ਜਾਇਦਾਦਾਂ ਤੇ ਕਬਜਾ ਕਰਨ ਲਈ ਗੈਰਨਿਵਾਸੀ ਭਾਰਤੀਆਂ ਨੂੰ ਦਹਿਸਤਜ਼ਦਾ ਕਰ ਰਿਹੈ ਸਿਆਸੀ ਸ੍ਰਪਰਸਤੀ ਵਾਲਾ ਲੈਂਡਮਾਫੀਆ

ਇਟਲੀ ਨਿਵਾਸੀ ਹਰਨੇਕ ਸਿੰਘ ਦੀ ਜਾਇਦਾਦ ਹੜੱਪਣ ਦੇ ਯਤਨ ਮਾਮਲੇ ਸਬੰਧੀ ਐੱਨ ਆਰ ਆਈ ਕਮਿਸਨ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਕੀਤਾ ਤਲਬ, ਸੁਣਵਾਈ 29 ਨਵੰਬਰ ਨੂੰ ਹੋਵੇਗੀ। ਜਾਇਦਾਦਾਂ ਤੇ ਲੱਠਮਾਰਾਂ ਸਿਆਸਤਦਾਨਾਂ ਅਤੇ ਤਾਬਿਆਦਾਰ ਪੁਲਿਸ ਅਧਿਕਾਰੀਆਂ ਦੀ ਤਿੱਕੜੀ ਨੇ ਹੜੱਪਣ ਲਈ ਬਾਜ ਅੱਖ ਰੱਖੀ ।

ਬਠਿੰਡਾ/ 24 ਨਵੰਬਰ/ ਬਲਵਿੰਦਰ ਸਿੰਘ ਭੁੱਲਰ

ਲੱਠਮਾਰਾਂ ਅਤੇ ਸਿਆਸਤਦਾਨਾਂ ਤੇ ਅਧਾਰਿਤ ਲੈਂਡਮਾਫੀਆ ਨੇ ਪੰਜਾਬ ਨਾਲ ਸਬੰਧ ਗੈਰਨਿਵਾਸੀ ਭਾਰਤੀਆਂ ਨੂੰ ਇਸ ਕਦਰ ਦਹਿਸਤਜ਼ਦਾ ਕੀਤਾ ਹੋਇਐ, ਕਿ ਕੌਡੀਆਂ ਦੇ ਭਾਅ ਜਾਇਦਾਦਾਂ ਵੇਚ ਕੇ ਉਹ ਆਪਣੇ ਪੁਰਖਿਆਂ ਦੀ ਧਰਤੀ ਨੂੰ ਆਖ਼ਰੀ ਫਤਹਿ
ਬੁਲਾਉਣ ਲਈ ਮਜਬੂਰ ਹੋ ਰਹੇ ਹਨ। ਜੜਾਂ ਨਾਲ ਜੁੜੇ ਰਹਿਣ ਦੀ ਚਾਹਤ ਨਾਲ ਅਗਰ ਕੋਈ ਗੈਰਤਮੰਦ ਅਜਿਹਾ ਕਰਨ ਤੋਂ ਇਨਕਾਰੀ ਹੋ ਜਾਵੇ ਤਾਂ ਡਾਢਿਆਂ ਦੀ ਤਾਬਿਆਦਾਰ ਪੁਲਿਸ ਦੇ ਹੱਥੋਂ ਉਹਨਾਂ ਨੂੰ ਇਸ ਕਦਰ ਖੱਜਲ ਖੁਆਰ ਹੋਣਾ ਪੈਂਦਾ ਹੈ ਕਿ ਉਹ ਮਾਨਸਿਕ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ 1984 ਤੋਂ ਇਟਲੀ ਦਾ ਪਰਵਾਸ਼ ਹੰਢਾ ਰਹੇ ਇਸ ਜਿਲ੍ਹੇ ਦੇ ਕਸਬਾ ਭਗਤਾ ਭਾਈ ਕਾ ਨਾਲ ਸਬੰਧਤ ਸ੍ਰੀ ਹਰਨੇਕ ਸਿੰਘ ਨੇ ਥਾਨਾ ਨਥਾਨਾ ਤਹਿਤ ਪੈਂਦੇ ਪਿੰਡ ਕਲਿਆਣਾ ਸੱਦਾ ਵਿਖੇ 1992 ਤੋਂ 2002 ਦੇ ਸਮੇਂ ਦਰਮਿਆਨ ਸਾਢੇ ਸੋਲਾਂ ਏਕੜ ਜਮੀਨ ਖਰੀਦੀ ਸੀ। ਇਸ ਜਾਇਦਾਦ ਦੀ ਸਾਂਭ ਸੰਭਾਲ ਲਈ ਉਸਨੇ ਆਪਣੇ ਵੱਡੇ ਭਰਾ ਬਲਦੇਵ ਸਿੰਘ ਨੂੰ 1996 ਵਿੱਚ ਮੁਖਤਾਰੇਆਮ ਨਿਯੁਕਤ ਕਰ ਦਿੱਤਾ ਸੀ, ਲੇਕਿਨ ਉਸ ਦੀ ਨੀਅਤ ਤੇ ਸ਼ੱਕ ਪੈਣ ਦੀ ਵਜਾਹ ਕਾਰਨ ਹਰਨੇਕ ਸਿੰਘ ਨੇ 2006 ਵਿੱਚ ਮੁਖਤਾਰਨਾਮਾ ਤੁੜਵਾ ਦਿੱਤਾ ਸੀ। ਭਰਾਵਾਂ ਦੀ ਫਿੱਕ ਪੈਣ ਦੀ ਭਿਣਕ ਲੱਗਣ ਤੇ ਮਾਲਵਾ ਖਿੱਤੇ ਵਿੱਚ ਸਰਗਰਮ ਕੁੱਝ ਲੱਠਮਾਰਾਂ ਜਿਹਨਾਂ ਨੂੰ ਚਿੱਟੇ ਤੇ ਨੀਲੇ ਰੰਗ ਦੇ ਸਿਆਸਤਦਾਨਾਂ ਤੋਂ ਸਰਪ੍ਰਸਤੀ ਹਾਸਲ ਕਰਨ ਦੀ ਮੁਹਾਰਤ ਹੈ, ਨੇ ਬਲਦੇਵ ਸਿੰਘ ਤੋਂ ਰੱਦ ਹੋ ਚੁੱਕੇ ਮੁਖਤਾਰਨਾਮੇ ਦੀ ਫੋਟੋ ਸਟੈਟ ਕਾਪੀ ਦੇ ਜ਼ਰੀਏ ਸਾਰੀ ਜਮੀਨ ਦੀ ਰਜਿਸਟਰੀ 30 ਜੂਨ 2014 ਨੂੰ ਆਪਣੇ ਨਾ ਕਰਵਾ ਲਈ। ਦਿਲਚਸਪ ਤੱਥ ਇਹ ਹੈ ਕਿ 1 ਕਰੋੜ 64 ਲੱਖ 72 ਹਜ਼ਾਰ ਰੁਪਏ ਵਿੱਚ ਦਿਖਾਏ ਜਮੀਨ ਦੇ ਸੌਦੇ ਦੇ ਇਵਜ਼ ਵਜੋਂ ਮਾਫੀਆ ਸਰਗਨਿਆਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਭਦੌੜ ਬਰਾਂਚ ਨਾਲ ਸਬੰਧਤ 62 ਲੱਖ ਰੁਪਏ ਦੇ ਚੈ¤ਕ ਨਾਲ ਅਦਾਇਗੀ ਕਰਨ ਦਾ ਦਾਅਵਾ ਕੀਤਾ ਹੈ, ਉਸ ਖਾਤੇ ਵਿੱਚ ਚੈੱਕ ਕੱਟਣ ਵੇਲੇ ਸਿਰਫ਼ 144 ਰੁਪਏ ਦੀ ਰਕਮ ਜਮਾਂ ਸੀ। ਇਸ ਜਮੀਨ ਤੇ ਕਬਜੇ ਨੂੰ ਸੁਖਾਲਾ ਬਣਾਉਣ ਦੇ ਯਤਨ ਵਜੋਂ ਆਪਣੇ ਸਿਆਸੀ ਆਕਿਆਂ ਦੀ ਮੱਦਦ ਨਾਲ ਮਾਫ਼ੀਆ ਸਰਗਨਿਆਂ ਨੇ ਹਰਨੇਕ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਜੋ ਖ਼ੁਦ ਵੀ ਇਟਲੀ ਦਾ ਨਾਗਰਿਕ
