ਸੰਵਿਧਾਨ ਦਿਵਸ ਮੌਕੇ ਵਿਰੋਧੀ ਪਾਰਟੀਆਂ ਕਰਨਗੀਆਂ ਸਾਂਝੀ ਮੀਟਿੰਗ ਦਾ ਬਾਈਕਾਟ !

835

ਕਾਂਗਰਸ ਪਾਰਟੀ ਦੀ ਅਗਵਾਈ ਹੇਠ ਕੁਝ ਵਿਰੋਧੀ ਪਾਰਟੀਆਂ ਵੱਲੋਂ ਅੱਜ ਮੰਗਲਵਾਰ ਨੂੰ ਸੰਵਿਧਾਨ ਦਿਵਸ ਮੌਕੇ ਸੰਸਦ ਦੀ ਸਾਂਝੀ ਮੀਟਿੰਗ ਦਾ ਬਾਈਕਾਟ ਕੀਤੇ ਜਾਣ ਦੀ ਸੰਭਾਵਨਾ ਹੈ। ਉਹ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨਗੀਆਂ।ਖ਼ਬਰਾਂ ਅਨੁਸਾਰ ਕਾਂਗਰਸ, ਖੱਬੀਆਂ ਪਾਰਟੀਆਂ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ, ਤੇਲਗੂ ਦੇਸਮ ਪਾਰਟੀ ਅਤੇ ਡੀਐੱਮਕੇ ਵੱਲੋਂ ਮਹਾਰਾਸ਼ਟਰ ’ਚ ਸਿਆਸੀ ਘਟਨਾਕ੍ਰਮ ਅਤੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਦੇ ਅਹੁਦੇ ਅਤੇ ਅਜੀਤ ਪਵਾਰ ਨੂੰ ਉੱਪ–ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਉਣ ਵਿਰੁੱਧ ਸੰਸਦ ਭਵਨ ਅੰਦਰ ਡਾ। ਭੀਮ ਰਾਓ ਅੰਬੇਡਕਰ ਦੇ ਬੁੱਤ ਸਾਹਮਣੇ ਸਾਂਝਾ ਪ੍ਰਦਰਸ਼ਨ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਸਵੇਰੇ ਸਾਂਝੀ ਮੀਟਿੰਗ ਵੀ ਕਰਨਗੀਆਂ ਤੇ ਸੰਵਿਧਾਨ ਦਿਵਸ ਸਮਾਰੋਹ ਦੇ ਬਾਈਕਾਟ ’ਤੇ ਆਖ਼ਰੀ ਫ਼ੈਸਲਾ ਸੁਣਾਉਣਗੀਆਂ। ਇਸ ਦਾ ਮੰਤਵ ਮਹਾਰਾਸ਼ਟਰ ’ਚ ਸਿਆਸੀ ਘਮਸਾਨ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਦੀ ਇੱਕਜੁਟਤਾ ਵਿਖਾਉਣਾ ਹੈ। ਭਾਜਪਾ ਦੀ ਸਾਬਕਾ ਸਹਿਯੋਗੀ ਸ਼ਿਵ ਸੈਨਾ ਵੀ ਇਸ ਵਿਰੋਧ ਵਿੱਚ ਭਾਗ ਲਵੇਗੀ। ਸ਼ਿਵ ਸੈਨਾ ਆਗੂ ਅਨਿਲ ਦੇਸਾਈ, ਅਰਵਿੰਦ ਸਾਵੰਤ ਤੇ ਕੁਝ ਹੋਰ ਆਗੂਆਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ਉੱਤੇ ਮੁਲਾਕਾਤ ਕੀਤੀ ਸੀ ਤੇ ਕਾਂਗਰਸ ਦੇ ਵਿਰੋਧ ਨੂੰ ਆਪਣੀ ਹਮਾਇਤ ਦਿੱਤੀ ਸੀ। ਸਰਕਾਰ ਸੰਵਿਧਾਨ ਸਭਾ ਵੱਲੋਂ ਸੰਵਿਧਾਨ ਨੂੰ ਅਪਣਾਏ ਜਾਣ ਦੇ 70 ਵਰ੍ਹੇ ਮੁਕੰਮਲ ਹੋਣ ਮੌਕੇ ਸੰਸਦ ਦੇ ਕੇਂਦਰੀ ਹਾਲ ਵਿੰਚ ਅੱਜ ਮੰਗਲਵਾਰ ਨੂੰ ਸੰਵਿਧਾਨ ਦਿਵਸ ਮਨਾਉਣ ਵਾਲੀ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ–ਰਾਸ਼ਟਰਪਤੀ ਐੱਮ। ਵੈਂਕਈਆ ਨਾਇਡੂ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨਗੇ।

Real Estate