ਕਿਸਾਨੀ ਦਾ ਹਰ ਪਾਸੇ ਹੀ ਮਾੜਾ ਹਾਲ ਹੈ ? ਫਰਾਂਸ ਦੇ ਕਿਸਾਨ ਟਰੈਕਟਰਾਂ ਨਾਲ ਸੜਕਾਂ ‘ਤੇ ਉੱਤਰੇ

4326

ਫਰਾਂਸ ਦੇ ਕਿਸਾਨਾਂ ਨੇ ਪੈਰਿਸ ਦੀ ਮੁੱਖ ਸੜਕ ‘ਤੇ ਟਰੈਕਟਰਾਂ ਨਾਲ ਰਾਹ ਬੰਦ ਕਰ ਦਿੱਤਾ। ਤਕਰਬੀਨ ਇੱਕ ਹਜ਼ਾਰ ਟਰੈਕਟਰ ਉੱਤਰ ਅਤੇ ਦੱਖਣ ਤੋਂ ਪੂਰੇ ਸ਼ਹਿਰ ਵਿਚ ਉਤਰ ਗਏ। ਕਈ ਵਾਰੀ ਤਾਂ ਉਨ੍ਹਾਂ ਨੇ ਮੋਟਰਵੇ ਅਤੇ ਅੰਦਰੂਨੀ ਰਿੰਗ-ਰੋਡ ਨੂੰ ਵੀ ਬਲਾਕ ਕਰ ਦਿੱਤਾ।ਕਿਸਾਨਾਂ ਨੇ ਸਿਟੀ ਸੈਂਟਰ ਵਿਚ ‘ਸ਼ਾਜ਼ੇਲੀਜ਼ੇ ਐਵੇਨਿਊ’ ਦੇ ਨੇੜੇ ਘਾਹ-ਫੂਸ ਖਿਲਾਰ ਦਿੱਤਾ। ਪਲਾਸ ਡੀ ਲਾ ਕੋਂਕੋਰਡ ਸਕੁਏਰ ਵੱਲ ਜਾਣ ਵਾਲੇ ਰਾਹ ਘੇਰ ਲਏ। ਰਾਇਟ ਪੁਲਿਸ ਨੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਖਿੰਡ ਜਾਣ ਲਈ ਕਿਹਾ।ਇੱਕ ਟਰੈਕਟਰ ਉੱਤੇ ਬੈਨਰ ਲੱਗਿਆ ਸੀ, “ਮੈਕਰੋਨ, ਸਾਨੂੰ ਜਵਾਬ ਦਿਓ। ਕਿਸਾਨਾਂ ਨੂੰ ਬਚਾਓ।” ਦਰਅਸਲ ਇਹ ਕਿਸਾਨ ਸਰਕਾਰ ਦੀਆਂ ਨੀਤੀਆਂ ਤੇ ਕੌਮਾਂਤਰੀ ਵਪਾਰਕ ਸਮਝੌਤਿਆਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਲਜ਼ਾਮ ਹੈ ਕਿ ਸਰਕਾਰ ਬਾਹਰੋਂ ਸਸਤੀ ਕਣਕ ਆਉਣ ਤੋਂ ਨਹੀਂ ਰੋਕ ਰਹੀ ਹੈ। ਇਹ ਕਣਕ ਰਸਾਇਣਕ ਖਾਦਾਂ ਨਾਲ ਉਗਾਈ ਹੁੰਦੀ ਹੈ ਅਤੇ ਇਸ ਨਾਲ ਸਥਾਨਕ ਫ਼ਸਲ ਦੀ ਕੀਮਤ ਡਿੱਗ ਰਹੀ ਹੈ।ਇਹ ਰੋਸ ਪ੍ਰਦਰਸ਼ਨ ਦੋ ਕਿਸਾਨ ਜਥੇਬੰਦੀਆਂ ਐਫ਼ਐਨਐਸਈਏ ਤੇ ਲੈਸ ਜਿਊਨਜ਼ ਦੀ ਅਗਵਾਈ ਵਿਚ ਕੀਤਾ ਗਿਆ। ਮੁਜ਼ਾਹਰਾ ਕਰਦੇ ਇੱਕ ਕਿਸਾਨ ਬੈਨੁਆ ਡੇਵਾਂ ਨੇ ਕਿਹਾ, “ਸਾਨੂੰ ਤਾਂ ਕਣਕ ਬਾਹਰ ਭੇਜਣੀ ਚਾਹੀਦੀ ਹੈ। ਪਰ ਵਧੀਆ ਕਣਕ ਸਸਤੀ ਨਹੀਂ ਵੇਚੀ ਜਾ ਸਕਦੀ। ਸਾਡੇ ਮੁਲਕ ਨੂੰ ਗਲਾਈਸੋਫ਼ੇਟ ਵਰਗੇ ਰਸਾਇਣਾਂ ਵਾਲੀ ਕਣਕ ਨਹੀਂ ਖਰੀਦਣੀ ਚਾਹੀਦੀ। ਅਸੀਂ ਮੱਕੀ ਵੀ ਬਾਹਰੋਂ ਅਜਿਹੀ ਖਰੀਦ ਰਹੇ ਹਾਂ, ਜਦੋਂ ਕਿ ਇੱਥੇ ਅਸੀਂ ਰਸਾਇਣ ਨਹੀਂ ਵਰਤਦੇ ਹਾਂ।” ਉਨ੍ਹਾਂ ਮੁਤਾਬਕ ਯੂਰਪ ਤੇ ਕੈਨੇਡਾ ਵਿਚਾਲੇ ਨਵੇਂ ਕਰਾਰ (ਸੀਈਟੀਏ) ਤਹਿਤ ਫਰਾਂਸ ਵਿਚ ਕੈਮੀਕਲ ਦੀ ਵਰਤੋਂ ਕਰ ਕੇ ਉਗਾਈਆਂ ਫ਼ਸਲਾਂ ਦਾ ਇੰਪੋਰਟ (ਦਰਾਮਦ) ਵਧਣ ਦਾ ਖ਼ਦਸ਼ਾ ਹੈ। ਕਿਸਾਨਾਂ ਨੇ ਰਾਸ਼ਟਰਪਤੀ ਮੈਕਰੌਨ ਨਾਲ ਬੈਠਕ ਕਰਨ ਦੀ ਮੰਗ ਕੀਤੀ। ਹਾਲਾਂਕਿ ਉਨ੍ਹਾਂ ਦੀ ਰਾਸ਼ਟਰਪਤੀ ਨਾਲ ਤਾਂ ਮੁਲਾਕਾਤ ਨਾ ਹੋ ਸਕੀ ਪਰ ਖੇਤੀਬਾੜੀ ਮੰਤਰੀ ਡਿਡੀਅਰ ਗੀਓਮ ਨਾਲ ਗੱਲਬਾਤ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਐਡੁਆਰਡ ਫਿਲਿਪ ਨਾਲ ਤਿੰਨ ਦਸੰਬਰ ਨੂੰ ਬੈਠਕ ਕਰਨਗੇ। ਐਫ਼ਐਨਐਸਈਏ ਯੂਨੀਅਨ ਦੇ ਮੁਖੀ ਕ੍ਰਿਸਟੀਨ ਲੈਂਬਰਟ ਨੇ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਇਸ ਮਾਮਲੇ ਵਿਚ ਥੋੜ੍ਹਾ ਅੱਗੇ ਵਧੇ ਹਾਂ ਅਤੇ ਹੁਣ ਕਿਸਾਨਾਂ ਨੂੰ ਦੱਸਾਂਗੇ ਕਿ ਅਸੀਂ ਕਿੱਥੇ ਖੜੇ ਹਾਂ ਅਤੇ ਅਸੀਂ ਕਾਰਵਾਈ ਨੂੰ ਮੁਅੱਤਲ ਕਰਨ ਦੀ ਮੰਗ ਕਰਦੇ ਹਾਂ।”
ਮੁਜ਼ਾਹਰਾ ਕਰ ਰਹੇ ਇੱਕ ਹੋਰ ਕਿਸਾਨ ਹਬਰਟ ਫ਼ਰੀਵਿਲ ਦਾ ਕਹਿਣਾ ਹੈ, “ਸਰਕਾਰ ਦੀਆਂ ਨੀਤੀਆਂ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ। ਇਸੇ ਹਫ਼ਤੇ ਸਾਡੇ ਇਲਾਕੇ ਦੇ ਇੱਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ।”
