ਲੁਧਿਆਣਾ ਸਿਟੀ ਸੈਂਟਰ ਘੋਟਾਲੇ ਦੇ ਮਾਮਲੇ ‘ਚ ਆਇਆ ਫੈਸਲਾ: ਕੈਪਟਨ ਸਣੇ 31 ਬਰੀ

842

ਹਜਾਰਾਂ ਕਰੋੜ ਰੁਪਏ ਦੇ ਕਥਿਤ ਘੁਟਾਲੇ ਵਾਲੇ ਲੁਧਿਆਣਾ ਸਿਟੀ ਸੈਂਟਰ ਮਾਮਲੇ ‘ਚ ਅੱਜ ਬੁੱਧਵਾਰ ਆਏ ਫ਼ੈਸਲੇ ਵਿਚ ਕੈਪਟਨ ਅਮਰਿੰਦਰ ਸਿੰਘ ਸਣੇ ਸਾਰੇ ਮੁਲਜ਼ਮ ਅਦਾਲਤ ਨੇ ਬਰੀ ਕਰ ਦਿੱਤੇ ਹਨ। ਵਿਜੀਲੈਂਸ ਬਿਊਰੋ ਵਲੋਂ ਇਸ ਮਾਮਲੇ ਵਿਚ ਕਲੋਜਰ ਰਿਪੋਰਟ ਦਾਇਰ ਕਰ ਦਿੱਤੀ ਗਈ ਸੀ ਅਤੇ ਅੱਜ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ। ਅਦਾਲਤ ਤੋਂ ਬਾਹਰ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 13 ਸਾਲ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਮੰਨ ਲਿਆ ਅਤੇ ਉਨ੍ਹਾਂ ਸਣੇ ਸਾਰੇ ਮੁਲਜ਼ਮਾਂ ਉੱਤੇ ਲਾਏ ਗਏ ਦੋਸ਼ ਰੱਦ ਕਰ ਦਿੱਤੇ।
ਇਸ ਮਾਮਲੇ ਵਿਚ 36 ਮੁਲਜ਼ਮ ਸਨ, 5 ਦੀ ਮੌਤ ਹੋ ਚੁੱਕੀ ਹੈ। ਵਿਜੀਲੈਂਸ ਦੀ ਕਲੋਜਰ ਰਿਪੋਰਟ ਨੂੰ ਮਾਨਤਾ ਦਿੰਦੇ ਹੋਏ ਅਦਾਲਤ ਨੇ 31 ਮੁਲਜ਼ਮਾਂ ਨੂੰ ਬਰ੍ਹੀ ਕਰ ਦਿੱਤੇ ਹਨ। ਲੁਧਿਆਣਾ ਦੀ ਅਦਾਲਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਟੀ ਸੈਂਟਰ ਮਾਮਲੇ ‘ਚ ਨਾਮਜ਼ਦ ਹੋਰ ਮੁਲਜ਼ਮਾਂ ਨੂੰ 27 ਨਵੰਬਰ ਨੂੰ ਬਾਅਦ ਦੁਪਹਿਰ ਅਦਾਲਤ ਵਿੱਚ ਪੇੱਸ਼ ਹੋਣ ਦੇ ਹੁਕਮ ਦਿੱਤੇ ਸਨ। ਉਹ ਯੂਰਪ ਦੇ ਨਿੱਜੀ ਦੌਰੇ ‘ਤੇ ਸਨ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਵਾਪਸ ਪਰਤ ਆਏ ਹਨ।
ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਅਫ਼ਸਰਾਂ ਤੇ ਹੋਰਾਂ ਨਾਲ ਮਿਲ ਕੇ ਐੱਮ/ਐੱਸ ਟੁਡੇ ਹੋਮਜ਼ ਦਾ “ਪੱਖ ਲਿਆ ਅਤੇ “ਟੈਂਡਰਾਂ ਨਾਲ ਛੇੜਛਾੜ” ਕਰ ਕੇ ਕੰਪਨੀ ਨੂੰ ਟੈਂਡਰ ਦਵਾਏ। ਇਸ ਘੋਟਾਲੇ ਨਾਲ ਸਰਕਾਰੀ ਖ਼ਜਾਨੇ ਨੂੰ 1,144 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ। ਲੁਧਿਆਣਾ ਸਿਟੀ ਸੈਂਟਰ ਪ੍ਰੋਜੈਕਟ 25 ਏਕੜ ਰਕਬੇ ਵਿੱਚ ਉਸਾਰਿਆ ਜਾਣਾ ਸੀ। ਇਸ ਵਿੱਚ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਕੁਝ ਸ਼ੌਪਿੰਗ ਮਾਲ ਅਤੇ ਰਹਾਇਸ਼ੀ ਫਲੈਟ ਉਸਾਰੇ ਜਾਣੇ ਸਨ। ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਆ ਗਿਆ ਜਿਸ ਕਾਰਨ ਕੋਈ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ ਸੀ ।

Real Estate