ਡਾਕਟਰ ਲੜਕੀ ਨਾਲ ਗੈਂਗਰੇਪ ਕਰਨ ਵਾਲੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ :ਵਕੀਲਾਂ ਵੱਲੋਂ ਮੁਲਜ਼ਮਾਂ ਦਾ ਕੇਸ ਨਾ ਲੜਨ ਦਾ ਐਲਾਨ

1205

ਹੈਦਰਾਬਾਦ ‘ਚ ਡਾਕਟਰ ਲੜਕੀ ਨਾਲ ਸਮੂਹਕ ਬਲਾਤਕਾਰ, ਹੱਤਿਆ ਅਤੇ ਸਾੜ ਦੇਣ ਦੀ ਦਿਲ ਦਹਿਲਾਉਣ ਵਾਲੇ ਮਾਮਲੇ ‘ਚ ਗ੍ਰਿਫ਼ਤਾਰ 4 ਮੁਲਜ਼ਮਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਸੀਸੀਟੀਵੀ ਫੁਟੇਜ਼ ਦੇ ਆਧਾਰ ‘ਤੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੀ ਪਛਾਣ ਮੁਹੰਮਦ ਆਰਿਫ, ਨਵੀਨ, ਚਿੰਤਾਕੁੰਤਾ ਕੇਸ਼ਾਵੁਲੁ ਅਤੇ ਸ਼ਿਵਾ ਵਜੋਂ ਹੋਈ ਹੈ। ਹੈਦਰਾਬਾਦ-ਬੰਗਲੁਰੂ ਹਾਈਵੇਅ ‘ਤੇ ਮਹਿਲਾ ਸਰਕਾਰੀ ਡਾਕਟਰ ਪ੍ਰਿਅੰਕਾ ਰੈੱਡੀ (26) ਦੀ ਲਾਸ਼ ਮਿਲੀ ਸੀ। ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਸਾੜ ਕੇ ਇਕ ਪੁੱਲ ਹੇਠਾਂ ਸੁੱਟ ਦਿੱਤਾ ਸੀ। ਹੈਦਰਾਬਾਦ ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ ‘ਤੇ ਉਕਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਟਰੱਕ ਡਰਾਈਵਰ ਅਤੇ ਕਲੀਨਰ ਹਨ। ਇਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਮਹਿਲਾ ਡਾਕਟਰ ਨੂੰ 7 ਘੰਟੇ ਤੱਕ ਬੰਦੀ ਬਣਾ ਕੇ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ 30 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ ਸੀ।
ਪੀੜਤਾ ਦੀ ਮਾਂ ਨੇ ਸਾਰੇ ਮੁਲਜ਼ਮਾਂ ਨੂੰ ਜ਼ਿੰਦਾ ਸਾੜਨ ਦੀ ਮੰਗ ਕੀਤੀ ਹੈ। ਉਧਰ ਹੈਦਰਾਬਾਦ ‘ਚ ਵਕੀਲਾਂ ਨੇ ਇਨ੍ਹਾਂ ਮੁਲਜ਼ਮਾਂ ਦਾ ਕੇਸ ਨਾ ਲੜਨ ਦਾ ਫੈਸਲਾ ਕੀਤਾ ਹੈ। ਸ਼ਾਦਨਗਰ ਬਾਰ ਐਸੋਸੀਏਸ਼ਨ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਹੈ ਕਿ ਡਾਕਟਰ ਨਾਲ ਬਲਾਤਕਾਰ ਕਰਨ ਵਾਲੇ ਚਾਰੇ ਮੁਲਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਮਦਦ ਨਹੀਂ ਦਿੱਤੀ ਜਾਵੇਗੀ।

Real Estate