ਦਲਿਤ ਵਿਰੋਧੀ ਘਿਨਾਉਣੀਆਂ ਕਾਰਵਾਈਆਂ ਨੂੰ ਕਦੋਂ ਠੱਲ੍ਹ ਕਦੋਂ ਪਾਈ ਜਾਊ : ਪਿੰਡ ਚੰਗਾਲੀਵਾਲਾ ਦੀ ਘਟਨਾ ਜੁਲਮ ਦੀ ਇੰਤਹਾ ਤੇ ਜੰਗਲ ਰਾਜ ਦਾ ਸਬੂਤ

2731

ਬਲਵਿੰਦਰ ਸਿੰਘ ਭੁੱਲਰ

ਜਦੋਂ ਤੋਂ ਦੁਨੀਆਂ ਸਾਜੀ ਗਈ ਹੈ, ਉਦੋਂ ਤੋਂ ਹੀ ਗਰੀਬਾਂ ਦਲਿਤਾਂ ਤੇ ਅੱਤਿਆਚਾਰ ਤਸੱਦਦ ਹੁੰਦਾ ਆ ਰਿਹਾ ਹੈ। ਸਦੀਆਂ ਪਹਿਲਾਂ ਕੱਟੜ ਧਾਰਮਿਕ ਲੋਕ ਦਲਿਤਾਂ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾ ਦਿਆ ਕਰਦੇ ਸਨ। ਮੁਗਲਾਂ ਰਾਜਿਆਂ ਦੇ ਦੌਰ ਵਿੱਚ
ਦਲਿਤਾਂ ਦੀ ਬਲੀ ਦੇਣੀ ਆਮ ਵਰਤਾਰਾ ਹੀ ਰਿਹਾ ਉਸਤੋਂ ਬਾਅਦ ਅੰਗਰੇਜੀ ਰਾਜ ਸਮੇਂ ਵੀ ਉਹਨਾਂ ਦੀ ਹਾਲਾਤ ਸੁਖਾਵੇਂ ਨਾ ਹੋਏ ਭਾਵੇਂ ਕਿ ਪਹਿਲਾਂ ਨਾਲੋਂ ਕੁੱਝ ਸੁਧਾਰ ਜਰੂਰ ਹੋਇਆ। ਦੇਸ ਦੇ ਅਜਾਦ ਹੋਣ ਤੇ ਦਲਿਤਾਂ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਕਿ
ਉਹਨਾਂ ਨੂੰ ਬਣਦੇ ਹੱਕ ਮਿਲਣਗੇ ਅਤੇ ਉਹਨਾਂ ਤੇ ਹੁੰਦੇ ਅੱਤਿਆਚਾਰ ਬੰਦ ਹੋ ਜਾਣਗੇ। ਪਰ ਦੇਸ ਦੀ ਅਜਾਦੀ ਦੇ ਸੱਤਰ ਸਾਲ ਬਾਅਦ ਤੱਕ, ਦੁਨੀਆਂ ਦੇ ਸਭ ਤੋਂ ਵੱਡੇ ਜਮਹੂਰੀਅਤ ਦੇਸ ਭਾਰਤ ’ਚ ਹੁਣ ਵੀ ਦਲਿਤਾਂ ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਦਲਿਤ ਲੋਕ ਧਾਰਮਿਕ ਕਟੜਵਾਦੀਆਂ, ਫਿਰਕਾਪ੍ਰਸਤਾਂ, ਸਿਆਸਤਦਾਨਾਂ ਤੇ ਉੱਚ ਜਾਤੀਆਂ ਦੇ ਖਾਂਦੇ ਪੀਂਦੇ ਪਰਿਵਾਰਾਂ ਦੇ ਗੁੰਡਿਆਂ ਵੱਲੋਂ ਸ਼ਿਕਾਰ ਬਣਾਏ ਜਾਂਦੇ ਹਨ। ਕਦੇ ਧਾਰਮਿਕ ਅਸਥਾਨਾਂ ’ਚ ਦਾਖਲ ਹੋ ਕੇ ਉਹਨਾਂ ਨੂੰ ਭਿੱਟ ਦੇਣ ਕਾਰਨ, ਕਦੇ ਗਊ ਦਾ ਮਾਸ ਲਿਜਾਣ, ਕਦੇ ਵੋਟਾਂ ਵਿੱਚ ਦੂਜੀ ਧਿਰ ਦਾ ਪੱਖ ਕਰਨ ਅਤੇ ਕਦੇ ਤਕੜੇ ਘਰਾਂ ਦੇ ਕਾਕਿਆਂ ਵੱਲੋਂ ਉਹਨਾਂ ਦੀ ਈਨ ਮੰਨ ਕੇ ਦਿਨਕਟੀ ਨਾ ਕਰਨ ਸਦਕਾ ਦਲਿਤਾਂ ਦੀ ਗਰੀਬੀ ਦਾ ਫਾਇਦਾ ਉਠਾ ਕੇ ਉਹਨਾਂ ਤੇ ਤਸੱਦਦ ਕੀਤਾ ਜਾਂਦਾ ਹੈ।
