨੇ ਜਿੱਤੇ ਕਈ ਪਹਿਲੇ ਇਨਾਮ: ਨੈਟਬਾਲ,ਖੋ-ਖੋ, ਟੱਚ ਰਗਬੀ, ਕਿਡਜ਼ ਸੌਕਰ, ਪੁਰਸ਼ ਫੁੱਟਬਾਲ, ਪੁਰਸ਼ ਬੈਡਮਿੰਟਨ ਅਤੇ ਕਿਡਜ਼ ਹਾਕੀ ਦੇ ਵਿਚ ਪਹਿਲਾ ਸਥਾਨ ਜਦ ਕਿ ਗਰਲਜ਼ ਸੌਕਰ ਦੇ ਵਿਚ ਦੂਜਾ ਅਤੇ ਵੋਮੈਨਜ਼ ਬੈਡਮਿੰਟਨ ਦੇ ਵਿਚ ਦੂਜਾ ਸਥਾਨ ਹਾਸਿਲ ਕੀਤਾ।
ਗੌਲਫ: ਪਰਮਿੰਦਰ ਤੱਖਰ ਨੇ ਗੋਲਫ ਦਾ ਪਹਿਲਾ ਇਨਾਮ ਹਾਸਿਲ ਕੀਤਾ। ਰਾਜੀਵ ਬਾਜਵਾ ਨੇ ਸਭ ਤੋਂ ਲੰਬੀ ਡ੍ਰਾਈਵ ਸ਼ਾਟ (255) ਦਾ ਖਿਤਾਬ ਜਿੱਤਿਆ। ਮੁਨੀਸ਼ ਭੱਟ, ਗੁਰਬੀਰ ਸਿੰਘ ਸੋਢੀ, ਜਗਦੀਪ ਸਿੰਘ ਜੋਸਨ, ਤੇਗਬੀਰ ਸਿੰਘ, ਸ਼ਰਮਾ ਜੀ ਨੇ ਵੀ ਗੋਲਫ ਦੇ ਵਿਚ ਆਪਣੀਆਂ ਪੁਜੀਸ਼ਨਾ ਹਾਸਿਲ ਕੀਤੀਆਂ ਅਤੇ ਟ੍ਰਾਫੀਆਂ ਜਿੱਤੀਆਂ।

Real Estate