ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨਾਲ ਸਬੰਧਾਂ ਨੂੰ ਲੈ ਕੇ ਰੰਧਾਵਾ ਮਜੀਠੀਆ ਆਹਮੋ-ਸਾਹਮਣੇ

724

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਦੇ ਅੱਧੀ ਦਰਜਨ ਵਿਧਾਇਕਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਕਾਂਗਰਸੀ ਆਗੂ ਉਪਰ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢੋ ਰੱਦ ਕਰਦਿਆਂ ਸਾਬਕਾ ਅਕਾਲੀ ਮੰਤਰੀ ਨੂੰ ਗੈਂਗਸਟਰ ਕਲਚਰ ਤੇ ਡਰੱਗ ਕਾਰੋਬਾਰ ਦਾ ਪਿਤਾਮਾ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਅਕਾਲੀ ਆਗੂ ਉਪਰ ਭੋਲਾ ਨੇ ਸ਼ਰ੍ਹੇਆਮ 6000 ਕਰੋੜ ਰੁਪਏ ਦੇ ਡਰੱਗ ਕਾਰੋਬਾਰ ਨਾਲ ਜੁੜੇ ਹੋਣ ਦੇ ਦੋਸ਼ ਲਾਏ ਸਨ, ਅੱਜ ਉਹ ਕਿਹੜੇ ਮੂੰਹ ਨਾਲ ਹਾਲ ਦੁਹਾਈ ਪਾ ਰਿਹਾ ਹੈ। ਇਸ ਦੇ ਨਾਲ ਹੀ ਸ। ਰੰਧਾਵਾ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਤਫਤੀਸ਼ ਕਰਵਾਉਣ ਲਈ ਚੀਫ ਜਸਟਿਸ ਕੋਲ ਜਾਣ ਨੂੰ ਤਿਆਰ ਹਨ ਅਤੇ ਨਾਲ ਹੀ ਮਜੀਠੀਆ ਵੀ ਆਪਣੇ ਉਪਰ ਲੱਗੇ ਡਰੱਗ ਤੇ ਗੈਂਗਸਟਰਾਂ ਦੀ ਸਰਪ੍ਰਸਤੀ ਦੇ ਦੋਸ਼ਾਂ ਲਈ ਜਾਂਚ ਲਈ ਨਾਲ ਚੱਲੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਵਿੱਚ ਆਪਣੀ ਸਿਆਸੀ ਸਾਖ ਗਵਾਉਣ ਅਤੇ ਜਨ ਆਧਾਰ ਖੁੱਸ ਜਾਣ ਤੋਂ ਬਾਅਦ ਮਜੀਠੀਆ ਨੇ ਆਪਣੇ ਵਰਕਰਾਂ ਦੀਆਂ ਚਿਤਾਵਾਂ ਉਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਭ ਭਲੀ ਭਾਂਤ ਜਾਣਦੇ ਹਨ ਕਿ ਅਕਾਲੀਆਂ ਦੇ 10 ਸਾਲ ਦੇ ਕੁਸ਼ਾਸਨ ਵਿੱਚ ਹੀ ਪੰਜਾਬ ਵਿੱਚ ਗੈਂਗਸਟਰ ਨਾਮ ਪਹਿਲੀ ਸੁਣਨ ਨੂੰ ਮਿਲਿਆ ਸੀ ਜਿਨ੍ਹਾਂ ਦੀ ਪੁਸ਼ਤ ਪਨਾਹੀ ਤੇ ਸਰਪ੍ਰਸਤੀ ਬਿਕਰਮ ਮਜੀਠੀਆ ਵੱਲੋਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅੱਜ ਇਹ ਆਗੂ ਕਿਹੜੇ ਮੂੰਹ ਨਾਲ ਕਾਂਗਰਸੀਆਂ ਉਪਰ ਗੈਂਗਸਟਰਾਂ ਨਾਲ ਜੁੜੇ ਹੋਣ ਦੇ ਦੋਸ਼ ਲਾਉਂਦੇ ਹਨ।ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੱਥਾਂ ਅਤੇ ਤਸਵੀਰਾਂ ਨੂੰ ਦਿਖਾਉਂਦਿਆਂ ਦੱਸਿਆ ਕਿ ਜਿਸ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਗੈਂਗਸਟਰ ਨਾਲ ਉਸ ਦੇ ਮਿਲੇ ਹੋਣ ਦੇ ਦੋਸ਼ ਲਾਏ ਜਾ ਰਹੇ ਹਨ ਅਸਲ ਵਿੱਚ ਉਹ ਸਭ ਤੋਂ ਵੱਧ ਮਜੀਠੀਆ ਦੇ ਹਲਕੇ ਵਿੱਚ ਸਰਗਰਮ ਰਿਹਾ ਹੈ।

Real Estate