ਇੰਗਲੈਂਡ ਪਹੁੰਚਦਿਆਂ ਆਖਰ ਕਿਉਂ ਬਦਲ ਗਏ ਕੈਪਟਨ ਦੇ ਭਾਰਤ-ਪਾਕਿ ਸਬੰਧਾਂ ਤੇ ਸੁਰ ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਖੁਸ਼ਹਾਲੀ ਤੇ ਵਿਕਾਸ ਲਈ ਪਾਕਿਸਤਾਨ ਨਾਲ ਸ਼ਾਂਤੀ ਤੇ ਦੋਸਤੀ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਭਾਰਤ ਕਥਿਤ ਤੌਰ ’ਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੋਂ ਸਮਰਥਨ ਲੈਣ ਵਾਲੇ ਸਿੱਖਸ ਫਾਰ ਜਸਟਿਸ (ਐੱਸਐਫਜੇ) ਨੂੰ ਦੇਸ਼ ਦੀ ਅਖੰਡਤਾ ਤੇ ਸਥਿਰਤਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ। ਮੁੱਖ ਮੰਤਰੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰੱਖੇ ਵਿਸ਼ੇਸ਼ ਸਮਾਗਮ ਦੌਰਾਨ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਐੱਸਐਫਜੇ ਇਕ ਕੱਟੜ ਅਤਿਵਾਦੀ ਗਰੁੱਪ ਸੀ, ਜਿਸ ਦੀ ਮੁਹਿੰਮ ਦਾ ਕੋਈ ਵਿਚਾਰਧਾਰਕ ਆਧਾਰ ਨਹੀਂ ਸੀ। ਐੱਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਜਿਸ ’ਤੇ ਆਈਐੱਸਆਈ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੰਮ ਕਰਨ ਦਾ ਦੋਸ਼ ਹੈ, ਨੂੰ ਧੋਖੇਬਾਜ਼ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਨੂ ਦਾ ਇੱਕੋ-ਇੱਕ ਮਕਸਦ ਆਈ।ਐੱਸ।ਆਈ। ਦੇ ਏਜੰਡੇ ਨੂੰ ਅੱਗੇ ਵਧਾਉਣਾ ਅਤੇ ਸਿੱਖਾਂ ਤੇ ਭਾਰਤ ਨੂੰ ਵੰਡਣਾ ਹੈ। ਇਸ ਤੋਂ ਪਹਿਲਾਂ ਪਰਵਾਸੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਲਮੀ ਸਮੱਸਿਆਵਾਂ ਦੇ ਹੱਲ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਅਨੁਸਾਰ ਸ਼ਾਂਤੀ ਦੇ ਪਸਾਰ ਲਈ ਗੁਆਂਢੀ ਮੁਲਕਾਂ ਨਾਲ ਦੋਸਤਾਨਾ ਸਬੰਧ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਇਹ ਗੱਲ ਆਖੀ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਬੀਤੇ ਸਮੇਂ ਨੂੰ ਭੁੱਲ ਕੇ ਦੋਸਤੀ ਦੀ ਭਾਵਨਾ ਨਾਲ ਅੱਗੇ ਵਧਦਿਆਂ ਆਪਣੀ ਤਰੱਕੀ ਯਕੀਨੀ ਬਣਾਉਣ।
ਗੁਰੂ ਨਾਨਕ ਦੇਵ ਜੀ ਦੇ ‘ਪਰਮਾਤਮਾ ਇੱਕ ਹੈ’ ਦੇ ਫ਼ਲਸਫ਼ੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਭਵਿੱਖ ਸੁਰੱਖਿਅਤ ਕਰਨ ਅਤੇ ਪੰਜਾਬ ਤੇ ਇਸ ਦੇ ਲੋਕਾਂ ਦੇ ਵਿਕਾਸ ਲਈ ਧਰਮਾਂ-ਜਾਤਾਂ ਦੇ ਵਖ਼ਰੇਵਿਆਂ ਤੋਂ ਉਪਰ ਉੱਠਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਦੂਸ਼ਣ ਅਤੇ ਪਾਣੀ ਦੀ ਘਾਟ ਵਰਗੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਜੋ 550 ਸਾਲ ਪਹਿਲਾਂ ਸੰਕੇਤ ਦਿੱਤਾ ਸੀ, ਉਹ ਹੁਣ ਅਮਲੀ ਰੂਪ ਵਿਚ ਹੋ ਰਿਹਾ ਹੈ। ਗੁਰੂ ਸਾਹਿਬ ਨੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਂਝੇ ਉੱਦਮਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਸੀ।
