ਨਿਊਜ਼ੀਲੈਂਡ ਸਿੱਖ ਖੇਡਾਂ : ਆਓ ਜੀ, ਜੀ ਆਇਆਂ ਨੂੰ

1533

ਔਕਲੈਂਡ 27 ਨਵੰਬਰ-(ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ 30 ਨਵੰਬਰ ਅਤੇ 1 ਦਸੰਬਰ ਨੂੰ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣ ਜਾ ਰਹੀਆਂ ਪਹਿਲੀਆਂ ਸਿੱਖ ਖੇਡਾਂ ਦੇ ਵਿਚ ਭਾਗ ਲੈਣ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਇਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।
ਮਹਿਲਾ ਕਬੱਡੀ ਟੀਮ: ਅੱਜ ਦੁਪਹਿਰ 12 ਵਜੇ ਉਤਰੀ ਫਲਾਈਟ ਦੇ ਵਿਚ ਇੰਡੀਆ ਤੋਂ ਕਬੱਡੀ ਦੀਆਂ ਵਿਸ਼ਵ ਪੱਧਰੀ ਖਿਡਾਰਨਾਂ ਆਪਣੀ ਕੋਚ ਜਸਕਰਨ ਲਾਡੀ ਦੀ ਅਗਵਾਈ ਵਿਚ ਇਥੇ ਪਹੁੰਚ ਗਈਆਂ। ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਨ੍ਹਾਂ ਖਿਡਾਰਨਾਂ ਦਾ ਰਸਮੀ ਸਵਾਗਤ ਖੇਡਾਂ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ। ਇਸ ਮੌਕੇ ਨਿਊਜ਼ੀਲੈਂਡ ਦਾ ਪੰਜਾਬੀ ਮੀਡੀਆ ਵੀ ਇਥੇ ਪੁੱਜਿਆ ਹੋਇਆ ਸੀ। ਇਸ ਕਬੱਡੀ ਟੀਮ ਦੀ ਕਪਤਾਨ ਮੀਨੂ ਰਹੇਗੀ। ਇਨ੍ਹਾਂ ਕੁੜੀਆਂ ਦੇ ਵਿਚ ਸ਼ਾਮਿਲ ਹਨ ਅਨੂ ਰਾਣੀ, ਆਰਤੀ ਦੇਵੀ, ਮਨਪ੍ਰੀਤ ਕੌਰ, ਮੀਨਾ ਰਾਣੀ, ਨੀਰਜ ਕੁਮਾਰੀ, ਰਾਜਵਿੰਦਰ ਕੌਰ, ਰੇਖਾ ਅਤੇ ਸਿਮਰਨਜੀਤ ਕੌਰ। ਸ਼ਨੀਵਾਰ ਨੂੰ 1 ਵਜੇ ਇਨ੍ਹਾਂ ਕੁੜੀਆਂ ਦੇ ਮੈਚ ਪੁਲਮਨ ਪਾਰਕ ਵਿਖੇ ਸ਼ੁਰੂ ਹੋ ਜਾਣੇ ਹਨ। ਇੰਡੀਆ ਬਨਾਮ ਔਕਲੈਂਡ ਅਤੇ ਇੰਡੀਆ ਬਨਾਮ ਹਮਿਲਟਨ ਟੀਮਾਂ ਦਰਮਿਆਨ ਇਨ੍ਹਾਂ ਮੈਚਾਂ ਨੂੰ ਵੇਖਣ ਆਉਣਾ ਨਾ ਭੁੱਲਣਾ। 30 ਨਵੰਬਰ ਅਤੇ 1 ਦਸੰਬਰ ਨੂੰ ਦੋ ਦਿਨ ਖੇਡ ਮੈਦਾਨ ਦੇ ਵਿਚ ਰੌਣਕਾਂ ਲੱਗਣੀਆਂ ਹਨ। ਖਾਣ-ਪੀਣ ਦਾ ਪੂਰਾ ਪ੍ਰਬੰਧ ਹੋਣਾ ਹੈ। ਚਾਹ, ਪਕੌੜੇ, ਬੇਸਨ, ਕੜ੍ਹੀ ਚਾਵਲ, ਪ੍ਰਸ਼ਾਦੇ, ਚਿੱਟੇ ਛੋਲੇ, ਦਾਲ, ਪੀਜ਼ੇ, ਸੈਂਡਵਿਚ, ਡਰਿੰਕਾਂ, ਸੇਬ, ਪਾਣੀ ਦੀਆਂ ਬੋਤਲਾਂ, ਆਈਸ ਕ੍ਰੀਮ, ਕੁਲਫੀਆਂ ਅਤੇ ਹੋਰ ਬਹੁਤ ਕੁਝ ਖਾਣ-ਪੀਣ ਵਾਲਾ ਭੋਜਨ ਉਥੇ ਵਰਤਾਇਆ ਜਾਣਾ ਹੈ। ਇਸ ਤੋਂ ਇਵਾਵਾ ਕਈ ਤਰ੍ਹਾਂ ਦਾ ਫਾਸਟ ਫੂਡ ਵੀ ਸਟਾਲਾਂ ਤੋਂ ਮਿਲੇਗਾ।
