NRI ਕਮਿਸਨ ਪੰਜਾਬ ਦੀ ਹਦਾਇਤ ਤੇ ਮਿਲਿਆ ਇਨਸਾਫ: ਪੁਲਿਸ ਨੇ ਫ਼ਸਲ ਚੋਰੀ ਤੇ ਜਮੀਨ ਤੇ ਕਬਜੇ ਦੀ ਕੋਸਿਸ਼ ਦਾ ਮੁਕੱਦਮਾ ਦਰਜ ਕੀਤਾ

759

ਬਠਿੰਡਾ/ 28 ਨਵੰਬਰ/ ਬਲਵਿੰਦਰ ਸਿੰਘ ਭੁੱਲਰ

ਲੱਠਮਾਰਾਂ ਅਤੇ ਸਿਆਸਤਦਾਨਾਂ ਤੇ ਅਧਾਰਿਤ ਲੈਂਡਮਾਫੀਆ ਵੱਲੋਂ ਐੱਨ ਆਰ ਆਈ ਦੀ 23 ਅਕਤੂਬਰ 2018 ਨੂੰ ਧੱਕੇ ਨਾਲ ਫ਼ਸਲ ਵੱਢ ਕੇ ਚੋਰੀ ਕਰਨ ਸਬੰਧੀ ਇੱਕ ਸਾਲ ਤੋਂ ਵੱਧ ਸਮਾਂ ਲੰਘ ਜਾਣ ਤੇ ਬੀਤੀ ਕੱਲ੍ਹ ਥਾਨਾ ਨਥਾਨਾ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਫ਼ਸਲ ਵੱਢੇ ਜਾਣ ਦੇ ਸਮੇਂ ਤੋਂ ਹੀ ਐ¤ਨ ਆਰ ਆਈ ਗੁਰਿੰਦਰ ਸਿੰਘ ਦੋਸੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਦਫ਼ਤਰਾਂ ਦੇ ਧੱਕੇ ਖਾ ਰਿਹਾ ਸੀ, ਪਰ ਕਥਿਤ ਦੋਸੀਆਂ ਦੀ ਤਾਬਿਆਦਾਰ ਪੁਲਿਸ ਕਾਰਵਾਈ ਕਰਨ ਦੇ ਉਲਟ ਉਸਨੂੰ ਚੁੱਪ ਕਰਨ ਲਈ ਹੀ ਜੋਰ ਦਿੰਦੀ ਰਹੀ। ਬੁਰੀ ਤਰ੍ਹਾਂ ਪਰੇਸਾਨ ਗੁਰਿੰਦਰ ਨੇ ਇਨਸਾਫ ਲਈ ਜਦ 29 ਅਕਤੂਬਰ 2019 ਨੂੰ ਐੱਨ ਆਰ ਆਈ ਕਮਿਸਨ ਪੰਜਾਬ ਦੇ ਦਰ ਤੇ ਜਾ ਦਸਤਕ ਦਿੱਤੀ। ਕਮਿਸਨ ਨੇ ਏ ਡੀ ਜੀ ਪੀ, ਐੱਨ ਆਰ ਆਈ ਅਤੇ ਐੱਸ ਐੱਸ ਪੀ ਬਠਿੰਡਾ ਤੋਂ 21 ਨਵੰਬਰ ਲਈ ਜੁਆਬ ਤਲਬ ਕਰ ਲਿਆ। ਇਸ ਮਿਥੀ ਤਾਰੀਖ ਤੱਕ ਰਿਪੋਰਟ ਨਾ ਮਿਲਣ ਤੇ ਕਮਿਸਨ ਨੇ ਅਗਲੇ ਦਿਨ ਲਈ ਐੱਸ ਐੱਸ ਪੀ ਬਠਿੰਡਾ ਨੂੰ ਨਿੱਜੀ ਤੌਰ ਤੇ ਤਲਬ ਲਿਆ।
