ਪਹਿਲੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦਾ ਸ਼ਾਨਦਾਰ ਉਦਘਾਟਨ-ਏਥਨਿਕ ਮੰਤਰੀ ਨੇ ਕੀਤਾ ਉਦਘਾਟਨ

1655

ਸਥਾਨਕ ਸੰਸਦ ਮੈਂਬਰ, ਆਨਰੇਰੀ ਕੌਂਸਿਲ, ਨਗਰ ਕੌਂਸਲਰ ਅਤੇ ਕਮਿਊਨਿਟੀ ਪਤਵੰਤਿਆਂ ਦੀ ਇਕੱਤਰਤਾ ਵੱਲੋਂ ਭਰਵਾਂ ਹੁੰਗਾਰਾ
ਨਿਊਜ਼ੀਲੈਂਡ ਅਤੇ ਇੰਡੀਆ ਦੇ ਵੱਜੇ ਰਾਸ਼ਟਰੀ ਗੀਤ-ਪੰਜਾਬ ਦੇ ਲੋਕ ਗੀਤਾਂ, ਗਿੱਧੇ ਤੇ ਭੰਗੜੇ ਨੇ ਸਟੇਜ ਧਮਕਾਈ
ਔਕਲੈਂਡ 30 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਲਗਪਗ ਪਿਛਲੇ 6 ਮਹੀਨਿਆਂ ਤੋਂ ਉਡੀਕੀਆਂ ਜਾ ਰਹੀਆਂ ਪਹਿਲੀਆਂ ਦੋ ਦਿਨਾਂ ਸਿੱਖ ਖੇਡਾਂ ਦਾ ਅੱਜ ਸ਼ਾਨਦਾਰ ਆਗਾਜ਼ ਹੋ ਗਿਆ। ਰਸਮੀ ਉਦਘਾਟਨ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਯਾਦ ਕਰਦਿਆਂ ਪ੍ਰੋਫੈਸਰ ਮਨਜੀਤ ਸਿੰਘ ਦੇ ਜੱਥੇ ਵੱਲੋਂ ਗੁਰਬਾਣੀ ਸ਼ਬਦ ਸਰਵਣ ਕਰਵਾਇਆ ਗਿਆ। ਉਦਘਾਟਨੀ ਪ੍ਰੇਡ ਤੋਂ ਪਹਿਲਾਂ ਗਤਕੇ ਦੇ ਜੌਹਰ ਹੋਏ। ਬੈਂਡ ਬਾਜਿਆਂ ਦੇ ਨਾਲ ਵੱਖ- ਵੱਖ ਕਲੱਬਾਂ ਅਤੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ। ਉਦਘਾਟਨੀ ਸਮਾਰੋਹ ਦੇ ਵਿਚ ਦੇਸ਼ ਦੀ ਏਥਨਿਕ ਮਾਮਲਿਆਂ ਬਾਰੇ ਮੰਤਰੀ ਜੈਨੀ ਸਾਲੇਸਾ, ਸਥਾਨਕ ਸੰਸਦ ਮੈਂਬਰ ਜੂਠਿਤ ਕੌਲਿਨਜ, ਪ੍ਰਿਅੰਕਾ ਰਾਧਾਕ੍ਰਿਸ਼ਨਨ, ਕੌਂਸਲਰ ਡੇਨੀਅਲ ਨਿਊਮੈਨ, ਐਂਜੀਲਾ ਡਾਲਟਨ, ਪੁਲਮਨ ਪਾਰਕ ਦੇ ਅਧਿਕਾਰੀ ਅਤੇ ਕਮਿਊਨਿਟੀ ਤੋਂ ਬਹੁਤ ਸਾਰੇ ਪਤਵੰਤੇ ਸ਼ਾਮਿਲ ਹੋਏ। ਏਥਨਿਕ ਮੰਤਰੀ ਨੇ ਰੀਬਨ ਕੱਟ ਕੇ ਇਸ ਦਾ ਰਸਮੀ ਉਦਘਾਟਨ ਕੀਤਾ। ਸ਼ੁਰੂ ਦੇ ਵਿਚ ਜੀ ਆਇਆਂ ਕਹਿਣ ਉਪਰੰਤ ਸਟੇਜ ਤੋਂ ਸ। ਪਰਮਿੰਦਰ ਸਿੰਘ, ਨਵਤੇਜ ਰੰਧਾਵਾ, ਸ਼ਰਨਜੀਤ ਸਿੰਘ, ਲਵਲੀਨ ਨਿੱਜਰ, ਗੁਰਿੰਦਰ ਸਿੰਘ, ਜੱਸੀ ਕੌਰ, ਨਰਿੰਦਰ ਬੀਰ ਸਿੰਘ ਅਤੇ ਹਰਮੀਕ ਸਿੰਘ ਸਮੇਤ ਸਾਰੇ ਸਟੇਜ ਸਕੱਤਰ ਨੇ ਪ੍ਰੋਗਰਾਮ ਦੀ ਰੂਪ ਰੇਖਾ ਅਨੁਸਾਰ ਕਾਰਵਾਈ ਸ਼ੁਰੂ ਕਰਵਾਈ। ਨਿਊਜ਼ੀਲੈਂਡ ਅਤੇ ਇੰਡੀਆ ਦਾ ਰਾਸ਼ਟਰੀ ਗੀਤ ਗਾਇਨ ਕਰਨ ਤੋਂ ਬਾਅਦ ਆਏ ਮਹਿਮਾਨਾਂ ਨੇ ਸੰਖੇਪ ਦੇ ਵਿਚ ਗੇਮਾਂ ਦੀ ਖੁਸ਼ੀ ਪ੍ਰਗਟ ਕੀਤੀ। ਇਸਦੇ ਨਾਲ ਹੀ ਵੱਡੀ ਸਟੇਜ ਉਤੇ ਵੱਖ-ਵੱਖ ਤਰ੍ਹਾਂ ਦੀਆਂ ਸਭਿਆਚਾਰਕ ਸਰਗਰਮੀਆਂ ਸ਼ੁਰੂ ਹੋ ਗਈਆਂ ਅਤੇ ਖੇਡ ਦੇ ਵੱਖ-ਵੱਖ ਮੈਦਾਨਾਂ ਵਿਚ ਕਬੱਡੀ, ਫੁੱਟਬਾਲ, ਹਾਕੀ, ਵਾਲੀਵਾਲ, ਨੈਟਬਾਲ, ਗੌਲਫ ਆਦਿ ਦੇ ਮੈਚ ਸ਼ੁਰੂ ਹੋ ਗਏ। ਕਬੱਡੀ ਦੇ ਅੱਜ 8 ਮੈਚ ਕਰਵਾਏ ਗਏ। ਬੱਚਿਆਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਸੁੰਦਰ ਟ੍ਰਾਫੀਆਂ ਦਿੱਤੀਆਂ ਗਈਆਂ। ਇਹ ਖੇਡਾਂ ਪੂਰੇ ਮੇਲੇ ਦੇ ਰੂਪ ਵਿਚ ਬਦਲ ਗਈਆਂ। ਬੱਚਿਆਂ ਦੇ ਲਈ ਬਹੁਤ ਸਾਰੀਆਂ ਸੁੰਦਰ ਰਾਈਡਾਂ ਲੱਗੀਆਂ ਹੋਈਆਂ ਸਨ। ਘੋੜ ਸਵਾਰੀ, ਹਵਾਈ ਕਿਲੇ ਦੇ ਜੰਪ ਅਤੇ ਖੰਡ ਦੇ ਖਿਡੌਣੇ ਸ਼ਾਮਿਲ ਸਨ। ਸਟੇਜ ਉਤੇ ਪੰਜਾਬ ਤੋਂ ਆਏ ਗਾਇਕ ਹਰਮਿੰਦਰ ਨੂਰਪੁਰੀ ਨੇ ਆਪਣੇ ਦੋ ਗੀਤਾਂ ਦੇ ਨਾਲ ਖੂਬ ਰੰਗ ਬੰਨ੍ਹਿਆ। ਇਸਦੇ ਨਾਲ ਹੀ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਨੇ ਜਿੱਥੇ ਆਪਣੇ ਕੁਝ ਗੀਤਾਂ ਦੇ ਮੁੱਖੜੇ ਸੁਣਾਏ ਉਥੇ ਸਿੱਖ ਖੇਡਾਂ ਦੀ ਸ਼ੁਰੂਆਤ ਹੋਣ ‘ਤੇ ਸਮੁੱਚੀ ਮੈਨੇਜਮੈਂਟ ਅਤੇ ਦਰਸ਼ਕਾਂ ਨੂੰ ਵਧਾਈ ਦਿੱਤੀ। ਸ਼ਾਇਰਾਨਾ ਅੰਦਾਜ ਦੇ ਨਾਲ ਸਟੇਜ ਸੀ ਸ਼ਾਨ ਬਨਣ ਵਾਲੇ ਗਾਇਕ ਦੇਬੀ ਮਖਸੂਸਪੁਰੀ ਨੇ ਦੋ ਤਿੰਨ ਗੀਤਾਂ ਦੇ ਨਾਲ ਖੂਬ ਸਮਾਂ ਬੰਨ੍ਹਿਆ। ਗਾਇਕ ਹਰਜੀਤ ਸਿੱਧੂ ਅਤੇ ਬੀਬਾ ਪ੍ਰਵੀਨ ਦਰਦੀ ਨੇ ਵੀ ਖੂਬ ਦੋਗਾਣਾ ਗੀਤਾਂ ਨਾਲ ਰੰਗ ਬੰਨ੍ਹਿਆ। ਕੁਲਦੀਪ ਸਿੰਘ ਰਾਜਾ, ਬੀਬੀ ਅਰਵਿੰਦਰ ਕੌਰ ਅਤੇ ਰੇਡੀਓ ਸਾਡੇ ਆਲਾ ਵੱਲੋਂ ਦਸਤਾਰਾਂ ਸਿਰਾਂ ‘ਤੇ ਸਜਾਈਆਂ ਗਈਆਂ। ਲੋਕਾਂ ਨੇ ਸ਼ੋਸ਼ਲ ਮੀਡੀਆ ਅਤੇ ਬਹੁਤ ਸਾਰੀਆਂ ਫੋਟੋਆਂ ਨਾਲ ਪੂਰਾ ਮਾਹੌਲ ਖੇਡਾਂ ਵਾਲਾ ਬਣਾਈ ਰੱਖਿਆ। ਗੁਰੂ ਕੇ ਲੰਗਰ ਦੇ ਵਿਚ ਦਰਜਨਾਂ ਚੀਜ਼ਾਂ ਸੰਗਤ ਵਾਸਤੇ ਉਪਲਬਧ ਕਰਵਾਈਆਂ ਗਈਆਂ। ਕਿੰਗਜ਼ ਕ੍ਰੀਮਰੀ ਵੱਲੋਂ ਲੱਸੀ ਦਾ ਲੰਗਰ ਖੂਬ ਚੱਲਿਆ। ਵੱਖ-ਵੱਖ ਗੁਰੂ ਘਰਾਂ ਤੋਂ ਆਇਆ ਲੰਗਰ ਬੇਹੱਦ ਸੁਆਦੀ ਸੀ। ਸਿੱਖ ਪ੍ਰਦਰਸ਼ਨੀ ਜੋ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਸਮਰਪਿਤ ਸੀ ਵੀ ਖਿੱਚ ਦਾ ਕੇਂਦਰ ਬਣੀ ਰਹੀ। ਕੱਲ੍ਹ ਦੂਜੇ ਦਿਨ ਦੇ ਮੈਚ ਹੋਣੇ ਹਨ। ਬਹੁਤ ਸਾਰੇ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣੇ ਹਨ ਜੋ ਸਾਰੀਆਂ ਸੰਗਤਾਂ ਨੂੰ ਕੱਲ੍ਹ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Real Estate