ਦੇਸ਼ ਦੇ ਸਭ ਤੋਂ ਖੁਸ਼ਹਲ ਸੂਬੇ ਪੰਜਾਬ ’ਚ ਵੀ ਕਦੇ ਦਲਿਤ ਭੀਮ ਟਾਂਕ ਦੇ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਹੱਥ ਵੱਢ ਦਿਤੇ ਜਾਂਦੇ ਹਨ ਤੇ ਉਹ ਜਖ਼ਮਾਂ ਨਾਲ ਦਮ ਤੋੜ ਜਾਂਦਾ ਹੈ, ਕਦੇ ਚੰਗਾਲੀਵਾਲਾ ਦੇ ਜਗਮੇਲ ਸਿੰਘ ਦੀਆਂ ਲੱਤਾਂ ਇਸ ਕਦਰ ਭੰਨੀਆਂ ਜਾਂਦੀਆਂ ਹਨ ਕਿ ਉਹ ਕੱਟਣੀਆਂ ਪੈਂਦੀਆਂ ਹਨ ਆਖ਼ਰ ਉਹ ਮੌਤ ਨੂੰ ਗਲ ਲਾ ਲੈਂਦਾ ਹੈ। ਪਿਸਾਬ ਪਿਆ ਦੇਣ ਦੀ ਘਟਨਾ ਵੀ ਦਲਿਤਾਂ ਨਾਲ ਕਦੇ ਬਠਿੰਡਾ ’ਚ ਵਾਪਰਦੀ ਹੈ ਤੇ ਕਦੇ ਸੰਗਰੂਰ ਜਿਲ੍ਹੇ ਵਿੱਚ। ਜੇ ਇਨਸਾਫ ਦੀ ਗੱਲ ਕਰੀਏ ਬਹੁਤੇ ਮਾਮਲਿਆਂ ਵਿੱਚ ਤਾਂ ਇਨਸਾਫ ਮਿਲਦਾ ਹੀ ਨਹੀਂ ਜੇਕਰ ਮਿਲਦਾ ਵੀ ਹੈ ਤਾਂ ਏਨੇ ਚਿਰ ਬਾਅਦ ਜਦ ਪੀੜ੍ਹਤ ਜਾਂ ਉਸਦੇ ਪਰਿਵਾਰ ਨੂੰ ਇਨਸਾਫ ਮਿਲਣ ਦੀ ਉਮੀਦ ਖਤਮ ਹੋ ਜਾਂਦੀ ਹੈ।
ਇਸੇ ਤਰ੍ਹਾਂ ਦੀ ਇਹ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਜਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿੱਚ ਵਾਪਰੀ। ਇਸ ਪਿੰਡ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦਾ ਪਿੰਡ ਦੇ ਖਾਂਦੇ ਪੀਂਦੇ ਘਰਾਂ ਦੇ ਨੌਜਵਾਨਾਂ ਨਾਲ ਝਗੜਾ ਹੋ ਗਿਆ, ਜਿਸਦਾ ਪਿੰਡ ਦੀ ਪੰਚਾਇਤ ਨੇ ਰਾਜੀਨਾਮਾ ਵੀ ਕਰਵਾ ਦਿੱਤਾ, ਪਰ ਜੱਟ ਪਰਿਵਾਰਾਂ ਦੇ ਮੁੰਡਿਆਂ ਦੀ ਤਸੱਲੀ ਨਾ ਹੋਈ । ਬੀਤੀ 7 ਨਵੰਬਰ ਨੂੰ ਉਹ ਪਿੰਡ ਦੇ ਮੈਂਬਰ ਪੰਚਾਇਤ ਗੁਰਦਿਆਲ ਸਿੰਘ ਦੇ ਘਰ ਬੈਠਾ ਸੀ ਤਾਂ ਤਿੰਨ ਨੌਜਵਾਨ ਰਿੰਕੂ, ਲੱਕੀ ਤੇ ਬਿੱਟਾ ਉੱਥੇ ਪਹੁੰਚ ਗਏ ਅਤੇ ਜਗਮੇਲ ਨੂੰ ਇਹ ਕਹਿ ਕੇ ਮੋਟਰ ਸਾਈਕਲ ਤੇ ਬਿਠਾ ਕੇ ਲੈ ਗਏ ਕਿ ਉਸਨੂੰ ਦਵਾਈ ਦਿਵਾਉਣੀ ਹੈ। ਉ¤ਥੋਂ ਉਹ ਉਸਨੂੰ ਰਿੰਕੂ ਦੇ ਘਰ ਲੈ ਗਏ ਜਿੱਥੇ ਅਮਰਜੀਤ ਸਿੰਘ ਪਹਿਲਾਂ ਹੀ ਮੌਜੂਦ ਸੀ। ਘਰ ਅੰਦਰ ਉਹਨਾਂ ਜਗਮੇਲ ਨੂੰ ਬੰਨ੍ਹ ਕੇ ਉਸਤੇ ਭਾਰੀ ਤਸੱਦਦ ਕੀਤਾ, ਰਾਡਾਂ ਨਾਲ ਉਸਦੀਆਂ ਦੋਵੇਂ ਲੱਤਾਂ ਫੇਹ ਦਿੱਤੀਆਂ ਅਤੇ ਜਦ ਉਸਨੇ ਮਰਦੇ ਹੋਏ ਪਾਣੀ ਮੰਗਿਆ ਤਾਂ ਉਸਨੂੰ ਜਬਰੀ ਪਿਸਾਬ ਪਿਲਾਇਆ ਗਿਆ। ਜਗਮੇਲ ਦਾ ਚੀਕ ਚਿਹਾੜਾ ਸੁਣ ਕੇ ਉਸਦਾ ਇੱਕ ਦੌਸਤ ਮੌਕੇ ਤੇ ਪਹੁੰਚ ਗਿਆ ਜਿਸਨੇ ਉਸਨੂੰ ਛੁਡਾਇਆ।
