ਟਿੱਬੀ ਸਾਹਿਬ ਰੋਡ’ਤੇ ਥਾਣਾ ਸਦਰ ਦੀ ਨਵੀਂ ਬਨਣ ਵਾਲੀ ਬਿਲਡਿੰਗ ਦਾ ਕੰਮ ਸ਼ੁਰੂ

711

ਸੂਏ ਦੇ ਪੁਲ ਤੋਂ ਪਹਿਲਾਂ ਪੈਟਰੋਲ ਪੰਪ ਵੀ ਹੋਇਆ ਮਨਜ਼ੂਰ
ਟਿੱਬੀ ਸਾਹਿਬ ਰੋਡ ‘ਤੇ ਇੱਕ ਨਵਾਂ ਬਜ਼ਾਰ ਬਨਣ ਦੀਆਂ ਸੰਭਾਵਨਾਵਾਂ
ਸ੍ਰੀ ਮੁਕਤਸਰ ਸਾਹਿਬ 27 ਨਵੰਬਰ ( ਕੁਲਦੀਪ ਸਿੰਘ ਘੁਮਾਣ ) ਸਥਾਨਕ ਟਿੱਬੀ ਸਾਹਿਬ ਰੋਡ ‘ਤੇ ਥਾਣਾ ਸਦਰ ਦੀ ਨਵੀਂ ਬਿਲਡਿੰਗ ਦਾ ਕੰਮ ਬੜੇ ਜ਼ੋਰ ਸੋਰ ਨਾਲ ਸ਼ੁਰੂ ਹੋ ਗਿਆ ਹੈ ਅਤੇ ਤਕਰੀਬਨ ਸਵਾ ਦੋ ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਨਵੀਂ ਬਿਲਡਿੰਗ ਦਾ ਕੰਮ ਅਤੇ ਥਾਣੇ ਦੀ ਜਗ੍ਹਾ ਦੀ ਮੁਕੰਮਲ ਚਾਰ ਦੀਵਾਰੀ ਕਰਨ ਦਾ ਕੰਮ ਇੱਕ ਸਾਲ ਦੇ ਸਮੇਂ ਅੰਦਰ ਮੁਕੰਮਲ ਹੋ ਜਾਵੇਗਾ। ਨਵੀਂ ਬਣ ਰਹੀ ਬਿਲਡਿੰਗ ਦੋ ਮੰਜ਼ਿਲੀ ਹੋਵੇਗੀ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਥਾਣੇ ਦੀ ਬਿਲਡਿੰਗ ਦੀ ਸ਼ੁਰੂਆਤ ਹੋਣ ਦੀ ਦੇਰ ਸੀ ਕਿ ਇਸ ਦੇ ਸਾਹਮਣੇ ਕੁਝ ਲੋਕਾਂ ਵੱਲੋਂ ਪੁਰਾਣੀਆਂ ਦੁਕਾਨਾਂ ਨੂੰ ਢਾਹ ਕੇ ਨਵੀਆਂ ਬਣਾਉਂਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਲਾਕੇ ਦੇ ਲੋਕਾਂ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਦਹਾਕਿਆਂ ਤੋਂ ਇਸ ਸੁੰਨਸਾਨ ਤੇ ਬੇਅਬਾਦ ਪਈ ਜਗ੍ਹਾ ਵਿੱਚ ਥਾਣੇ ਦੀ ਬਿਲਡਿੰਗ ਬਨਣ ਨਾਲ ਸਾਰੇ ਹੀ ਸਬੰਧਤ ਪਿੰਡਾਂ ਦੇ ਲੋਕਾਂ ਦੀ ਆਪਣੇ ਕੰਮਾਂ ਧੰਦਿਆਂ ਲੲੀ, ਥਾਣੇ ਵਿੱਚ ਆਵਾਜਾਈ ਨਾਲ , ਇਲਾਕੇ ਦਾ ਵਿਕਾਸ ਹੋਵੇਗਾ। ਨਵੀਆਂ ਦੁਕਾਨਾਂ ਵਗੈਰਾ ਖੁੱਲ੍ਹਣਗੀਆਂ ਅਤੇ ਕਾਰੋਬਾਰੀਆਂ ਦੇ ਕੰਮਾਂ ਨੂੰ ਹੁਲਾਰਾ ਮਿਲੇਗਾ। ਟਿੱਬੀ ਸਾਹਿਬ ਰੋਡ ‘ਤੇ ਹੀ ਇੱਕ ਨਵਾਂ ਪੈਟਰੋਲ ਪੰਪ ਮਨਜ਼ੂਰ ਹੋਇਆ ਹੈ ਸੋ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਬਹੁਤ ਦੇਰ ਪਹਿਲਾਂ ਟਿੱਬੀ ਸਾਹਿਬ ਰੋਡ ‘ਤੇ ਪੰਜਾਬ ਐਂਡ ਸਿੰਧ ਬੈਂਕ ਹੁੰਦਾ ਸੀ ਜੋ ਬਾਅਦ ਵਿੱਚ ਤਬਦੀਲ ਹੋ ਕੇ ਫਾਟਕੋਂ ਦੂਜੇ ਪਾਸੇ ਚਲਾ ਗਿਆ ਸੀ । ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਟਿੱਬੀ ਸਾਹਿਬ ਰੋਡ ‘ਤੇ ਕੋਈ ਬੈਂਕ ਵੀ ਖੁੱਲ੍ਹਣ ਜਾ ਰਿਹਾ ਹੈ । ਖ਼ੈਰ ਕੁਝ ਵੀ ਹੋਵੇ , ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰੇਲਵੇ ਓਵਰ ਕਰਾਸਿੰਗ ਬ੍ਰਿਜ , ਬਨਣ ਨਾਲ ਫਾਟਕੋਂ ਪਾਰ ਵਾਲੇ ਇਲਾਕੇ ਦਾ ਵੱਡੇ ਪੱਧਰ ਤੇ ਵਿਕਾਸ ਹੋਵੇਗਾ ਅਤੇ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਟਿੱਬੀ ਸਾਹਿਬ ਰੋਡ’ਤੇ ਥਾਣਾ ਸਦਰ , ਪੈਟਰੋਲ ਪੰਪ ਅਤੇ ਪਾਵਰ ਗਰਿੱਡ ਬਨਣ ਨਾਲ ਲੋਕਾਂ ਦੀ ਆਵਾਜਾਈ ਵਿੱਚ ਵਾਧਾ ਹੋਵੇਗਾ ਅਤੇ ਕਾਰੋਬਾਰੀ ਕੰਮਾਂ ਨੂੰ ਹੁਲਾਰਾ ਮਿਲੇਗਾ।ਕਾਰਜਕਾਰੀ ਇੰਜੀਨੀਅਰ ਉਸਾਰੀ ਭੂ ਤੇ ਮ ਸ਼ਾਖ਼ਾ ਦੀ 47 ਕਨਾਲ10 ਮਰਲੇ ਜ਼ਮੀਨ ਵਿੱਚੋਂ ਤਿੰਨ ਕਨਾਲ ਜ਼ਮੀਨ ਦੇ ਵਿੱਚ ਪਾਵਰ ਗਰਿੱਡ ਬਣ ਗਿਆ ਹੈ ਅਤੇ 16 ਕਨਾਲ ਜ਼ਮੀਨ ਵਿਚ ਥਾਣਾ ਸਦਰ ਬਨਣਾ ਸ਼ੁਰੂ ਹੋ ਗਿਆ ਹੈ। ਬਾਕੀ ਬਚਦੀ 28 ਕਨਾਲ 10 ਮਰਲੇ ਜ਼ਮੀਨ ਵਿਚਕਾਰ , ਇਸ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਹੈ ਕਿ ਇਸ ਜਗ੍ਹਾ ਵਿੱਚ ਪਾਰਕ ਬਣਾਇਆ ਜਾਵੇ। ਜਲਾਲਾਬਾਦ ਰੋਡ ਵਾਲੇ ਰੇਲਵੇ ਫਾਟਕ ਦੀ ਜਗ੍ਹਾ, ਰੇਲਵੇ ਓਵਰ ਬ੍ਰਿਜ ਬਨਣ ਨਾਲ ਵੀ ਫਾਟਕੋਂ ਪਾਰ ਵਾਲੇ ਇਲਾਕੇ ਦੀਆਂ ਸਮੱਸਿਆਂਵਾਂ ਦਾ ਨਿਸਤਾਰਨ ਹੋ ਜਾਵੇਗਾ ਅਤੇ ਟਿੱਬੀ ਸਾਹਿਬ ਰੋਡ’ਤੇ ਇੱਕ ਨਵਾਂ ਬਜ਼ਾਰ ਬਨਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Real Estate