ਸੁਣਵਾਈ ਉਪਰੰਤ ਕਮਿਸਨ ਨੇ 29 ਨਵੰਬਰ ਦੀ ਪੇਸੀ ਮੁਕੱਰਰ ਕਰਦਿਆਂ ਐੱਨ ਆਰੀ ਆਰ ਗੁਰਿੰਦਰ ਸਿੰਘ ਨਾਲ ਸਬੰਧਤ ਸਾਰੇ ਮਾਮਲਿਆਂ ਦੇ ਨਿਪਟਾਰੇ ਦੀ ਹਦਾਇਤ ਕਰਦਿਆਂ ਰਿਪੋਰਟ ਪੇਸ ਕਰਨ ਲਈ ਕਿਹਾ। ਬੀਤੇ ਦਿਨ ਫ਼ਸਲ ਕੱਟੇ ਜਾਣ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਜਿਲ੍ਹਾ ਪੁਲਿਸ ਨੇ ਇੱਕ ਸਾਲ ਇੱਕ ਮਹੀਨੇ ਬਾਅਦ 27 ਨਵੰਬਰ 2019 ਨੂੰ ਥਾਨਾ ਨਥਾਨਾ ਵਿਖੇ ਕਥਿਤ ਦੋਸੀਆਂ ਹਰਜੀਵਨ ਸਿੰਘ ਵਾਸੀ ਮੱਝੂ ਕੀ ਤਲਵੰਡੀ ਜਿਲ੍ਹਾ ਬਰਨਾਲਾ, ਗੋਰਾ ਸਿੰਘ ਸਿਮਰਜੰਟ ਸਿੰਘ ਵਾਸੀ ਗੁੰਮਟੀ ਕਲਾਂ ਜਿਲ੍ਹਾ ਬਠਿੰਡਾ ਅਤੇ ਤਿੰਨ ਹੋਰਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 447, 511, 379, 506, 148, 149 ਤਹਿਤ ਮੁਕੱਦਮਾ ਦਰਜ ਕਰ ਲਿਆ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ 1984 ਤੋਂ ਇਟਲੀ ਦਾ ਪਰਵਾਸ਼ ਹੰਢਾ ਰਹੇ ਇਸ ਜਿਲ੍ਹੇ ਦੇ ਕਸਬਾ ਭਗਤਾ ਭਾਈ ਕਾ ਨਾਲ ਸਬੰਧਤ ਸ੍ਰੀ ਹਰਨੇਕ ਸਿੰਘ ਨੇ ਥਾਨਾ ਨਥਾਨਾ ਤਹਿਤ ਪੈਂਦੇ ਪਿੰਡ ਕਲਿਆਣਾ ਸੱਦਾ ਵਿਖੇ 1992 ਤੋਂ 2002 ਦੇ ਸਮੇਂ ਦਰਮਿਆਨ ਸਾਢੇ ਸੋਲਾਂ ਏਕੜ ਜਮੀਨ ਖਰੀਦੀ ਸੀ। ਇਸ ਜਾਇਦਾਦ ਦੀ ਸਾਂਭ ਸੰਭਾਲ ਲਈ ਉਸਨੇ ਆਪਣੇ ਵੱਡੇ ਭਰਾ ਬਲਦੇਵ ਸਿੰਘ ਨੂੰ 1996 ਵਿੱਚ ਮੁਖਤਾਰੇਆਮ ਨਿਯੁਕਤ ਕਰ ਦਿੱਤਾ ਸੀ, ਲੇਕਿਨ ਉਸ ਦੀ ਨੀਅਤ ਤੇ ਸ਼ੱਕ ਪੈਣ ਦੀ ਵਜਾਹ ਕਾਰਨ ਹਰਨੇਕ ਸਿੰਘ ਨੇ 2006 ਵਿੱਚ ਮੁਖਤਾਰਨਾਮਾ ਤੁੜਵਾ ਦਿੱਤਾ ਸੀ।
