ਕੀਵੀ ਪੰਜਾਬੀ ਐਵਾਰਡਜ਼’ ਦੌਰਾਨ ਪੰਜ ਆਦਰਸ਼ਕ ਪੁਰਸਕਾਰਾਂ ਨਾਲ ਵੱਖ-ਵੱਖ ਸਖਸ਼ੀਅਤਾਂ ਸਨਮਾਨਿਤ

1244

ਏਥਨਿਕ ਮੰਤਰੀ, ਹਾਈ ਕਮਿਸ਼ਨਰ ਪਾਕਿਸਤਾਨ, ਆਨਰੇਰੀ ਕੌਂਸਿਲ ਭਵ ਢਿੱਲੋਂ ਤੇ ਸ. ਅਵਤਾਰ ਸਿੰਘ ਗਿਰਨ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਾਕ ਟਿਕਟ ਜਾਰੀ ਕੀਤੀ
ਫੋਕਸ ‘ਤੇ ਰਹੇ ਪ੍ਰਸਿੱਧ ਪੱਤਰਕਾਰ ਪਰਮਵੀਰ ਸਿੰਘ ਬਾਠ ਨੇ ਲੁੱਟਿਆ ਸਮਾਗਮ ਦਾ ‘ਪ੍ਰਾਈਮ ਟਾਈਮ’
ਔਕਲੈਂਡ 23 ਨਵੰਬਰ-(ਹਰਜਿੰਦਰ ਸਿੰਘ ਬਸਿਆਲਾ)- ਕਹਿੰਦੇ ਨੇ ਆਪਣੇ ਆਪ ਦਾ ਸਤਿਕਾਰ ਸਾਡੇ ਨੈਤਿਕ ਮਾਰਗਾਂ ਤੇ ਮਾਰਗ ਦਰਸ਼ਨ ਕਰਵਾਉਂਦਾ ਹੈ ਅਤੇ ਦੂਸਰਿਆਂ ਦਾ ਸਤਿਕਾਰ ਸਾਡੇ ਆਚਾਰਾਂ ਤੇ ਵਿਵਹਾਰਾਂ ਨੂੰ ਸੇਧ ਦਿੰਦਾ ਹੈ। ਆਪਣੇ ਸਤਿਕਾਰ ਲਈ ਹਰ ਕੋਈ ਜਿੱਥੇ ਖੁੱਲ੍ਹੀ ਕਿਤਾਬ ਵਾਂਗ ਪਰਿਚੈ ਦੇ ਜਾਂਦਾ ਹੈ ਦੂਸਰਿਆਂ ਦੇ ਸਤਿਕਾਰ ਵੇਲੇ ਕਈ ਵਾਰ ਕੰਜੂਸੀ ਵਾਲਾ ਕਾਇਦਾ ਖੋਲ੍ਹ ਬੈਠਦਾ ਹੈ। ਪਰ ਜੋ ਖੁਸ਼ੀ ਦੂਜਿਆਂ ਨੂੰ ਸਤਿਕਾਰ ਦੇ ਕੇ ਤੁਹਾਡੇ ਵੱਲ੍ਹ ਮੁੱਖ ਮੋੜ੍ਹਦੀ ਹੈ ਉਹ ਚਿਰ ਸਥਾਈ ਬਣੀ ਰਹਿੰਦੀ ਹੈ। ਇਹੀ ਜਿਹੀ ਖੁਸ਼ੀ ਦੇ ਪਿਛਲੇ ਤਿੰਨ ਸਾਲ ਤੋਂ ‘ਨਿਊਜ਼ੀਲੈਂਡ ਪੰਜਾਬੀ ਮਲਟੀ ਮੀਡੀਆ ਟਰੱਸਟ’ ਵਾਲੇ ਪਾਤਰ ਬਣੇ ਹੋਏ ਹਨ। ਅੱਜ ਉਨ੍ਹਾਂ ਤੀਜਾ ‘ਕੀਵੀ ਪੰਜਾਬੀ ਐਵਾਰਡਜ਼’ ਸਮਾਗਮ ਕਰਵਾ ਕੇ ਆਪਣੇ ਸਫ਼ਰ ਦੀ ਇਕ ਹੋਰ ਮੰਜ਼ਿਲ ਗੱਡ ਦਿੱਤੀ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕ ਟਿਕਟ ਜਾਰੀ ਕਰਕੇ ਇਸਨੂੰ ਇਤਿਹਾਸਕ ਰੰਗ ਵਿਚ ਰੰਗਿਆ। ਡਾਕ ਟਿਕਟ ਲਈ ਦੇਸ਼ ਦੀ ਏਥਨਿਕ ਮਾਮਲਿਆਂ ਦੀ ਮੰਤਰੀ ਜੈਨੀ ਸਾਲੀਸਾ, ਪਾਕਿਸਤਾਨ ਦੂਤ ਘਰ ਦੇ ਹਾਈ ਕਮਿਸ਼ਨਰ ਡਾ। ਅਬਦੁਲ ਮਲਿਕ, ਆਨਰੇਰੀ ਕੌਂਸਿਲ ਸ। ਭਵਦੀਪ ਸਿੰਘ ਢਿੱਲੋਂ, ਪ੍ਰਸਿੱਧ ਬਿਜ਼ਨਸਮੈਨ ਸ। ਅਵਤਾਰ ਸਿੰਘ ਗਿੱਲ, ਸ। ਪਰਮਵੀਰ ਸਿੰਘ ਬਾਠ, ਸ੍ਰੀ ਰਾਹੁਲ ਚੋਪੜਾ, ਮਾਣਯੋਗ ਜੱਜ ਅਜੀਤ ਸਵਰਨ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਇਸ ਡਾਕ ਟਿਕਟ ਨੂੰ ਜਾਰੀ ਕੀਤਾ। ਇਸ ਡਾਕ ਟਿਕਟ ਨੂੰ ਫਰੇਮ ਕਰਕੇ ਸਾਰੇ ਸਪਾਂਸਰਜ਼ ਅਤੇ ਮੀਡੀਆ ਨੂੰ ਨਿਸ਼ਾਨੀ ਵੱਜੋਂ ਪੇਸ਼ ਕੀਤਾ ਗਿਆ। ਵਕਾਰੀ ਐਵਾਰਡਾਂ ਦੇ ਵਿਚ ਪਹਿਲਾ ਆਨਰੇਰੀ ਐਵਾਰਡ ਅਰਵਿੰਦਰ ਕੌਰ ਜੋ ਕਿ ਟੌਂਗਨ ਮੂਲ ਦੀ ਹੈ, ਨੂੰ ਦਿੱਤਾ ਗਿਆ। ਅਰਵਿੰਦਰ ਕੌਰ ਦੂਜੇ ਦੇਸ਼ ਦੀ ਹੋਣ ਦੇ ਬਾਵਜੂਦ ਸਿੱਖੀ ਸਰੂਪ ਦੇ ਵਿਚ ਸਜੀ ਹੋਈ ਹੈ ਅਤੇ ਉਸਨੇ ਸਿੱਖ ਇਤਿਹਾਸ ਪੜ੍ਹ ਕੇ ਆਪਣੇ ਪਰਿਰਵਾਰ ਨੂੰ ਅੰਮ੍ਰਿਤਧਾਰੀ ਬਣਾਇਆ। ਦੂਜਾ ਕਮਿਊਨਿਟੀ ਐਵਾਰਡ ਤਰਕਸ਼ੀਲ ਅਵਤਾਰ ਸਿੰਘ ਪੁੱਕੀਕੋਹੀ ਨੂੰ ਦਿੱਤਾ ਗਿਆ। ਸ। ਅਵਤਾਰ ਸਿੰਘ ਪੁੱਕੀ ਕੋਹੀ ਨੇ ਆਪਣੇ ਖਰਚੇ ਦੇ ਉਤੇ ਹੁਣ ਤੱਕ ਹਜ਼ਾਰਾਂ ਕਿਤਾਬਾਂ ਵੱਖ-ਵੱਖ ਸਕੂਲਾਂ ਅਤੇ ਲਾਇਬ੍ਰੇਰੀਆਂ ਨੂੰ ਦਿੱਤੀਆਂ ਹਨ। ਤੀਜਾ ਵੱਡਾ ਐਵਾਰਡ ਵੋਮੈਨ ਆਫ ਦਾ ਯੀਅਰ ਐਵਾਰਡ ਇਸ ਵਾਰ ਸੀਨੀਅਰ ਪੁਲਿਸ ਕਾਂਸਟੇਬਲ ਮੰਦੀਪ ਕੌਰ ਸਿੱਧੂ ਚੰਡੀਗੜ੍ਹ ਵਾਲਿਆਂ ਨੂੰ ਦਿੱਤਾ ਗਿਆ। ਮੰਦੀਪ ਕੌਰ ਸਿੱਧੂ ਨਿਊਜ਼ੀਲੈਂਡ ਪੁਲਿਸ ਦੇ ਵਿਚ ਪਹਿਲੇ ਪੰਜਾਬੀ ਕਾਂਸਟੇਬਲ ਹਨ ਜਿਨ੍ਹਾਂ ਨੇ ਫਰਵਰੀ 2004 ਦੇ ਵਿਚ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ। ਚੌਥਾ ਵਕਾਰ ਐਵਾਰਡ ਆਰਟ ਐਂਡ ਕਲਚਰ ਲਈ ਗੀਤਕਾਰ ਤੇ ਗਾਇਕ ਸਤਨਾਮ ਸਿੰਘ ਸੱਤਾ ਵੈਰੋਵਾਲੀਆ ਨੂੰ ਦਿੱਤਾ ਗਿਆ। ਪੰਜਵਾ ਵੱਡਾ ਵਕਾਰੀ ਐਵਾਰਡ ‘ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ’ ਨੂੰ ਦਿੱਤਾ ਗਿਆ। ਇਸ ਕਲੱਬ ਨੇ ਖੇਡਾਂ ਦੇ ਨਾਲ-ਨਾਲ ਸਭਿਆਚਾਰਕ ਪ੍ਰੋਗਰਾਮ ਕਰਕੇ ਇਕ ਵੱਡਾ ਨਾਂਅ ਕਮਾਇਆ। ਬੱਚਿਆਂ ਨੂੰ ਫ੍ਰੀ ਹਾਕੀ ਦੀ ਟ੍ਰੇਨਿੰਗ ਦਿੱਤੀ। ਕਲੱਬ ਤੋਂ ਹਰਪ੍ਰੀਤ ਸਿੰਘ ਗਿੱਲ ਅਤੇ ਚਰਨਜੀਤ ਸਿੰਘ ਦੁੱਲਾ ਨੇ ਕਲੱਬ ਦੀਆਂ ਕੁਝ ਉਦਾਹਰਣਾ ਦਿੱਤੀਆਂ ਅਤੇ ਦਿਤੇ ਐਵਾਰਡ ਲਈ ਧੰਨਵਾਦ ਕੀਤਾ।
ਸਟੇਜ ਸੰਚਾਲਕ ਸ। ਹਰਮੀਕ ਸਿੰਘ ਅਤੇ ਹਰਜੀਤ ਕੌਰ ਹੋਰਾਂ ਨਾਲ ਕੀਤਾ। ਪੰਜਾਬੀ ਮਲਟੀ ਮੀਡੀਆ ਦੇ ਪ੍ਰਧਾਨ ਜਗਦੀਪ ਸਿੰਘ ਵੜੈਚ ਨੇ ਸਵਾਗਤੀ ਸ਼ਬਦਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਮਨਜੀਤ ਸਿੰਘ ਬਿੱਲਾ ਹੋਰਾਂ ਇਕ ਵਿਸ਼ੇਸ਼ ਪ੍ਰੋਜੈਕਟਰ ਪੇਸ਼ਕਸ਼ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਪ੍ਰਸੰਗ ਨੂੰ ਪਹੁੰਚੇ ਮਹਿਮਾਨਾ ਦੇ ਲਈ ਪੇਸ਼ ਕੀਤਾ। ਸ੍ਰੀ ਨਵਤੇਜ ਰੰਧਾਵਾ ਨੇ ਪਿਛਲੇ 2 ਸਾਲਾਂ ਦੇ ਕੀਵੀ ਪੰਜਾਬੀ ਐਵਾਰਡਜ਼ ਦੇ ਇਤਿਹਾਸ ਉਤੇ ਝਲਕ ਪੇਸ਼ ਕੀਤੀ। ਗੁਰਪ੍ਰੀਤ ਕੌਰ ਢੱਟ ਵੱਲੋਂ ਤਿਆਰ ਇਕ ਪੇਸ਼ਕਾਰੀ ਦਾ ਸਤਿਕਾਰ ਕਰਦਿਆਂ ਉਸਨੂੰ ਪੰਜਾਬ ਤੋਂ ਪਹੁੰਚੇ ਪ੍ਰਸਿੱਧ ਪੱਤਰਕਾਰ ਸ। ਪਰਮਵੀਰ ਸਿੰਘ ਬਾਠ ਵੱਲੋਂ ਸਨਮਾਨਿਤ ਕੀਤਾ ਗਿਆ। ਕਬੱਡੀ ਫੈਡਰੇਸ਼ਨ ਦੀਆਂ ਸੇਵਾਵਾਂ ਲਈ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਕਲਾਕਾਰ ਤੇ ਰੇਡੀਓ ਪੇਸ਼ਕਾਰ ਸ। ਹਰਪ੍ਰੀਤ ਸਿੰਘ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆਵਾਂ ਦੇ ਅਧਾਰਿਤ ਇਕ ਸੰਗੀਤਮਈ ਗੀਤ ਪੇਸ਼ ਕੀਤਾ। ਨਿਊਜ਼ੀਲੈਂਡ ਸਿੱਖ ਗੇਮਜ਼ ਤੋਂ ਪਹੁੰਚੇ ਸ। ਦਲਜੀਤ ਸਿੰਘ ਸਿੱਧੂ ਨੇ ਸਿੱਖ ਖੇਡਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਸਭ ਤੋਂ ਪਹਿਲਾਂ ਵਿਸ਼ੇਸ ਕਾਰਜਾਂ ਦੇ ਲਈ ਪਹਿਲਾ ਪੁਰਸਕਾਰ ਮਾਰਸ਼ਲ ਵਾਲੀਆ, ਦੂਜਾ ਐਵਾਰਡ ਪਿੰਕੀ ਲਾਲ (ਐਂਬੂਲੈਂਸ ਸਟਾਫ) ਅਤੇ ਤੀਜਾ ਪੁਰਸਕਾਰ ਪਾਕਿਸਤਾਨ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੂੰ ਸਮੂਹਿਕ ਰੂਪ ਵਿਚ ਦਿੱਤਾ ਗਿਆ। ਸਾਰੇ ਐਵਾਰਡਾਂ ਦੀ ਬੈਕਫਲੈਸ਼ ਨੂੰ ਸ। ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਆਵਾਜ਼ ਦਿੱਤੀ। ਸਥਾਨਕ ਗਾਇਕ ਤੇ ਐਂਕਰ ਹਰਮੀਕ ਸਿੰਘ ਨੇ ਇਕ ਲੋਕ ਗੀਤ ‘ਆਵੋ ਨੀ ਸਈਓ’ ਪੇਸ਼ ਕੀਤਾ। ਸੰਗੀਤਕ ਸੁਰਾਂ ਨੂੰ ਸੰਗੀਤ ਦੀ ਰੰਗਤ ਪ੍ਰੋਫੈਸਰ ਮਨਜੀਤ ਸਿੰਘ ਨੇ ਦਿੱਤੀ। ਵੀਡੀਓ ਅਤੇ ਫੋਟੋਗ੍ਰਾਫੀ ਸੰਦੀਪ ਬਾਠ ਨੇ ਬਾਖੂਬੀ ਕੀਤੀ। ਗੁਰਸਿਮਰਨ ਸਿੰਘ ਮਿੰਟੂ ਅਤੇ ਨਵਤੇਜ ਰੰਧਾਵਾ ਨੇ ਤਾਲਮੇਲ ਬਣਾ ਕੇ ਸਾਰੇ ਪ੍ਰੋਗਰਾਮ ਨੂੰ ਸਮੇਂ ਸਿਰ ਸੰਪੂਰਨ ਕਰਨ ਦਾ ਯਤਨ ਕੀਤਾ। ਅੰਤ ਵਿਚ ਪਰਮਵੀਰ ਬਾਠ ਨੇ ਪੰਜਾਬ ਦੀ ਮੌਜੂਦਾ ਸਥਿਤੀ ਉਤੇ ਚਾਨਣਾ ਪਾਇਆ, ਪੰਜਾਬੀ ਪੱਤਰਕਾਰੀ ਨੂੰ ਪੇਸ਼ ਮੁਸ਼ਕਿਲਾਂ ਉਤੋਂ ਟੱਲਾ ਚੁੱਕਿਆ ਪਰ ਪ੍ਰਵਾਸੀ ਮੀਡੀਏ ਦੇ ਕਾਫਲੇ ਨਾਲ ਤੁਰਦਿਆਂ ਆਪਣੇ-ਆਪ ਨੂੰ ਹੋਰ ਸ਼ਕਤੀਸ਼ਾਲੀ ਮਹਿਸੂਸ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਅਸੀਂ ਪੰਜਾਬ ਦੇ ਇਕ-ਇਕ ਬੱਚੇ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਲੈ ਲਈਏ ਤਾਂ ਪੰਜਾਬ ਬਚਿਆ ਰਹੇਗਾ। ਉਨ੍ਹਾਂ ਸਾਰੇ ਕੀਵੀ ਪੰਜਾਬੀ ਐਵਾਰਡ ਜੇਤਆਂ ਨੂੰ ਵਧਾਈ ਦਿੱਤੀ। ਸ। ਪਰਮਵੀਰ ਸਿੰਘ ਬਾਠ ਨੂੰ ‘ਨਿਊਜ਼ੀਲੈਂਡ ਪੰਜਾਬੀ ਮਲਟੀ ਮੀਡੀਆ ਟਰੱਸਟ’ ਵੱਲੋਂ ਵਿਸ਼ੇਸ਼ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

Real Estate