ਹੈ, ਦੇ ਖਿਲਾਫ 4 ਜੂਨ 2016 ਨੂੰ ਥਾਨਾ ਦਿਆਲਪੁਰਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 323, 324, 326 ਅਤੇ 34 ਅਧੀਨ ਮੁਕੱਦਮਾ ਦਰਜ ਕਰ ਦਿੱਤਾ, ਨਜਾਇਜ ਹੋਣ ਦੀ ਵਜਾਹ ਕਾਰਨ ਜਿਸਨੂੰ ਰਾਮਪੁਰਾਫੂਲ ਦੀ ਅਦਾਲਤ ਨੇ ਬਰੀ ਕਰ ਦਿੱਤਾ। ਬਾਵਜੂਦ ਇਸਦੇ ਕਿ ਜਮੀਨ ਤੇ ਹਰਨੇਕ ਸਿੰਘ ਦੇ ਪਰਿਵਾਰ ਦਾ ਹੀ ਕਬਜਾ ਬਰਕਰਾਰ ਰਿਹਾ ਤੇ ਹੈ, ਫਿਰ ਵੀ ਸਿਆਸਤਦਾਨਾਂ ਦੇ ਦਖ਼ਲ ਨਾਲ ਮਾਫ਼ੀਆ ਸਰਗਨੇ ਨੇ ਗਿਰਦਾਵਰੀ ਆਪਣੇ ਨਾਂ ਕਰਵਾ ਲਈ, ਜਿਸਨੂੰ ਲੰਬੀ ਕਾਨੂੰਨੀ ਲੜਾਈ ਲੜਣ ਉਪਰੰਤ ਹਰਨੇਕ ਸਿੰਘ ਵਗੈਰਾ ਨੇ ਰੱਦ ਕਰਵਾ ਦਿੱਤਾ। ਹਾਲਾਂਕਿ 2017 ਵਿੱਚ ਅਕਾਲੀ ਦਲ ਦੀ ਥਾਂ ਤੇ ਕਾਂਗਰਸੀ ਸਰਕਾਰ ਆ ਗਈ, ਮਾਫ਼ੀਆ ਸਰਗਨਿਆਂ ਨੇ ਨਵੇਂ ਸਿਆਸੀ ਹਾਕਮਾਂ ਦੀ ਸ੍ਰਪਰਸਤੀ ਹਾਸਲ ਕਰਦਿਆਂ ਹਰਨੇਕ ਸਿੰਘ, ਉਸਦੇ ਬੇਟੇ ਗੁਰਿੰਦਰ ਸਿੰਘ ਅਤੇ ਹੋਰਾਂ ਖਿਲਾਫ ਥਾਨਾ ਦਿਆਲਪੁਰਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 307, 120 ਬੀ, 34 ਤੇ ਅਸਲਾ ਐਕਟ ਅਧੀਨ 21 ਅਕਤੂਬਰ 2018 ਨੂੰ ਮੁਕੱਦਮਾ ਦਰਜ ਕਰਵਾਉਣ ਉਪਰੰਤ ਦੋ ਦਿਨ ਬਾਅਦ ਭਾਵ 23 ਅਕਤੂਬਰ ਨੂੰ ਉਸਦੀ ਝੋਨੇ ਦੀ ਫ਼ਸਲ ਵੱਢ ਲਈ। ਦਿਲਚਸਪ ਤੱਥ ਇਹ ਹੈ ਕਿ ਇਸ ਦਾਦਾਗਿਰੀ ਦੇ ਜ਼ਰੀਏ ਹੋਰ ਗੈਰਨਿਵਾਸੀ ਭਾਰਤੀਆਂ ਨੂੰ ਦਹਿਸਤਜ਼ਦਾ ਕਰਨ ਦੀ ਨੀਅਤ ਨਾਲ ਇਸ ਸਾਰੇ ਵਰਤਾਰੇ ਨੂੰ ਸੋਸਲ ਮੀਡੀਆ ਤੇ ਲਾਈਵ ਕਰ ਦਿੱਤਾ। ਆਪਣੇ ਖਿਲਾਫ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਇਹ ਐੱਨ ਆਰ ਆਈ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਦੇ ਨਾਲ ਨਾਲ ਜਬਰੀ ਵੱਢੀ ਹੋਈ ਆਪਣੀ ਫ਼ਸਲ ਦੇ ਦੋਸੀਆਂ ਵਿਰੁੱਧ ਪਰਚਾ ਦਰਜ ਕਰਵਾਉਣ ਵਾਸਤੇ ਸਰਕਾਰੇ ਦਰਬਾਰੇ ਤਰਲੇ ਮਿੰਨਤਾ ਕਰਦਾ ਰਿਹਾ, ਪਰ
ਕਿਸੇ ਨੇ ਨਾ ਸੁਣੀ। ਲੰਬੀ ਚੌੜੀ ਪੜਤਾਲ ਕਰਨ ਉਪਰੰਤ ਪੰਜਾਬ ਪੁਲਿਸ ਦੇ ਐਨ ਆਰ ਆਈ ਵਿੰਗ ਦੇ ਉਸ ਵੇਲੇ ਦੇ ਏ ਡੀ ਜੀ ਪੀ ਨੇ ਮੁਕੱਦਮਾ ਦਰਜ ਕਰਨ ਲਈ ਆਈ ਜੀ ਬਠਿੰਡਾ ਨੂੰ 3 ਅਪਰੈਲ 2019 ਨੂੰ ਲਿਖਤੀ ਹਦਾਇਤ ਭੇਜ ਦਿੱਤੀ, ਜੋ ਉਹਨਾਂ ਐੱਸ ਐੱਸ ਪੀ ਬਠਿੰਡਾ ਨੂੰ ਮਾਰਕ ਕਰ ਦਿੱਤੀ। ਜਿਕਰਯੋਗ ਹੈ ਕਿ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਹਿਤ ਗੁਰਿੰਦਰ ਨੇ ਜੋ ਦਰਖਾਸਤ ਏ ਡੀ ਜੀ ਪੀ ਅਪਰਾਧ ਨੂੰ ਮਿਲ ਕੇ 3 ਅਪਰੈਲ 2019 ਨੂੰ ਦਿੱਤੀ ਸੀ, ਐੱਸ ਐੱਸ ਪੀ ਨੇ ਉਸਦੀ ਪੜਤਾਲ ਐੱਸ ਪੀ ਟਰੈਫਿਕ ਨੂੰ ਸੌਂਪ ਦਿੱਤੀ।
ਇੱਥੇ ਇਹ ਜਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਬਰੀ ਫ਼ਸਲ ਵੱਢਣ ਸਬੰਧੀ ਕੇਸ ਰਜਿਸਟਰ ਕਰਨ ਲਈ ਜੋ ਹਦਾਇਤ ਏ ਡੀ ਜੀ ਪੀ ਨੇ ਆਈ ਜੀ ਨੂੰ ਭੇਜੀ ਸੀ, ਉਸਤੇ ਅਮਲ ਕਰਨ ਦੇ ਉਲਟ ਐੱਸ ਐੱਸ ਪੀ ਨੇ ਆਪਣੇ ਸੀਨੀਅਰ ਅਧਿਕਾਰੀ ਦੇ ਹੁਕਮ ਨੂੰ ਚਣੌਤੀ ਦਿੰਦਿਆਂ ਮੁੜ ਪੜਤਾਲ ਲਈ ਮਾਮਲਾ ਐ¤ਸ ਪੀ ਟਰੈਫਿਕ ਨੂੰ ਸੌਂਪ ਦਿੱਤਾ। ਸਿਤਮ ਜ਼ਰੀਫੀ ਇਹ ਕਿ ਐੱਸ ਪੀ ਟਰੈਫਿਕ ਵੱਲੋਂ ਕੀਤੀ ਪੜਤਾਲ ਦੇ ਅਧਾਰ ਤੇ ਬਣਦੀ ਕਾਰਵਾਈ ਕਰਨ ਦੇ ਬਜਾਏ ਐੱਸ ਐੱਸ ਪੀ ਨੇ ਮਹੀਨਿਆਂ ਬੱਧੀ ਉਕਤ ਰਿਪੋਰਟਾਂ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ। ਬੁਰੀ ਤਰ੍ਹਾਂ ਪਰੇਸਾਨ ਗੁਰਿੰਦਰ ਨੇ ਇਨਸਾਫ ਲਈ ਜਦ 29 ਅਕਤੂਬਰ 2019 ਨੂੰ ਐ¤ਨ ਆਰ ਆਈ ਕਮਿਸਨ ਪੰਜਾਬ ਦੇ ਦਰ ਤੇ ਜਾ ਦਸਤਕ ਦਿੱਤੀ, ਤਾਂ ਕਮਿਸਨ ਨੇ ਏ ਡੀ ਜੀ ਪੀ ਐ¤ਨ ਆਰ ਆਈ ਅਤੇ
ਐ¤ਸ ਐ¤ਸ ਪੀ ਬਠਿੰਡਾ ਤੋਂ 21 ਨਵੰਬਰ ਲਈ ਜੁਆਬ ਤਲਬ ਕਰ ਲਿਆ। ਨਤੀਜੇ ਵਜੋਂ ਆਪਣੇ ਆਪ ਨੂੰ ਸੁਰੱਖਿਅਤ ਬਣਾਉਣ ਲਈ ਉਹਨਾਂ ਕੁੱਝ ਨਵੇਂ ਸੁਆਲ ਖੜੇ ਕਰਦਿਆਂ ਐ¤ਸ ਪੀ ਟਰੈਫਿਕ ਤੋਂ ਮੁੜ ਟਿੱਪਣੀਆਂ ਮੰਗ ਲਈਆਂ। 21 ਨਵੰਬਰ ਨੂੰ ਰਿਪੋਰਟ ਨਾ ਮਿਲਣ ਤੇ ਕਮਿਸਨ ਨੇ ਅਗਲੇ ਦਿਨ ਲਈ ਐ¤ਸ ਐ¤ਸ ਪੀ ਬਠਿੰਡਾ ਨੂੰ ਨਿੱਜੀ ਤੌਰ ਤੇ ਤਲਬ ਲਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।
ਸੁਆਲਾਂ ਦਾ ਸੁਆਲ ਇਹ ਹੈ ਕਿ ਆਰਥਿਕ ਤੌਰ ਤੇ ਸਮਰੱਥ ਹੋਣ ਦੇ ਬਾਵਜੂਦ ਪੰਜਾਬ ਦੇ ਗੈਰਨਿਵਾਸੀ ਭਾਰਤੀ ਆਪਣੇ ਸੂਬੇ ਵਿੱਚ ਹੋਰ ਨਿਵੇਸ਼ ਕਿਉਂ ਕਰਨਗੇ? ਜਦੋਂ ਉਹਨਾਂ ਦੀਆਂ ਜਾਇਦਾਦਾਂ ਤੇ ਲੱਠਮਾਰਾਂ ਸਿਆਸਤਦਾਨਾਂ ਅਤੇ ਤਾਬਿਆਦਾਰ ਪੁਲਿਸ ਅਧਿਕਾਰੀਆਂ ਦੀ ਤਿੱਕੜੀ ਨੇ ਹੜੱਪਣ ਲਈ ਬਾਜ ਅੱਖ ਰੱਖੀ ਹੋਈ ਹੈ।

 

Real Estate