ਨਿਊਜ਼ੀਲੈਂਡ ਪੁਲਿਸ ‘ਚ ਮਨਪ੍ਰੀਤ ਸਿੰਘ ਤੇ ਰੁਪਿੰਦਰਜੀਤ ਕੌਰ ਦੀ ਆਮਦ-ਗਿਣਤੀ ਹੋਈ 119

1461

ਔਕਲੈਂਡ 28 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਦੋ ਸਾਲ ਪਹਿਲਾਂ ਸਰਕਾਰ ਨੇ ਨਿਊਜ਼ੀਲੈਂਡ ਪੁਲਿਸ ਦੇ ਵਿਚ 1800 ਹੋਰ ਪੁਲਿਸ ਅਫਸਰ ਭਰਤੀ ਕਰਨ ਦਾ ਟੀਚਾ ਰੱਖਿਆ ਸੀ ਜੋ ਪਿਛਲੇ ਦਿਨੀਂ ਪੂਰਾ ਹੋ ਗਿਆ। ਇਸ ਵਾਰ ਵਿੰਗ 332 ਦੀ ਗ੍ਰੈਜੂਏਸ਼ਨ ਜੋ ਵਲਿੰਗਟਨ ਪੁਲਿਸ ਸਕੂਲ ਦੇ ਵਿਚ ਸੰਪਨ ਹੋਈ ਦੇ ਵਿਚ ਇਕ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ‘ਮਨੀ’ ਅਤੇ ਇਕ ਪੰਜਾਬੀ ਕੁੜੀ ਰੁਪਿੰਦਰਜੀਤ ਕੌਰ ਨੇ ਵੀ ਪੁਲਿਸ ਦੇ ਵਿਚ ਆਪਣੀ ਸ਼ਮੂਲੀਅਤ ਕਰ ਲਈ। ਇਸ ਦਲ ਦੇ ਵਿਚ ਕੁੱਲ 59 ਪੁਲਿਸ ਅਫਸਰ ਸਨ ਅਤੇ ਸਿਰਫ ਦੋ ਪੰਜਾਬੀ ਨੌਜਵਾਨਾਂ ਨੇ ਇਸ ਵਿਚ ਥਾਂ ਬਣਾਈ। ਪੁਲਿਸ ਦਾ ਨਾਅਰਾ ਕਿ ਰੱਖਾਂਗੇ ਕਮਿਊਨਿਟੀ ਸੁਰੱਖਿਅਤ ਦੇ ਵਿਚ ਪੰਜਾਬੀ ਨੌਜਵਾਨਾਂ ਦਾ ਵਧਣਾ ਵਧੀਆ ਗੱਲ ਹੈ।
ਮਨਪ੍ਰੀਤ ਸਿੰਘ: ਇਹ ਨੌਜਵਾਨ ਪਿੰਡ ਬੱਲਰਵਾਲ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧ ਰੱਖਦਾ ਹੈ। ਇਸਦੇ ਪਿਤਾ ਕੈਪਟਨ ਸੋਹਨ ਸਿੰਘ ਆਰਮੀ ਦੇ ਵਿਚੋਂ ਰਿਟਾਇਰਡ ਹਨ ਤੇ ਮਾਤਾ ਹਰਭਜਨ ਕੌਰ ਹਾਊਸ ਵਾਈਫ ਹੈ। 2009 ਦੇ ਵਿਚ ਇਹ ਨੌਜਵਾਨ ਨਿਊਜ਼ੀਲੈਂਡ ਪੜ੍ਹਨ ਆਇਆ ਸੀ। ਹਾਸਪਲਿਟੀ ਅਤੇ ਬਿਜ਼ਨਸ ਮੈਨੇਜਮੈਂਟ ਦੇ ਵਿਚ ਡਿਪਲੋਮਾ ਹੋਲਡਰ ਪ੍ਰਾਪਤ ਕੀਤਾ ਅਤੇ ਤਿੰਨ ਸਾਲ ਫੌਨਟੇਰਾ ਦੇ ਵਿਚ ਕੰਮ ਕੀਤਾ। ਇਸੇ ਸਾਲ ਜੁਲਾਈ ਦੇ ਵਿਚ ਇਸ ਨੌਜਵਾਨ ਨੇ ਪੁਲਿਸ ਦੀ ਸਿਖਲਾਈ ਵਾਸਤੇ ਦਾਖਲਾ ਪ੍ਰਾਪਤ ਕਰ ਲਿਆ ਅਤੇ ਬੀਤੇ ਦਿਨੀਂ ਗ੍ਰੈਜੂਏਸ਼ਨ ਦੇ ਵਿਚ ਇਹ ਨੌਜਵਾਨ ਪੁਲਿਸ ਅਫਸਰ ਬਣ ਗਿਆ। ਇਸ ਨੌਜਵਾਨ ਦੀ ਤਾਇਨਾਤੀ ਕ੍ਰਾਈਸਟਚਰਚ ਵਿਖੇ ਕੀਤੀ ਗਈ ਹੈ। ਪੁਲਿਸ ਦੇ ਵਿਚ ਭਰਤੀ ਹੋਣ ਦੇ ਲਈ ਇਸਨੂੰ ਕੁੱਲ ਤਿੰਨ ਸਾਲ ਦਾ ਸਮਾਂ ਲੱਗਾ। ਫਿਟਨੈਸ ਅਤੇ ਕਈ ਤਰ੍ਹਾਂ ਦੀਆਂ ਹੋਰ ਯੋਗਤਾਵਾਂ ਲਈ ਇਸ ਨੌਜਵਾਨ ਨੇ ਆਪਣੀ ਮਿਹਨਤ ਨਹੀਂ ਛੱਡੀ ਅਤੇ ਆਖਿਰ ਪੁਲਿਸ ਦੇ ਵਿਚ ਭਰਤੀ ਹੋ ਹੀ ਗਿਆ।
ਰੁਪਿੰਦਪਰਜੀਤ ਕੌਰ: ਇਹ ਕੁੜੀ ਜਲੰਧਰ ਸ਼ਹਿਰ ਤੋਂ ਹੈ। ਇਸਦੇ ਪਿਤਾ ਜੀ ਦਾ ਨਾਂਅ ਹਰਬੰਸ ਸਿੰਘ ਅਤੇ ਮਾਤਾ ਦਾ ਨਾਂਅ ਸੁਖਵੰਤ ਕੌਰ ਹੈ। ਇਸਦੇ ਪਰਿਵਾਰਕ ਮੈਂਬਰ ਪੰਜਾਬ ਪੁਲਿਸ ਨਾਲ ਸਬੰਧਿਤ ਹਨ ਤੇ ਦੋ ਸਾਲ ਪਹਿਲਾਂ ਪਿਤਾ ਦੀ ਪੁਲਿਸ ਤੋਂ ਰਿਟਾਇਰ ਹੋਏ ਹਨ। ਇਹ ਕੁੜੀ 2010 ਦੇ ਵਿਚ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਈ ਸੀ। 2015 ਦੇ ਵਿਚ ਇਸ ਕੁੜੀ ਦੀ ਪੱਕੀ ਰਿਹਾਇਸ਼ ਹੋਈ। 2016 ਦੇ ਵਿਚ ਉਸਨੇ ਪੁਲਿਸ ਦੇ ਵਿਚ ਭਰਤੀ ਹੋਣ ਲਈ ਅਪਲਾਈ ਕੀਤਾ। ਇਸ ਕੁੜੀ ਨੂੰ ਪੁਲਿਸ ਦੇ ਵਿਚ ਭਰਤੀ ਹੋਣ ਦੇ ਕਾਬਿਲ ਹੋਣ ਲਈ ਕਈ ਸਾਰੀਆਂ ਮੁਸ਼ਕਿਲਾਂ ਜਿਵੇਂ ਫਿੱਟਨੈਸ, ਤੈਰਾਕੀ ਤੇ ਹੋਰ। ਸ਼ੁਰੂ ਦੇ ਵਿਚ ਪੁਲਿਸ ਦੇ ਵਿਚ ਭਰਤੀ ਹੋਣ ਦਾ ਮੌਕਾ ਨਹੀਂ ਮਿਲਿਆ ਪਰ ਇਸਨੇ ਹੌਂਸਲਾ ਨਹੀਂ ਛੱਡਿਆ। 2017 ਦੇ ਵਿਚ ਇਸਨੇ ਫਿਰ ਅਪਲਾਈ ਕੀਤਾ ਪਰ ਇਕ ਪੇਪਰ ਵਿਚੋਂ ਰਹਿ ਗਈ। ਇਸ ਦੌਰਾਨ ਇਸ ਕੁੜੀ ਨੇ ਫਿਟਨੈਸ, ਤੈਰਾਕੀ ਅਤੇ ਬੂਟ ਕੈਂਪ ਜਾਰੀ ਰੱਖੇ ਤੇ ਮਨਿਸਟਰੀ ਆਫ ਸ਼ੋਸ਼ਲ ਡਿਵੈਲਪਮੈਂਟ ਦੇ ਵਿਚ ਨੌਕਰੀ ਵੀ ਜਾਰੀ ਰੱਖੀ। 2018 ਦੇ ਵਿਚ ਇਸਨੇ ਫਿਰ ਅਪਲਾਈ ਕੀਤਾ ਤੇ ਸਾਰਾ ਕੰਮ ਸਿੱਧਾ ਹੋਣਾ ਸ਼ੁਰੂ ਹੋ ਗਿਆ। ਜੁਲਾਈ 2019 ਦੇ ਵਿਚ ਆਖਿਰ ਪੁਲਿਸ ਦੀ ਟ੍ਰੇਨਿੰਗ ਵਾਸਤੇ ਦਾਖਲਾ ਮਿਲ ਗਿਆ। 16 ਹਫਤਿਆਂ ਦੀ ਟ੍ਰੇਨਿੰਗ ਤੋਂ ਬਾਅਦ ਇਸ ਕੁੜੀ ਨੇ ਵੀ 332ਵੇਂ ਵਿੰਗ ਵਿਚ ਗ੍ਰੈਜੂਏਸ਼ਨ ਪ੍ਰਾਪਤ ਕਰ ਲਈ।

Real Estate