ਵਿਧਾਇਕ ਦਲਬੀਰ ਸਿੰਘ ਗੌਲਡੀ ਪਹੁੰਚੇ: ਪੰਜਾਬ ਤੋਂ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਵੀ ਅੱਜ ਨਿਊਜ਼ੀਲੈਂਡ ਦੀ ਧਰਤੀ ਉਤੇ ਪਹੁੰਚੇ। ਉਨ੍ਹਾਂ ਦਾ ਵੀ ਸਿੱਖ ਖੇਡਾਂ ਦੀ ਮੈਨੇਜਮੈਂਟ ਅਤੇ ਕਾਂਗਰਸੀ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਕਾਂਗਰਸ ਪ੍ਰਤੀਨਿਧ ਹਰਮਿੰਦਰ ਸਿੰਘ ਚੀਮਾ ਅਤੇ ਦੀਪਕ ਕੁਮਾਰ ਸ਼ਰਮਾ ਖਾਸ ਤੌਰ ਉਤੇ ਇਥੇ ਪਹੁੰਚੇ ਹੋਏ ਸਨ।
ਪ੍ਰਸਿੱਧ ਪੱਤਰਕਾਰ ਰਮਨਦੀਪ ਸਿੰਘ ਸੋਢੀ ਪਹੁੰਚੇ: ਜੱਗਬਾਣੀ ਅਤੇ ਪੰਜਾਬ ਕੇਸਰੀ ਅਖਬਾਰ ਗਰੁੱਪ ਦੇ ਪ੍ਰਸਿੱਧ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੀ ਅੱਜ ਦੁਪਹਿਰ ਇਥੇ ਪਹੁੰਚ ਗਏ ਹਨ। ਆਉਣ ਵਾਲੇ ਦਿਨਾਂ ਦੇ ਵਿਚ ਉਹ ਸਿੱਖ ਖੇਡਾਂ ਦੀ ਪੂਰੀ ਕਵਰੇਜ ਕਰਨਗੇ ਅਤੇ ਦੇਸ਼ ਦੇ ਹੋਰ ਵੀ ਕਈ ਖੇਤਰਾਂ ਦਾ ਦੌਰਾ ਕਰਨਗੇ।
ਕੱਬਡੀ ਖਿਡਾਰੀ: ਕਬੱਡੀ ਖਿਡਾਰੀ ਕਾਕਾ ਨਾਂਗਲਾ, ਮਨਜੀਤ ਸਿੰਘ, ਅਮਿੱਤ ਕੁਮਾਰ ਅਤੇ ਰਵੀ ਸਿੱਧੂ ਵੀ ਇਸ ਮੌਕੇ ਪਹੁੰਚੇ। ਸਾਰੇ ਆਏ ਖਿਡਾਰੀਆਂ ਨੂੰ ਰੇਡੀਓ ਸਾਡੇ ਆਲਾ ਵੱਲੋਂ ਸਟੂਡੀਓ ਬੁਲਾ ਕੇ ਦੁਪਹਿਰ ਦਾ ਖਾਣਾ ਖਵਾਇਆ ਗਿਆ ਤੇ ਇੰਟਰਵਿਊਜ਼ ਕੀਤੀਆਂ ਗਈਆਂ।
ਕੱਲ੍ਹ ਪਹੁੰਚਣਗੇ ਕਲਾਕਾਰ: ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਰੌਣਕਾਂ ਲਗਾਉਣ ਲਈ ਕੱਲ੍ਹ ਦੁਪਹਿਰ 12 ਵਜੇ ਪੰਜਾਬ ਤੋਂ ਪ੍ਰਸਿੱਧ ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ, ਗਾਇਕ ਹਰਮਿੰਦਰ ਨੂਰਪੁਰੀ ਅਤੇ 500 ਤੋਂ ਵੱਧ ਗੀਤਾਂ ਦੇ ਰਚੇਤਾ ਹਰਵਿੰਦਰ ਓਹੜਪੁਰੀ ਜੀ ਔਕਲੈਂਡ ਹਵਾਈ ਅੱਡੇ ਉਤੇ ਪਹੁੰਚ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ ਆਪ ਜੀ ਨੂੰ ਖੁੱਲ੍ਹਾ ਸੱਦਾ ਹੈ।

Real Estate