ਕਰਤਾਪੁਰ ਜਾਣ ਵਾਸਤੇ ਪਾਸਪਰਟ ਦੀ ਸ਼ਰਤ ਹਟਾਉਣ ਲਈ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

826

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੋਵੇਂ ਦੇਸ਼ਾਂ ਵਿਚਕਾਰ ਹੋਏ ਐਮਓਯੂ ਵਿਚ ਸੋਧ ਕਰਨ ਲਈ ਪਾਕਿਸਤਾਨ ਨੂੰ ਬੇਨਤੀ ਕਰਨ ਅਤੇ ਇਸ ਸਮਝੌਤੇ ਵਿੱਚੋਂ ਉਸ ਸ਼ਰਤ ਨੂੰ ਹਟਾ ਦੇਣ, ਜਿਹੜੀ ਕਰਤਾਰਪੁਰ ਲਾਂਘੇ ਦਾ ਇਸਤੇਮਾਲ ਕਰਨ ਵਾਲੇ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਬਣਾਉਂਦੀ ਹੈ। ਇਸ ਤੋਂ ਇਲਾਵਾ ਉਹ ਜਾਂਚ-ਪੜਤਾਲ ਅਤੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਸੌਖੀ ਬਣਾਉਣ ਲਈ ਵੀ ਲੋੜੀਂਦੇ ਕਦਮ ਚੁੱਕਣ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਲੱਖਾਂ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ, ਪਰ ਉਹਨਾਂ ਲਈ ਦਸਤਾਵੇਜ਼ਾਂ ਦੀ ਜਾਂਚ ਦੀ ਪੇਚੀਦਾ ਪ੍ਰਕਿਰਿਆ ਅਤੇ ਪਾਸਪੋਰਟ ਦੀ ਲਾਜ਼ਮੀ ਸ਼ਰਤ ਇਸ ਪਾਵਨ ਤੀਰਥ ਅਸਥਾਨ ਦੀ ਯਾਤਰਾ ਦੇ ਰਾਹ ਵਿਚ ਵੱਡਾ ਅੜਿੱਕਾ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਬਜਾਇ ਸਿਰਫ ਸੈਕੜਿਆਂ ਦੀ ਗਿਣਤੀ ਵਿਚ ਹੀ ਸ਼ਰਧਾਲੂ ਇਸ ਤੀਰਥ ਅਸਥਾਨ ਦੀ ਯਾਤਰਾ ਲਈ ਜਾ ਰਹੇ ਹਨ, ਕਿਉਂਕਿ ਤੀਰਥ ਯਾਤਰਾ ਉੱਤੇ ਜਾਣ ਦੇ ਚਾਹਵਾਨ ਜ਼ਿਆਦਾਤਰ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ। ਸ਼ਰਧਾਲੂ ਇਸ ਸ਼ਰਤ ਨੂੰ ਤੁਰੰਤ ਹਟਾਉਣ ਦੀ ਮੰਗ ਕਰ ਰਹੇ ਹਨ।ਬਾਦਲ ਨੇ ਇਹ ਵੀ ਬੇਨਤੀ ਕੀਤੀ ਕਿ ਸ਼ਰਧਾਲੂਆਂ ਨੂੰ ਪਹਿਚਾਣ ਪੱਤਰ ਵਜੋਂ ਪਾਸਪੋਰਟਾਂ ਦੀ ਬਜਾਇ ਆਧਾਰ ਕਾਰਡ ਵਰਗੇ ਸਬੂਤ ਲਿਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਯਾਤਰਾ ਲਈ ਰਜਿਸਟਰੇਸ਼ਨ ਕਰਾਉਣ ਦੀ ਪ੍ਰਕਿਰਿਆ ਵੀ ਸੌਖੀ ਬਣਾਈ ਜਾ ਸਕਦੀ ਹੈ। ਇਸ ਵਾਸਤੇ ਇਕ ਮੋਬਾਇਲ ਐਪ ਤਿਆਰ ਕੀਤਾ ਜਾ ਸਕਦਾ ਹੈ ਅਤੇ ਸਪੈਸ਼ਲ ਕਾਊਂਟਰ ਬਣਾਏ ਜਾ ਸਕਦੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਪੁਲਿਸ ਜਾਂਚ-ਪੜਤਾਲ ਵੀ 10 ਤੋ ਵੱਧ ਦਿਨ ਲੈ ਰਹੀ ਹੈ। ਜਮ੍ਹਾਂ ਕਰਵਾਏ ਜਾਣ ਤੋਂ ਪਹਿਲਾਂ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਦੀ ਅਥਾਰਟੀ ਪਿੰਡ ਦੀ ਪੰਚਾਇਤ/ਵਾਰਡ ਕੌਂਸਲਰ ਨੂੰ ਦੇ ਕੇ ਇਸ ਪ੍ਰਕਿਰਿਆ ਨੂੰ ਵੀ ਸੌਖਾ ਬਣਾਇਆ ਜਾ ਸਕਦਾ ਹੈ।ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਪੱਕਾ ਭਰੋਸਾ ਹੈ ਕਿ ਜੇਕਰ ਇਹ ਸਾਰੇ ਕਦਮ ਚੁੱਕੇ ਜਾਂਦੇ ਹਨ ਤਾਂ ਲੱਖਾਂ ਸ਼ਰਧਾਲੂ ਇਸ ਪਾਵਨ ਅਸਥਾਨ ਦੀ ਯਾਤਰਾ ਕਰਨਗੇ।

Real Estate