ਸਾਲ 2018 ਵਿਚ ਫਰਾਂਸ24 ਵਿਚ ਛਪੀ ਇੱਕ ਰਿਪੋਰਟ ਮੁਤਾਬਕ ਫ਼ਰਾਂਸ ਵਿਚ ਕਿਸਾਨਾਂ ਦੀ ਮੌਤ ਦਾ ਵੱਡਾ ਕਾਰਨ ਹੈ ਖੁਦਕੁਸ਼ੀ। ਆਮ ਲੋਕਾਂ ਨਾਲੋਂ ਕਿਸਾਨਾਂ ਵਿਚ ਖੁਦਕੁਸ਼ੀ ਦਾ ਅੰਕੜਾ 30 ਫੀਸਦ ਵੱਧ ਹੈ। ਫਰਾਂਸ ਦੇ ਸਿਹਤ ਵਿਭਾਗ ਦੇ ਇੱਕ ਸਰਵੇਖਣ ਮੁਤਾਬਕ ਹਰ ਦੂਜੇ ਦਿਨ ਕਿਸਾਨ ਖੁਦਕੁਸ਼ੀ ਕਰਦਾ ਹੈ। ਹਾਲਾਂਕਿ ਇਸ ਸਰਵੇਖਣ ਵਿਚ ਇਹ ਨਹੀਂ ਕਿਹਾ ਗਿਆ ਕਿ ਵਿੱਤੀ ਨੁਕਸਾਨ ਇਸ ਦੀ ਇੱਕ ਵਜ੍ਹਾ ਹੈ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਹ ਇੱਕ ਕਾਰਨ ਹੈ। ਕਿਸਾਨ ਯੂਨੀਅਨਾਂ ਘੱਟ ਦਿਹਾੜੀ, ਘੱਟ ਮੁਨਾਫ਼ੇ ਤੇ ਖੇਤੀ ਕਿੱਤੇ ਵਿਚ ਡਿਪਰੈਸ਼ਨ ਨੂੰ ਕਾਰਨ ਮੰਨਦੀਆਂ ਹਨ। ਪਰ ਸਰਕਾਰ ਕਹਿ ਰਹੀ ਹੈ ਕਿ ਉਹ ਕਿਸਾਨਾਂ ਦਾ ਖਿਆਲ ਰੱਖੇਗੀ ।ਸਰਕਾਰ ਦੀ ਪ੍ਰਤੀਨਿਧੀ ਸਿਬੇਥ ਇੰਦਾਈ ਦਾ ਕਹਿਣਾ ਹੈ, “ਫ਼ਿਲਹਾਲ ਕਿਸਾਨਾਂ ਤੇ ਵੱਡੇ ਵਪਾਰੀਆਂ ਵਿਚਾਲੇ ਗੱਲਬਾਤ ਜਾਰੀ ਹੈ। ਸਰਕਾਰ ਇਸ ਨੂੰ ਲੈ ਕੇ ਗੰਭੀਰ ਹੈ ਕਿਉਂਕਿ ਇਸੇ ਰਾਹੀਂ ਅਗਲੇ ਸਾਲ ਲਈ ਫ਼ਸਲ ਦੀਆਂ ਕੀਮਤਾਂ ਤੈਅ ਹੋਣਗੀਆਂ। ਅਸੀਂ ਅਜਿਹੇ ਕਦਮ ਚੁੱਕਾਂਗੇ ਜਿਨ੍ਹਾਂ ਨਾਲ ਇਹ ਸਾਰੀ ਗੱਲਬਾਤ ਕਾਨੂੰਨ ਮੁਤਾਬਕ ਹੀ ਹੋਵੇ।”
ਮੈਕਰੌਨ ਸਰਕਾਰ ਵਲੋਂ ਪਾਸ ਕੀਤਾ ਖੁਰਾਕ ਬਿਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਦੇਣ ਲਈ ਕੀਤਾ ਗਿਆ ਸੀ ਪਰ ਕਿਸਾਨਾਂ ਦੀ ਮਾਯੂਸੀ ਦੂਰ ਨਾ ਕੀਤੀ ਜਾ ਸਕੀ। ਗੀਓਮ ਨੇ ਯੂਰਪ ਰੇਡੀਓ 1 ਨੂੰ ਕਿਹਾ, “ਥੋੜ੍ਹਾ ਸਮਾਂ ਹੋਵੇਗਾ ਤਾਂ ਕਾਨੂੰਨ ਦਾ ਲਾਭ ਮਿਲੇਗਾ। ਵਾਤਾਵਰਨ ਪ੍ਰੇਮੀਆਂ ਤੇ ਸ਼ਹਿਰ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਬੇਇੱਜ਼ਤੀ ਨਾ ਕਰਨ।”ਮੈਕਰੌਨ ਨੂੰ ਫਰਾਂਸ ਵਿਚ ਆਪਣੀ ਸਮਾਜਿਕ ਤੇ ਵਿੱਤੀ ਨੀਤੀ ਵਿਚ ਬਦਲਾਅ ਕਾਰਨ ਵਿਰੋਧ ਝੱਲਣਾ ਪੈ ਰਿਹਾ ਹੈ।ਸਰਕਾਰ ਨੇ ਪਿਛਲੇ ਹਫ਼ਤੇ ਐਮਰਜੈਂਸੀ ਫਾਇਨੈਂਸਿੰਗ ਦਾ ਐਲਾਨ ਕੀਤਾ ਸੀ। ਇਹ ਹਸਪਤਾਲਾਂ ਦੀ ਹੜਤਾਲ ਨੂੰ ਰੋਕਣ ਦੀ ਅਸਫ਼ਲ ਕੋਸ਼ਿਸ਼ ਸੀ ਅਤੇ 5 ਦਸੰਬਰ ਦੀ ਦੇਸ ਵਿਆਪੀ ਟਰਾਂਸਪੋਰਟ ਹੜਤਾਲ ਤੋਂ ਪਹਿਲਾਂ ਪੈਨਸ਼ਨ ਸੁਧਾਰ ਬਾਰੇ ਯੂਨੀਅਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।ਕਿਸਾਨਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ। ਐਫਐਨਐਸਈਏ ਦੇ ਆਗੂ ਜੀਨ-ਯਵੇਸ ਬ੍ਰਿਕੋਰਟ ਦਾ ਕਹਿਣਾ ਹੈ, “ਅਸੀਂ ਨਵੇਂ ਬਲੀ ਦੇ ਬੱਕਰੇ ਹਾਂ। ਜਿਵੇਂ ਹੀ ਕੁਝ ਗਲਤ ਹੁੰਦਾ ਹੈ, ਕਸੂਰ ਕਿਸਾਨਾਂ ਦਾ ਕੱਢਿਆ ਜਾਂਦਾ ਹੈ। ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ।”
ਕਿਸਾਨ ਵਿਆਪਕ ਤੌਰ ‘ਤੇ ਮੈਕਰੌਨ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ ਜਿਨ੍ਹਾਂ ਨੇ ਸਾਲ 2021 ਤੱਕ ਗਲਾਈਫੋਸੇਟ ‘ਤੇ ਪਾਬੰਦੀ ਲਗਾਉਣ ਲਈ ਕਾਹਲੀ ਕੀਤੀ।ਹਾਲਾਂਕਿ ਸਰਕਾਰ ਨੇ ਉਨ੍ਹਾਂ ਖੇਤਾਂ ਲਈ ਛੋਟ ਦੇਣ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹੈ।ਯੂਰਪੀ ਯੂਨੀਅਨ ਵਿਚ ਫਰਾਂਸ ਵੱਡਾ ਖੇਤੀ ਉਤਪਾਦਕ ਹੈ ਅਤੇ ਯੂਰਪੀ ਯੂਨੀਅਨ ਦੀ ਕਾਮਨ ਐਗਰੀਕਚਲਰ ਪਾਲਿਸੀ ਤਹਿਤ ਸਬਸਿਡੀਆਂ ਦਾ ਸਭ ਤੋਂ ਵੱਡਾ ਲਾਭਪਾਤਰੀ ਹੈ।

BBC

Real Estate