ਜਮੀਨ ਤੇ ਕਬਜਾ ਕਰਨ ਦੀ ਨੀਅਤ ਨਾਲ ਕੁੱਝ ਲੱਠਮਾਰਾਂ ਨੇ ਸਿਆਸਤਦਾਨਾਂ ਦੀ ਸ੍ਰਪਰਸਤੀ ਨਾਲ ਬਲਦੇਵ ਸਿੰਘ ਤੋਂ ਰੱਦ ਹੋ ਚੁੱਕੇ ਮੁਖਤਾਰਨਾਮੇ ਦੀ ਫੋਟੋ ਸਟੈਟ ਕਾਪੀ ਦੇ ਜ਼ਰੀਏ ਸਾਰੀ ਜਮੀਨ ਦੀ ਰਜਿਸਟਰੀ 30 ਜੂਨ 2014 ਨੂੰ ਆਪਣੇ ਨਾ ਕਰਵਾ ਲਈ। ਦਿਲਚਸਪ ਤੱਥ ਇਹ ਹੈ ਕਿ 1 ਕਰੋੜ 64 ਲੱਖ 72 ਹਜ਼ਾਰ ਰੁਪਏ ਵਿੱਚ ਦਿਖਾਏ ਜਮੀਨ ਦੇ ਸੌਦੇ ਦੇ ਇਵਜ਼ ਵਜੋਂ ਮਾਫੀਆ ਸਰਗਨਿਆਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਭਦੌੜ ਬਰਾਂਚ ਨਾਲ ਸਬੰਧਤ 62 ਲੱਖ ਰੁਪਏ ਦੇ ਚੈੱਕ ਨਾਲ ਅਦਾਇਗੀ ਕਰਨ ਦਾ ਦਾਅਵਾ ਕੀਤਾ ਹੈ, ਉਸ ਖਾਤੇ ਵਿੱਚ ਚੈੱਕ ਕੱਟਣ ਵੇਲੇ ਸਿਰਫ਼ 144 ਰੁਪਏ ਦੀ ਰਕਮ ਜਮਾਂ ਸੀ।
ਇਸ ਜਮੀਨ ਤੇ ਕਬਜੇ ਨੂੰ ਸੁਖਾਲਾ ਬਣਾਉਣ ਦੇ ਯਤਨ ਵਜੋਂ ਆਪਣੇ ਸਿਆਸੀ ਆਕਿਆਂ ਦੀ ਮੱਦਦ ਨਾਲ ਮਾਫ਼ੀਆ ਸਰਗਨਿਆਂ ਨੇ ਹਰਨੇਕ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਜੋ ਖ਼ੁਦ ਵੀ ਇਟਲੀ ਦਾ ਨਾਗਰਿਕ ਹੈ, ਦੇ ਖਿਲਾਫ 4 ਜੂਨ 2016 ਨੂੰ ਥਾਨਾ ਦਿਆਲਪੁਰਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 323, 324, 326 ਅਤੇ 34 ਅਧੀਨ ਮੁਕੱਦਮਾ ਦਰਜ ਕਰ ਦਿੱਤਾ, ਨਜਾਇਜ ਹੋਣ ਦੀ ਵਜਾਹ ਕਾਰਨ ਜਿਸਨੂੰ ਰਾਮਪੁਰਾਫੂਲ ਦੀ ਅਦਾਲਤ ਨੇ ਬਰੀ ਕਰ ਦਿੱਤਾ। ਬਾਵਜੂਦ ਇਸਦੇ ਕਿ ਜਮੀਨ ਤੇ ਹਰਨੇਕ ਸਿੰਘ ਦੇ ਪਰਿਵਾਰ ਦਾ ਹੀ ਕਬਜਾ ਬਰਕਰਾਰ ਰਿਹਾ ਤੇ ਹੈ, ਫਿਰ ਵੀ ਸਿਆਸਤਦਾਨਾਂ ਦੇ ਦਖ਼ਲ ਨਾਲ ਮਾਫ਼ੀਆ ਸਰਗਨੇ ਨੇ ਗਿਰਦਾਵਰੀ ਆਪਣੇ ਨਾਂ ਕਰਵਾ ਲਈ, ਜਿਸਨੂੰ ਲੰਬੀ ਕਾਨੂੰਨੀ ਲੜਾਈ ਲੜਣ ਉਪਰੰਤ ਹਰਨੇਕ ਸਿੰਘ ਵਗੈਰਾ ਨੇ ਰੱਦ ਕਰਵਾ ਦਿੱਤਾ।
2017 ਵਿੱਚ ਸਿਆਸੀ ਹਾਕਮਾਂ ਦੀ ਸ੍ਰਪਰਸਤੀ ਹਾਸਲ ਕਰਦਿਆਂ ਹਰਨੇਕ ਸਿੰਘ, ਉਸਦੇ ਬੇਟੇ ਗੁਰਿੰਦਰ ਸਿੰਘ ਅਤੇ ਹੋਰਾਂ ਖਿਲਾਫ ਥਾਨਾ ਦਿਆਲਪੁਰਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 307, 120 ਬੀ, 34 ਤੇ ਅਸਲਾ ਐਕਟ ਅਧੀਨ 21 ਅਕਤੂਬਰ 2018
ਨੂੰ ਮੁਕੱਦਮਾ ਦਰਜ ਕਰਵਾਉਣ ਉਪਰੰਤ ਦੋ ਦਿਨ ਬਾਅਦ ਭਾਵ 23 ਅਕਤੂਬਰ ਨੂੰ ਉਸਦੀ ਝੋਨੇ ਦੀ ਫ਼ਸਲ ਵੱਢ ਲਈ। ਆਪਣੇ ਖਿਲਾਫ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਇਹ ਐੱਨ ਆਰ ਆਈ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਦੇ ਨਾਲ ਨਾਲ
ਜਬਰੀ ਵੱਢੀ ਹੋਈ ਆਪਣੀ ਫ਼ਸਲ ਦੇ ਦੋਸੀਆਂ ਵਿਰੁੱਧ ਪਰਚਾ ਦਰਜ ਕਰਵਾਉਣ ਵਾਸਤੇ ਸਰਕਾਰੇ ਦਰਬਾਰੇ ਤਰਲੇ ਮਿੰਨਤਾ ਕਰਦਾ ਰਿਹਾ, ਪਰ ਕਿਸੇ ਨੇ ਨਾ ਸੁਣੀ।
ਬੁਰੀ ਤਰ੍ਹਾਂ ਪਰੇਸਾਨ ਗੁਰਿੰਦਰ ਨੇ ਇਨਸਾਫ ਲਈ ਜਦ ਐੱਨ ਆਰ ਆਈ ਕਮਿਸਨ ਪੰਜਾਬ ਦੇ ਦਰ ਤੇ ਜਾ ਦਸਤਕ ਦਿੱਤੀ, ਤਾਂ ਕਮਿਸਨ ਦੇ ਸਖ਼ਤ ਰਵੱਈਏ ਅਤੇ ਤੁਰੰਤ ਮਾਮਲੇ ਦਾ ਨਿਪਟਾਰਾ ਕਰਨ ਦੇ ਆਦੇਸ ਤੇ ਥਾਨਾ ਨਥਾਨਾ ਵਿਖੇ ਮੁਕੱਦਮਾ ਤਾਂ ਭਾਵੇਂ ਦਰਜ ਕਰ ਲਿਆ ਪਰ ਖ਼ਬਰ ਲਿਖੇ ਜਾਣ ਵੇਲੇ ਤੱਕ ਕੋਈ ਗਿਰਫਤਾਰੀ ਨਹੀਂ ਕੀਤੀ ਗਈ ਸੀ।

Real Estate