ਉਨ੍ਹਾਂ ਪਰਵਾਸੀ ਨੂੰ ਅਪੀਲ ਕੀਤੀ ਕੀ ਉਹ ਪਿਛੋਕੜ ਨੂੰ ਯਾਦ ਰੱਖਣ ਅਤੇ ਪੰਜਾਬ ਦੀ ਤਰੱਕੀ ਲਈ ਹਰ ਢੰਗ ਨਾਲ ਯੋਗਦਾਨ ਦੇਣ। ਮੁੱਖ ਮੰਤਰੀ ਨੇ ਬਰਤਾਨੀਆ ਵਿਚਲੇ ਭਾਰਤੀਆਂ ਨੂੰ 5-6 ਦਸੰਬਰ ਨੂੰ ਮੁਹਾਲੀ ਵਿਖੇ ਕਰਵਾਏ ਜਾ ਰਹੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਲਈ ਸੱਦਾ ਦਿੱਤਾ ਤਾਂ ਜੋ ਆਰਥਿਕ ਤਰੱਕੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੂਬੇ ਨੂੰ ਖੇਤੀਬਾੜੀ ਤੋਂ ਉਦਯੋਗਾਂ ਵੱਲ ਲਿਜਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ। ਕਰਤਾਰਪੁਰ ਲਾਂਘੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਿਹਤਰ ਸਬੰਧਾਂ ਦੀ ਸ਼ੁਰੂਆਤ ਦੱਸਦਿਆਂ ਕੈਪਟਨ ਨੇ ਉਮੀਦ ਕੀਤੀ ਕਿ ਇਹ ਕਦਮ ‘ਖੁੱਲ੍ਹੇ ਦਰਸ਼ਨ-ਦੀਦਾਰ’ ਦੀ ਮੰਗ ਕਰਨ ਵਾਲੇ ਭਾਰਤੀਆਂ ਲਈ ਪਾਕਿਸਤਾਨ ਵਿੱਚ ਹੋਰ ਮਹੱਤਵਪੂਰਨ ਧਾਰਮਿਕ ਅਸਥਾਨਾਂ ਵਿਖੇ ਨਤਮਸਤਕ ਹੋਣ ਦਾ ਰਾਹ ਪੱਧਰਾ ਕਰੇਗਾ। ਕੈਪਟਨ ਨੇ ਕਰਤਾਰਪੁਰ ਲਾਂਘੇ ’ਤੇ ਲਾਈ ਸੇਵਾ ਫ਼ੀਸ ਬਾਰੇ ਪਾਕਿਸਤਾਨ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ਰਧਾਲੂਆਂ ਲਈ ਯਾਤਰਾ ਸੁਖਾਲੀ ਕਰਨ ਖ਼ਾਤਰ ਪਾਸਪੋਰਟ ਦੀ ਜ਼ਰੂਰਤ ਬਾਰੇ ਵੀ ਮੁੜ ਸੋਚਿਆ ਜਾਵੇ। ਕੈਪਟਨ ਨੇ ਕਿਹਾ ਕਿ ਸਾਰੇ ਧਾਰਮਿਕ ਸਥਾਨ ਹਰ ਭਾਈਚਾਰੇ ਲਈ ਖੁੱਲ੍ਹੇ ਹਨ। ਅਜਮੇਰ ਸ਼ਰੀਫ਼ ਤੇ ਨਿਜ਼ਾਮੂਦੀਨ ਦਰਗਾਹ ’ਤੇ ਆਉਣ ਲਈ ਵੀ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਤੇ ਇਸ ਤਰ੍ਹਾਂ ਕੋਈ ਫ਼ੀਸ ਨਹੀਂ ਲਈ ਜਾਂਦੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਸਬੰਧਤ ਮਹਿਕਮੇ ਨੂੰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸ਼ਨਾਖ਼ਤ ਲਈ ਹੋਰ ਦਸਤਾਵੇਜ਼ ਦੇਖੇ ਜਾ ਸਕਦੇ ਹਨ।
ਸਿੱਖਸ ਫਾਰ ਜਸਟਿਸ (ਐੱਸਜੇਐਫ) ਵੱਲੋਂ ਬਰਮਿੰਘਮ ’ਚ ਐਤਵਾਰ ਰਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਾਲੇ ਸਥਾਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਇਸ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਤੇ ਇਹ ਇਕ ਤਰ੍ਹਾਂ ਨਾਕਾਮ ਸਾਬਿਤ ਹੋਇਆ। ਸਥਾਨਕ ਸਿੱਖ ਭਾਈਚਾਰੇ ਵੱਲੋਂ ਇਸ ਨੂੰ ਸਮਰਥਨ ਜਾਂ ਸਹਿਯੋਗ ਨਹੀਂ ਦਿੱਤਾ ਗਿਆ। ਬੁਲਾਰੇ ਮੁਤਾਬਕ ਮੁੱਠੀ ਭਰ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੇ ਪ੍ਰੋਗਰਾਮ ’ਚ ਅੜਿੱਕਾ ਪਾਉਣ ’ਚ ਸਫ਼ਲ ਨਹੀਂ ਹੋ ਸਕੇ।

Real Estate