ਸੁਪਰੀਮ ਕੋਰਟ ‘ਚ ਸੋਮਵਾਰ ਮਹਾਰਾਸ਼ਟਰ ਸਰਕਾਰ ਬਾਰੇ ਫ਼ੈਸਲਾ: ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ

1034

ਮਹਾਰਾਸ਼ਟਰ ’ਚ ਸਵੇਰੇ-ਸਵੇਰੇ ਅਚਾਨਕ ਭਾਜਪਾ ਦੀ ਅਗਵਾਈ ਹੇਠ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਸਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਨੂੰ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਵਿਰੁੱਧ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ’ਚ ਅੱਜ ਐਤਵਾਰ ਨੂੰ ਸੁਣਵਾਈ ਦੌਰਾਨ ਮੁੱਦਈ ਪਾਰਟੀਆਂ ਦੇ ਗੱਠਜੋੜ ਨੇ ਕਿਹਾ ਕਿ ਜੇ ਭਾਜਪਾ ਕੋਲ ਬਹੁਮੱਤ ਹੈ, ਤਾਂ ਉਹ ਅੱਜ ਹੀ ਵਿਧਾਨ ਸਭਾ ਦੇ ਸਦਨ ’ਚ ਆਪਣਾ ਬਹੁਮੱਤ ਸਿੱਧ ਕਰ ਕੇ ਵਿਖਾਏ।ਸੁਪਰੀਮ ਕੋਰਟ ਨੇ ਇਹ ਮਾਮਲਾ ਭਲਕੇ ਸੋਮਵਾਰ 10:30 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਇੰਝ ਮਹਾਰਾਸ਼ਟਰ ਦੀ ਸਿਆਸਤ ਬਾਰੇ ਫ਼ੈਸਲਾ ਦੇਸ਼ ਦੀ ਸਰਬਉੱਚ ਅਦਾਲਤ ਕੱਲ੍ਹ ਹੀ ਸੁਣਾਏਗੀ। ਇਹ ਮਾਮਲਾ ਭਲਕੇ 10:30 ਵਜੇ ਤੱਕ ਲਈ ਮੁਲਤਵੀ ਕਰਨ ਤੋਂ ਪਹਿਲਾਂ ਅਦਾਲਤ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਵੀ ਜਾਰੀ ਕੀਤੇ। ਇਸ ਤੋਂ ਪਹਿਲਾਂ ਤਿੰਨ ਪਾਰਟੀਆਂ – ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਗੱਠਜੋੜ ਵੱਲੋਂ ਪੇਸ਼ ਹੋਏ ਵਕੀਲ ਸ੍ਰੀ ਕਪਿਲ ਸਿੱਬਲ ਨੇ ਕਿਹਾ ਕਿ ਅਦਾਲਤ ਨੂੰ ਅੱਜ ਹੀ ਭਾਜਪਾ ਨੂੰ ਸਦਨ ’ਚ ਆਪਣਾ ਬਹੁਮੱਤ ਸਿੱਧ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ। ਜੇ ਭਾਜਪਾ ਕੋਲ ਬਹੁਮੱਤ ਹੈ, ਤਾਂ ਉਸ ਨੂੰ ਵਿਧਾਨ ਸਭਾ ’ਚ ਉਸ ਨੂੰ ਸਿੱਧ ਕਰਨਾ ਚਾਹੀਦਾ ਹੈ। ਜੇ ਉਹ ਦਾਅਵਾ ਨਹੀਂ ਕਰਦੇ, ਤਾਂ ਸਾਨੂੰ ਦਾਅਵਾ ਕਰਨ ਦੇਣਾ ਚਾਹੀਦਾ ਹੈ। ਸਿੱਬਲ ਨੇ ਕਿਹਾ ਕਿ ਸਨਿੱਚਰਵਾਰ ਸਵੇਰੇ 5:17 ਵਜੇ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਰਾਜ ਹਟਾ ਦਿੱਤਾ ਤੇ ਸਵੇਰੇ 8:02 ਵਜੇ ਦੋ ਜਣਿਆਂ ਨੇ ਮੁੱਖ ਮੰਤਰੀ ਅਤੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਲਈ ਕਿਹੜੇ ਦਸਤਾਵੇਜ਼ ਦਿੱਤੇ ਗਏ? ਤਦ ਜਸਟਿਸ ਭੂਸ਼ਣ ਨੇ ਪੁੱਛਿਆ ਕਿ ਜਦੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਭਾਜਪਾ ਨੂੰ ਚਿੱਠੀ ਦਿੱਤੀ ਸੀ, ਤਾਂ ਕੀ ਉਨ੍ਹਾਂ ਕੋਲ ਸਰਕਾਰ ਬਣਾਉਣ ਲਈ ਬਹੁਮੱਤ ਸੀ। ਸ਼ਿਵ ਸੈਨਾ ਲਈ ਸੁਪਰੀਮ ਕੋਰਟ ’ਚ ਪੇਸ਼ ਹੋਏ ਕਪਿਲ ਸਿੱਬਲ ਨੇ ਕਿਹਾ ਕਿ ਰਾਜ ਵਿੱਚ ਬਹੁਮੱਤ 145 ਸੀਟਾਂ ਦਾ ਹੈ। ਚੋਣਾਂ ਤੋਂ ਪਹਿਲਾਂ ਦਾ ਗੱਠਜੋੜ ਪਹਿਲਾਂ ਆਉਂਦਾ ਹੈ। ਪਰ ਉਹ ਗੱਠਜੋੜ ਟੁੱਟ ਗਿਆ ਸੀ। ਹੁਣ ਅਸੀਂ ਚੋਣਾਂ ਤੋਂ ਬਾਅਦ ਦੇ ਗੱਠਜੋੜ ’ਤੇ ਭਰੋਸਾ ਕਰ ਰਹੇ ਹਾਂ। ਸਿੱਬਲ ਨੇ ਐਤਵਾਰ ਨੂੰ ਅਦਾਲਤ ਸੱਦੇ ਜਾਣ ਲਈ ਜੱਜਾਂ ਤੋਂ ਮਾਫ਼ੀ ਮੰਗੀ।

Real Estate