ਇਸ ਉਪਰੰਤ ਉਸਨੂੰ ਪਹਿਲਾਂ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੋਂ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਥਾਨਾ ਲਹਿਰਾਗਾਗਾ ਦੀ ਪੁਲਿਸ ਨੇ ਜਗਮੇਲ ਦੇ ਬਿਆਨ ਤੇ ਉਸਦੀ ਕੁੱਟਮਾਰ ਕਰਨ ਤੇ ਤਸੱਦਦ ਕਰਨ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਤੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਸ ਸਮੇਂ ਤੱਕ ਉਸਦੀਆਂ ਲੱਤਾਂ ਵਿੱਚ ਇਨਫੈਂਕਸਨ ਬਹੁਤ ਵਧ ਗਈ ਅਤੇ ਡਾਕਟਰਾਂ ਨੂੰ ਉਸਦੀ ਜਾਨ ਬਚਾਉਣ ਲਈ ਲੱਤਾਂ ਕੱਟਣ ਤੋਂ ਇਲਾਵਾ ਕੋਈ ਚਾਰਾ ਦਿਖਾਈ ਨਹੀਂ ਸੀ ਦਿੰਦਾ, ਆਖ਼ਰ ਉਹਨਾਂ ਜਗਮੇਲ ਸਿੰਘ ਇੱਕ ਲੱਤ ਪੂਰੀ ਅਤੇ ਇੱਕ ਅੱਧੀ ਕੱਟ ਦਿੱਤੀ। ਜਗਮੇਲ ਤੇ ਹੋਏ ਅੰਨ੍ਹੇ ਤਸੱਦਦ ਦਾ ਅਸਰ ਇਸ ਕਦਰ ਵਧ ਚੁੱਕਾ ਸੀ ਕਿ ਕਈ ਦਿਨ ਜਿੰਦਗੀ ਮੌਤ ਨਾਲ ਘੋਲ ਕਰਦਾ ਕਰਦਾ ਆਖ਼ਰ ਉਹ ਹਾਰ ਗਿਆ ਅਤੇ ਆਪਣੇ ਪਿੱਛੇ ਨੌਜਵਾਨ ਪਤਨੀ ਮਨਜੀਤ ਕੌਰ ਤੇ ਦੋ ਮਾਸੂਮ ਬੱਚਿਆਂ ਨੂੰ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਇਸ ਉਪਰੰਤ ਥਾਨਾ ਲਹਿਰਾਗਾਗਾ ਦੀ ਪੁਲਿਸ ਨੇ ਧਰਾਵਾਂ ਵਿੱਚ ਵਾਧਾ ਕਰਦਿਆਂ ਮੁਕੱਦਮਾ ਕਤਲ ਕੇਸ ਵਿੱਚ ਤਬਦੀਲ ਕਰ ਦਿੱਤਾ।
ਜਗਮੇਲ ਦੀ ਪਤਨੀ ਮਨਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਲੈਣ ਲਈ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਮੌਤ ਦਾ ਪਤਾ ਲੱਗਣ ਤੇ ਵੱਖ ਵੱਖ ਜਥੇਬੰਦੀਆਂ ਤੇ ਲੋਕ ਆਗੂ ਪੀੜ੍ਹਤ ਪਰਿਵਾਰ ਕੋਲ ਪਹੁੰਚ ਗਏ, ਜਿਹਨਾਂ ਪੰਜਾਹ ਲੱਖ ਰੁਪਏ ਮੁਆਵਜਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਰੱਖ ਦਿੱਤੀ। ਦੂਜੇ ਪਾਸੇ ਅਨੁਸੂਚਿਤ ਜਾਤੀਆਂ ਕਮਿਸਨ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਤੋਂ 28 ਨਵੰਬਰ ਤੱਕ ਰਿਪੋਰਟ ਮੰਗ ਲਈ। ਜ਼ਮੀਨ ਪ੍ਰਾਪਤੀ ਸੰਘਰਸ ਕਮੇਟੀ, ਕ੍ਰਾਂਤੀਕਾਰੀ ਮਜਦੂਰ ਯੂਨੀਅਨ, ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਐੱਸ ਐੱਫ ਐੱਸ, ਪੰਜਾਬ ਸਟੂਡੈਂਟਸ ਯੂਨੀਅਨ, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ, ਸੀ ਪੀ ਆਈ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੀੜ੍ਹਤ ਪਰਿਵਾਰ ਤੱਕ ਪਹੁੰਚ ਕਰਕੇ ਇਨਸਾਫ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਉਹਨਾਂ ਦੀ ਡਟ ਕੇ ਮੱਦਦ ਕਰਨ ਦਾ ਭਰੋਸਾ ਦੇ ਦਿੱਤਾ।
ਸੰਭਾਵਨਾ ਇਹ ਬਣ ਚੁੱਕੀ ਹੈ ਕਿ ਜੇਕਰ ਪ੍ਰਸਾਸਨ ਤੇ ਸਰਕਾਰ ਨੇ ਇਸ ਮਾਮਲੇ ਦੀ ਕਾਰਵਾਈ ਵਿੱਚ ਕੋਈ ਦੇਰੀ ਕੀਤੀ ਤਾਂ ਰਾਜ ਪੱਧਰ ਦਾ ਸੰਘਰਸ ਵੀ ਵਿੱਢਿਆ ਜਾ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਇੰਗਲੈਂਡ ਦੇ ਦੌਰੇ ਤੇ ਗਏ ਹੋਏ ਹਨ, ਪਰ ਇਸ ਅਤੀ ਘਿਨਾਉਣੀ ਘਟਨਾ ਦਾ ਪਤਾ ਲਗਦਿਆਂ ਉਹਨਾਂ ਨਿੱਜੀ ਦਿਲਚਸਪੀ ਦਿਖਾਉਂਦਿਆਂ ਰਾਜ ਦੇ ਮੁੱਖ ਸਕੱਤਰ ਅਤੇ ਡੀ ਜੀ ਪੀ ਨੂੰ ਸਮਾਂਬੱਧ ਜਾਂਚ ਕਰਕੇ ਦੋਸੀਆਂ ਨੂੰ ਮਿਸਾਲੀ ਸ਼ਜਾਵਾਂ ਦਿਵਾਉਣ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਹਨ। ਉਹਨਾਂ ਕਿਹਾ ਹੈ ਕਿ ਦਲਿਤਾਂ ਦੀ ਰਾਖੀ ਲਈ ਰਾਜ ਸਰਕਾਰ ਵਚਨਬੱਧ ਹੈ ਅਤੇ ਉਹਨਾਂ ਤੇ ਅੱਤਿਆਚਾਰ ਬਰਦਾਸਤ ਨਹੀਂ ਕੀਤਾ ਜਾਵੇਗਾ। ਉਹਨਾਂ ਸਿਆਸੀ ਆਗੂਆਂ ਨੂੰ ਇਸ ਭੈੜੀ ਘਟਨਾ ਤੇ ਸਿਆਸਤ ਨਾ ਕਰਨ ਦਾ ਸੱਦਾ ਦਿੱਤਾ ਅਤੇ ਪੀੜ੍ਹਤ ਪਰਿਵਾਰ ਨੂੰ ਪ੍ਰਦਰਸਨ ਖਤਮ ਕਰਨ ਦਾ ਸੁਝਾਅ ਦਿੰਦਿਆਂ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ। ਓਧਰ ਮੁੱਖ ਮੰਤਰੀ ਦੀ ਗੈਰ ਹਾਜਰੀ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪੀੜ੍ਹਤ ਪਰਿਵਾਰ ਨੂੰ ਮਿਲੇ ਅਤੇ ਸਵਾ ਅੱਠ ਲੱਖ ਰੁਪਏ ਮੁਆਵਜਾ, ਪਰਿਵਾਰ ਨੂੰ ਪੰਜ ਹਜਾਰ ਰੁਪਏ ਪੈਨਸਨ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿਵਾਉਣ ਲਈ ਲੋੜੀਂਦੇ ਕਦਮ ਚੁੱਕਣ ਦਾ ਵਾਅਦਾ ਕੀਤਾ, ਜਿਸਨੂੰ ਪਰਿਵਾਰ ਨੇ ਠੁਕਰਾ ਦਿੱਤਾ ਹੈ। ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਘਟਨਾ ਨੂੰ ਜੁਲਮ ਦੀ ਇੰਤਹਾ ਕਰਾਰ ਦਿੰਦਿਆਂ ਇਸਨੂੰ ਰਾਜ ਸਰਕਾਰ ਦੇ ਮੱਥੇ ਤੇ ਕ¦ਕ ਕਿਹਾ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਪਰਿਵਾਰ ਦਾ ਸਾਥ ਦੇਣ ਦਾ ਐਲਾਨ ਕੀਤਾ। ਇਸ ਅੱਤਿਆਚਾਰੀ ਘਟਨਾ ਦੇ ਮੁੱਦੇ ਤੇ ਲੋਕ ਸੰਘਰਸ ਉੱਭਰਦਾ ਦੇਖਦਿਆਂ ਪੰਜਾਬ ਸਰਕਾਰ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੇ ਇੰਦਰ ਸਿੰਗਲਾ ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਮ੍ਰਿਤਕ ਜਗਮੇਲ ਸਿੰਘ ਦੀ ਪਤਨੀ ਮਨਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਨਾਲ ਮੁੜ ਮੀਟਿਗ ਕੀਤੀ। ਇਸ ਮੌਕੇ ਉਹਨਾਂ ਮ੍ਰਿਤਕ ਪਰਿਵਾਰ ਨੂੰ ਵੀਹ ਲੱਖ ਰੁਪਏ ਦਾ ਮੁਆਵਜਾ, ਮ੍ਰਿਤਕ ਦੀ ਪਤਨੀ ਨੂੰ ਗਰੁੱਪ ਡੀ ਦੀ ਨੌਕਰੀ, ਦੇਣ ਤੋਂ ਇਲਾਵਾ ਮ੍ਰਿਕ ਦੇ ਭੋਗ ਦਾ ਸਮੁੱਚਾ ਖਰਚਾ ਵੀ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ। ਇਸਤੋਂ ਇਲਾਵਾ ਜਗਮੇਲ ਸਿੰਘ ਦੇ ਘਰ ਦੀ ਮੁਰੰਮਤ ਲਈ ਸਵਾ ਲੱਖ ਰੁਪਏ ਦੇਣ, ਉਸਦੇ ਬੱਚਿਆਂ ਨੂੰ ਗਰੈਜੂਏਸਨ ਤੱਕ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ ਮਾਮਲੇ ਦੀ ਡੂੰਘਾਈ ਨਾਲ ਸਮਾਂਬੱਧ ਜਾਂਚ ਕਰਵਾਉਣ ਅਤੇ ਇੱਕ ਹਫ਼ਤੇ ਵਿੱਚ ਅਦਾਲਤ ਵਿੱਚ ਚਲਾਨ ਪੇਸ ਕਰਕੇ ਤਿੰਨ ਮਹੀਨਿਆਂ ਵਿੱਚ ਦੋਸੀਆਂ ਨੂੰ ਸਖਤ ਸਜਾਵਾਂ ਦਿਵਾਉਣ ਦੇ ਹੁਕਮ ਵੀ ਜਾਰੀ ਹਨ। ਇਸ ਉਪਰੰਤ ਮ੍ਰਿਤਕ ਦੇ ਪਰਿਵਾਰ ਨੇ ਪ੍ਰਦਰਸਨ ਖਤਮ ਕਰਕੇ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਦੀ ਸਹਿਮਤੀ ਦੇ ਦਿੱਤੀ ਹੈ।
ਅੱਤਿਆਚਾਰ ਕਰਕੇ ਕਤਲ ਕਰਨ ਵਾਲੇ ਕਥਿਤ ਗੁੰਡਿਆਂ ਨੂੰ ਸਜਾਵਾਂ ਕਦੋਂ ਮਿਲਣਗੀਆਂ ਅਤੇ ਪੀੜ੍ਹਤ ਪਰਿਵਾਰ ਨੂੰ ਕਿਹੋ ਜਿਹਾ ਇਨਸਾਫ ਮਿਲੇਗਾ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ, ਕਿਉਂਕਿ ਇੱਕ ਦਲਿਤ ਗਰੀਬ ਪਰਿਵਾਰ ਨੂੰ ਤਕੜੇ
ਪਰਿਵਾਰ ਨਾਲ ਕਾਨੂੰਨੀ ਲੜਾਈ ਲੜਣੀ ਵੀ ਸੌਖੀ ਨਹੀਂ, ਪਰ ਜੋ ਲੋਕਾਂ ਤੇ ਜਥੇਬੰਦੀਆਂ ਤੋਂ ਸਹਿਯੋਗ ਮਿਲ ਰਿਹਾ ਹੈ ਉਸਤੋਂ ਆਸ ਜਰੂਰ ਬੱਝਦੀ ਹੈ। ਰਾਜ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿੱਥੇ ਇਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਉੱਥੇ ਸੂਬੇ ਵਿੱਚ ਅਜਿਹੀ ਕੋਈ ਹੋਰ ਘਟਨਾ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਸਖਤ ਪ੍ਰਬੰਧ ਕੀਤੇ ਜਾਣ। ਸਮੁੱਚੇ ਪੰਜਾਬ ਵਾਸੀਆਂ ਨੂੰ ਪੀੜ੍ਹਤ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣਾ ਚਾਹੀਦਾ ਹੈ ਤਾਂ ਜੋ ਇਨਸਾਫ ਦਿਵਾਉਣ ਅਤੇ ਅੱਗੇ ਲਈ ਗੁੰਡਾਗਰਦੀ ਰੋਕਣ ਲਈ ਦਬਾਅ ਬਣਾਇਆ ਜਾ ਸਕੇ। ਬੁੱਧੀਜੀਵੀ ਤੇ ਅਮਨ ਪਸੰਦ ਲੋਕ ਅਜਿਹੀਆਂ ਘਟਨਾ ਤੇ ਚਿੰਤਤ ਹਨ ਕਿ ਅਜ਼ਾਦ ਭਾਰਤ ਵਿੱਚ ਅਜਿਹੀਆਂ ਜੰਗਲ ਦੇ ਰਾਜ ਵਰਗੀਆਂ ਦਲਿਤ ਵਿਰੋਧੀ ਘਿਨਾਉਣੀਆਂ ਕਾਰਵਾਈਆਂ ਨੂੰ ਕਦੋਂ ਠੱਲ੍ਹ ਪਾਈ ਜਾਵੇਗੀ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate