550ਵੇਂ ਪੁਰਬ ਦੇ ਸਮਾਗਮ : ਪਾਕਿ ਸਰਕਾਰ ਤੇ ਅਵਾਮ ਸਰਧਾ ਨਾਲ ਮਨਾ ਰਹੇ ਹਨ ਅਤੇ ਭਾਰਤ ਦੇ ਸਿਆਸਤਦਾਨ ਸਿਆਸਤ ਖੇਡ ਕੇ ਲਾਹਾ ਲੈਣ ਲਈ ਯਤਨਸ਼ੀਲ

2639

ਬਲਵਿੰਦਰ ਸਿੰਘ ਭੁੱਲਰ

ਸ੍ਰੀ ਗੁਰੂ ਨਾਨਕ ਸਾਹਿਬ ਜੀ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਹਨ, ਉੱਥੇ ਪਾਕਿਸਤਾਨ ਦੇ ਮੁਸਲਮਾਨ ਧਰਮ ਨਾਲ ਸਬੰਧਤ ਲੋਕ ਨਾਨਕ ਪੀਰ ਜਾਂ ਬਾਬਾ ਨਾਨਕ ਸਰਕਾਰ ਦੇ ਨਾਂ ਨਾਲ ਪੂਰੀ ਸਰਧਾ ਤਹਿਤ ਯਾਦ ਕਰਦੇ ਹਨ। ਬਾਬਾ ਨਾਨਕ ਦਾ 550ਵਾਂ ਜਨਮ ਦਿਵਸ ਦੋਵਾਂ ਦੇਸਾਂ ਵਿੱਚ ਪੂਰਨ ਸਰਧਾ ਨਾਲ ਮਨਾਇਆ ਜਾ ਰਿਹਾ ਹੈ, ਪਰ ਜੇਕਰ ਇਸ ਸਬੰਧੀ ਹੋਣ ਵਾਲੇ ਸਮਾਗਮਾਂ ਤੇ ਡੂੰਘਾਈ ਨਾਲ ਝਾਤ ਮਾਰੀ ਜਾਵੇ ਤਾਂ ਇਉਂ ਲਗਦੈ ਕਿ ਪਾਕਿਸਤਾਨ ਸਰਕਾਰ ਤੇ ਉੱਥੋਂ ਦੇ ਅਵਾਮ ਵੱਲੋਂ ਪੂਰੀ ਦਿਆਨਤਦਾਰੀ ਨਾਲ ਤਹਿ ਦਿਲੋਂ ਇਹ ਦਿਵਸ ਮਨਾਉਣ ਦੇ ਕਾਰਜ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਤੇ ਭਾਰਤੀ ਪੰਜਾਬ ਦੀ ਸਰਕਾਰ ਇਸ ਸਬੰਧੀ ਹੋਣ ਵਾਲੇ ਸਮਾਗਮਾਂ ਚੋਂ ਲਾਹਾ ਖੱਟਣ ਲਈ ਯਤਨਸ਼ੀਲ ਦਿਖਾਈ ਦਿੰਦੀ ਹੈ, ਜਦ ਕਿ ਸਿਆਸਤਦਾਨ ਸਿਆਸੀ ਗੰਦ ਖਿਲਾਰ ਰਹੇ ਹਨ, ਪਰ ਭਾਰਤੀ ਨਿਆਂ ਪ੍ਰਣਾਲੀ ਦੇ ਫੈਸਲੇ ਬਾਬਾ ਨਾਨਕ ਪ੍ਰਤੀ ਸਰਧਾ ਵਿੱਚ ਅੜਿੱਕਾ ਪਾਉਣ ਵਾਲਿਆਂ ਲਈ ਚਪੇੜ ਸਾਬਤ ਹੋ ਰਹੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਪੁਰਬ ਤੇ ਜਥੇ ਦੇ ਰੂਪ ਵਿੱਚ ਪਹੁੰਚਣ ਲਈ ਸਭ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਤੋਂ ਪ੍ਰਵਾਨਗੀ ਲੈਣ ਲਈ ਦਰਖਾਸਤ ਭੇਜੀ ਸੀ, ਪਰ ਜਦ ਇਸ ਦਾ ਪਤਾ ਉੱਥੋਂ ਦੀ ਕਮੇਟੀ ਤੇ ਹੁਣ ਕਾਬਜ ਧੜੇ ਨੂੰ ਪਤਾ ਲੱਗਾ ਜੋ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਹੈ, ਨੇ ਵੀ ਪਾਕਿਸਤਾਨ ਕੋਲ ਦਰਖਾਸਤ ਭੇਜਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਧੜੇ ਨੂੰ ਹੀ ਪ੍ਰਵਾਨਗੀ ਦਿੱਤੀ ਜਾਵੇ ਉਹ ਹੀ ਅਸਲ ਕਮੇਟੀ ਹੈ। ਇਸ ਤਰ੍ਹਾਂ ਕਾਬਜ ਧੜੇ ਨੇ ਸਿਆਸਤ ਖੇਡਦਿਆਂ ਸ੍ਰ: ਸਰਨਾ ਨੂੰ ਮਿਲਣ ਵਾਲੀ ਪ੍ਰਵਾਨਗੀ ’ਚ ਅੜਿੱਕਾ ਪਾ ਕੇ ਕਾਬਜ ਕਮੇਟੀ ਦੀ ਅਗਵਾਈ ’ਚ ਪਹਿਲਾ ਜਥਾ ਭੇਜ ਕੇ ਆਪਣੀ ਸਾਖ਼ ਮਜਬੂਤ ਕਰਨ ਦੀ ਸਾਜਿਸ ਰਚੀ। ਪਾਕਿਸਤਾਨ ਕਮੇਟੀ ਕਿਉਂਕਿ ਦਿਆਨਤਦਾਰੀ ਨਾਲ ਕੰਮ ਕਰ ਰਹੀ ਸੀ ਇਸ ਲਈ ਉਹਨਾਂ ਕਿਹਾ ਕਿ ਜਿਸਨੇ ਪਹਿਲਾਂ ਦਰਖਾਸਤ ਭੇਜੀ ਹੈ ਉਸਨੂੰ ਪਹਿਲਾਂ ਪ੍ਰਵਾਨਗੀ ਦਿੱਤੀ ਜਾਵੇਗੀ। ਜਿਸ ਤਹਿਤ ਸ੍ਰ: ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ 31 ਅਕਤੂਬਰ ਨੂੰ ਬੱਸਾਂ ਦੇ ਕਾਫ਼ਲੇ ਵਿੱਚ ਜਥਾ ਬਾਘਾ ਬਾਰਡਰ ਤੇ ਪਹੁੰਚਿਆਂ, ਜਿਸ ਦੀ ਅਗਵਾਈ ਸ੍ਰੀ ਗੁਰੂ ਗੁੰ੍ਰਥ ਸਾਹਿਬ ਜੀ ਦੀ ਪਾਲਕੀ ਤੇ ਪੰਜ ਪਿਆਰਿਆਂ ਨੇ ਕਰਨੀ ਸੀ।
ਸ੍ਰੋਮਣੀ ਅਕਾਲੀ ਦਲ ਬਾਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਧੜੇ ਅਤੇ ਭਾਜਪਾ ਇਹ ਬਰਦਾਸਤ ਨਹੀਂ ਸੀ ਕਰ ਸਕਦੀ ਕਿ ਜਥਾ ਲੈ ਕੇ ਸ੍ਰ: ਸਰਨਾ ਪਾਕਿਸਤਾਨ ਜਾਣ। ਉਹਨਾਂ ਵੱਲੋਂ ਪਾਏ ਅੜਿੱਕਿਆ ਸਦਕਾ ਕਈ ਘੰਟੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਲਕੀ ਬਾਰਡਰ ਤੇ ਰੁਕੀ ਰਹੀ ਅਤੇ ਆਖ਼ਰ ਨੂੰ ਪਰਮਜੀਤ ਸਿੰਘ ਸਰਨਾ ਵਿਰੁੱਧ ਦਸ ਸਾਲ ਪਹਿਲਾਂ ਇੱਕ ਮੁਕੱਦਮੇ ਵਿੱਚ ਸਾਮਲ ਹੋਣ ਦਾ ਬਹਾਨਾ ਲਾ ਕੇ ਉਸਨੂੰ ਬਾਰਡਰ ਤੋਂ ਮੋੜ ਦੇਣ ਤੇ ਹੀ ਜਥਾ ਅੱਗੇ ਜਾ ਸਕਿਆ। ਸ੍ਰ: ਸਰਨਾ ਨੇ ਉਹਨਾਂ ਲਈ ਪਾਈ ਰੁਕਾਵਟ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਦਰਵਾਜੇ ਤੇ ਦਸਤਕ ਦੇ ਕੇ ਸਿਆਸੀ ਚਾਲ ਦਾ ਪਰਦਾਫਾਸ਼ ਕੀਤਾ ਤਾਂ ਅਦਾਲਤ ਨੇ ਸਰਕਾਰ ਨੂੰ ਅੜਿੱਕਾ ਨਾ ਪਾਉਣ ਦੀ ਹਦਾਇਤ ਕੀਤੀ, ਜੋ ਵਿਰੋਧੀਆਂ ਲਈ ਕਰਾਰੀ ਚਪੇੜ ਸੀ, ਇਸ ਉਪਰੰਤ ਸ੍ਰ: ਸਰਨਾ ਪਾਕਿਸਤਾਨ ’ਚ ਸਥਿਤ ਬਾਬਾ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਪਹੁੰਚੇ। ਇਸੇ ਤਰ੍ਹਾਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸਾਮਲ ਹੋ ਕੇ ਮੰਤਰੀ ਬਣੇ ਅਤੇ ਰਾਜ ਦੇ ਮੁੱਖ ਮੰਤਰੀ ਨਾਲ ਹੋਈ ਤਲਖ਼ਕਲਾਮੀ ਸਦਕਾ ਮੰਤਰੀ ਮੰਡਲ ਚੋਂ ਬਾਹਰ ਕੀਤੇ ਸ੍ਰੀ ਨਵਜੋਤ ਸਿੰਘ ਸਿੱਧੂ ਨਾਲ ਵੀ ਅਜਿਹਾ ਹੀ ਕੀਤਾ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਆਪਣੀ ਦੋਸਤੀ ਸਦਕਾ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਮੌਕੇ ਸ੍ਰੀ ਨਵਜੋਤ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਤਾਂ ਇਸ ਸੱਦੇ ਨੂੰ ਭਾਜਪਾ, ਸ੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਸਹਾਰ ਨਾ ਸਕੇ। ਤਿੰਨਾਂ ਨੇ ਹੀ ਆਪਣੇ ਆਪਣੇ ਤੌਰ ਤੇ ਸ੍ਰ: ਸਿੱਧੂ ਨੂੰ ਰੋਕਣ ਲਈ ਅੜਿੱਕੇ ਪਾਉਣੇ ਸੁਰੂ ਕਰ ਦਿੱਤੇ। ਪਾਕਿਸਤਾਨ ਦੇ ਲੋਕ ਸ੍ਰ: ਸਿੱਧੂ ਅਤੇ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘੇ ਦੇ ਹੀਰੋ ਮੰਨਦੇ ਹਨ, ਇਮਰਾਨ ਖਾਨ ਨੇ ਇਹ ਐਲਾਨ ਕਰ ਦਿੱਤਾ ਕਿ ਉਦਘਾਟਨ ਸਮੇਂ ਸ੍ਰ: ਸਿੱਧੂ ਉਹਨਾਂ ਦੇ ਨਾਲ ਹੋਣਗੇ। ਉਧਰ ਨਵਜੋਤ ਸਿੱਧੂ ਨੇ ਭਾਰਤ ਸਰਕਾਰ ਤੇ ਮਾਨਯੋਗ ਅਦਾਲਤ ਤੱਕ ਪਹੁੰਚ ਕੀਤੀ। ਸ੍ਰ: ਸਿੱਧੂ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਾਰਨ ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਆਖ਼ਰ ਸ੍ਰ: ਸਿੱਧੂ ਨੂੰ ਉਦਘਾਟਨ ਮੌਕੇ ਪਾਕਿਸਤਾਨ ਦੀ ਪ੍ਰਵਾਨਗੀ ਦੇਣੀ ਪਈ ਅਤੇ ਉਹ ਪਹੁੰਚੇ।
ਪਾਕਿਸਤਾਨ ਦੀ ਸਰਜ਼ਮੀਨ ਦੇ ਜਦ ਜਨਾਬ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਤਾਂ ਸਿੱਧੂ ਨੂੰ ਕਾਬਲੇ ਤਾਰੀਫ਼ ਮਾਣ ਸਨਮਾਨ ਦਿੱਤਾ ਗਿਆ ਅਤੇ ਇਹ ਅਹਿਸਾਸ ਕਰਵਾਇਆ ਗਿਆ ਕਿ ਇਹ ਲਾਂਘਾ ਖੁਲ੍ਹਣ ਦਾ ਸਿਹਰਾ ਨਵਜੋਤ ਦੇ ਸਿਰ ਬੱਝਦਾ ਹੈ। ਜਿੱਥੋਂ ਤੱਕ ਇਮਰਾਨ ਖਾਨ ਦੀ ਬਾਬਾ ਨਾਨਕ ਸਬੰਧੀ ਦਿਲੋਂ ਸਰਧਾ ਦੀ ਗੱਲ ਹੈ, ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਰਤਾਰਪੁਰ ਸਿੱਖ ਬਰਾਦਰੀ ਦਾ ਮਦੀਨਾ ਹੈ ਤੇ ਨਨਕਾਣਾ ਸਾਹਿਬ ਮੱਕਾ। ਉਹਨਾਂ ਕਿਹਾ ਕਿ ਦੇਸ਼ ਦੇ ਹਾਲਾਤ ਭਾਵੇਂ ਕਿਨ੍ਹੇ ਵੀ ਖਰਾਬ ਹੋਣ, ਜੋ ਬਾਬਾ ਨਾਨਕ ਨੂੰ ਇਸ਼ਕ ਕਰਦੇ ਹਨ ਉਹਨਾਂ ਪ੍ਰਤੀ ਸਰਧਾ ਰਖਦੇ ਹਨ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ। ਲਹਿੰਦੇ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਨਨਕਾਣਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਦੋਵਾਂ ਦੇਸਾਂ ਦੀ ਜੰਗ ਲੱਗੀ ਹੋਵੇ ਸਿੱਖਾਂ ਨੂੰ ਫੇਰ ਵੀ ਗੁਰਦੁਆਰਿਆਂ ਦੇ ਦਰਸਨ ਕਰਨ ਤੋਂ ਰੋਕਿਆ ਨਹੀਂ ਜਾਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਲੋਕ ਕਰਤਾਰਪੁਰ ਲਾਂਘੇ ਲਈ ਸ੍ਰ: ਸਿੱਧੂ ਦੇ ਯਤਨਾਂ ਨੂੰ ਪਿਆ ਬੂਰ
ਕਹਿ ਕੇ ਮਾਣ ਦੇ ਰਹੇ ਹਨ, ਪਰ ਸ੍ਰ: ਸਿੱਧੂ ਨੇ ਆਪਣੇ ਆਪ ਨੂੰ ਨਿਮਾਣਾ ਸਿੱਖ ਕਰਾਰ ਦਿੰਦਿਆਂ ਬਾਬਾ ਨਾਨਕ ਦੇ ਘਰ ਦਾ ਨੌਕਰ, ਚਾਕਰ ਤੇ ਕੂਕਰ ਕਿਹਾ। ਪਾਕਿਸਾਤਨ ਦੇ ਬਜ਼ਾਰਾਂ, ਗਲੀਆਂ, ਢਾਬਿਆਂ, ਹੋਟਲਾਂ ਕੀ ਹਰ ਥਾਂ ਤੇ ਸ੍ਰ: ਸਿੱਧੂ ਦੀ ਮਹਿਮਾ ਹੋ ਰਹੀ ਹੈ, ਉਥੋਂ ਦੇ ਆਮ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਅਤੇ ਉਹਨਾਂ ਕੋਲ ਦੇ ਇਲਾਕਿਆਂ ਦਾ ਵਿਕਾਸ ਸ੍ਰ: ਸਿੱਧੂ ਦੇ ਕਹਿਣ ਤੇ ਹੀ ਉਹਨਾਂ ਦੇ ਮਿੱਤਰ ਪ੍ਰਧਾਨ ਮੰਤਰੀ ਕਰਵਾ ਰਹੇ ਹਨ।
ਜੇਕਰ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਇਹ ਦੁਨੀਆਂ ਦੇ ਕਿਸੇ ਅਯੂਬੇ ਤੋਂ ਘੱਟ ਨਹੀਂ ਹੈ। ਪਾਕਿਸਤਾਨ ਸਰਕਾਰ ਨੇ ਦਸ ਮਹੀਨਿਆਂ ਦੇ ਸਮੇਂ ਵਿੱਚ ਜੋ ਕੁਝ ਉਸ ਸਥਾਨ ਤੇ ਕਰ ਵਿਖਾਇਆ ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਭਾਰਤ ਸਰਕਾਰ ਦਹਾਕਿਆਂ ਵਿੱਚ ਨਹੀਂ ਕਰ ਸਕੀ। ਜੋ ਵੀ ਸਿੱਖ ਉੱਥੇ ਦਰਸਨ ਕਰਨ ਪਹੁੰਚਦਾ ਹੈ ਤਾਂ ਉਹ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੀ ਸਲਾਘਾ ਕਰੇ ਵਗੈਰ ਰਹਿ ਨਹੀਂ ਸਕਦਾ। ਦੂਜੇ ਪਾਸੇ ਸ੍ਰ: ਪਰਮਜੀਤ ਸਿੰਘ ਸਰਨਾ ਅਤੇ ਸ੍ਰੀ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਸਮਾਗਮਾਂ ’ਚ ਪਹੁੰਚਣ ਲਈ ਪਾਈਆਂ ਰੁਕਾਵਟਾਂ ਕਾਰਨ ਭਾਰਤ ਸਰਕਾਰ, ਸ੍ਰੋਮਣੀ ਅਕਾਲੀ ਦਲ ਬਾਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਪ੍ਰਤੀ ਨਿੰਦਾ ਕਰਕੇ ਗੁੱਸੇ ਦਾ ਇਜ਼ਹਾਰ ਕੀਤਾ ਜਾਂਦਾ ਹੈ।
ਭਾਰਤ ਵਾਲੇ ਪਾਸੇ ਇਸ ਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ਸਬੰਧੀ ਪੜਚੋਲ ਕਰੀਏ ਤਾਂ ਮਨਾਂ ਨੂੰ ਠੇਸ ਪਹੁੰਚਦੀ ਹੈ। ਬਾਬਾ ਨਾਨਕ ਦੇ ਦਿਹਾੜੇ ਤੇ ਪਾਕਿਸਾਤਨ ਦੇ ਮੁਸਲਮਾਨ ਤੇ ਸਿੱਖਾਂ ਨੇ ਪਾਕਿਸਾਤਨ ਦੇ ਇੱਕ ਮੰਚ ਤੇ ਬੈਠ ਕੇ ਗੁਰੂ ਸਾਹਿਬ ਦੇ ਫਲਸਫ਼ੇ ਦੀ ਗੱਲ ਕੀਤੀ, ਪਰ ਭਾਰਤ ਦੇ ਸਿੱਖ ਵੀ ਇੱਕ ਮੰਚ ਤੇ ਇਕਠੇ ਨਾ ਬੈਠ ਸਕੇ। ਇਸ ਪਵਿਤਰ ਕਾਰਜ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਆਕਿਆਂ ਤੋਂ ਡਰਦਿਆਂ ਏਕਤਾ ਦੇ ਯਤਨਾਂ ਵਿੱਚ ਖਟਾਸ ਪੈਦਾ ਕੀਤੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਇਸ ਮਹਾਨ ਦਿਵਸ ਨੂੰ ਇਕੱਠਿਆਂ ਮਨਾਉਣ ਲਈ ਅਸਮਰੱਥ ਦਿਖਾਈ ਦਿੱਤੇ। ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਆਦਿ ਸਥਾਨਾਂ ਤੇ ਵੱਖ ਵੱਖ ਸਮਾਗਮ ਕੀਤੇ ਗਏ, ਜਿੱਥੇ ਬਾਬਾ ਨਾਨਕ ਦੇ ਜੀਵਨ ਜਾਂ ਫਲਸਫ਼ੇ ਦੀ ਬਜਾਏ ਸਿਆਸਤ ਦੀ ਖੇਡ ਹੀ ਖੇਡੀ ਜਾਂਦੀ ਰਹੀ।
ਜੇਕਰ ਇਹਨਾਂ ਸਮਾਗਮਾਂ ਵਿੱਚ ਹੋਈਆਂ ਤਕਰੀਰਾਂ ਤੇ ਝਾਤ ਮਾਰੀਏ ਤਾਂ ਸਿਆਸੀ ਖੇਡ ਸਪਸਟ ਝਲਕਦੀ ਹੈ। ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਤਾਂ ਇੱਥੋਂ ਤੱਕ ਕਹਿਣ ਤੇ ਚਲੀ ਗਈ ਕਿ ਉਹ ਮਗਰਮੱਛ ਜਿਹਨਾਂ ਸਿੱਖਾਂ ਦੀ ਨਸਲਕੁਸੀ ਕੀਤੀ ਹੈ ਉਹਨਾਂ ਨੂੰ ਕਾਬੂ ਕਰਕੇ ਸਜਾਵਾਂ ਦੇਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਕਾਂਗਰਸ ਦੇ ਇੱਕ ਸੀਨੀਅਰ ਆਗੂ ਸੁਨੀਲ ਜਾਖੜ ਨੇ ਇਸੇ ਦੇ ਜਵਾਬ ਵਿੱਚ ਕਿਹਾ ਕਿ ਸਾਰੇ ਮਗਰਮੱਛ ਹੀ ਫੜੇ ਜਾਣਗੇ, ਜਿਹਨਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿੱਚ ਧਕੇਲ ਦਿੱਤਾ ਹੈ ਉਹ ਵੀ ਫੜੇ ਜਾਣਗੇ। ਰਾਜ ਦੇ ਮੁੱਖ ਮੰਤਰੀ ਨੇ ਵੀ ਕਦੇ ਤਾਂ ਕਰਤਾਰਪੁਰ ਲਾਂਘਾ ਖੁਲ੍ਹਣ ਨੂੰ ਖੁਸ਼ੀਆਂ ਭਰਿਆ ਅਤੇ ¦ਬੇ ਸਮੇਂ ਤੋਂ ਕੀਤੀ ਜਾਂਦੀ ਅਰਦਾਸ ਦੀ ਪੂਰਤੀ ਕਿਹਾ ਅਤੇ ਕਦੇ ਪਾਕਿਸਤਾਨੀ ਦਹਿਸਤਗਰਦਾਂ ਨਾਲ ਸਬੰਧ ਵਧਣ ਦੀ ਚਿੰਤਾ ਜਿਤਾਈ। ਸਿਆਸਤਦਾਨਾਂ ਨੇ ਕਰਤਾਰਪੁਰ ਲਾਂਘੇ ਲਈ ਵੀਹ ਡਾਲਰ ਲੈਣ ਦੇ ਮੁੱਦੇ ਨੂੰ ਜਾਣ ਬੁੱਝ ਕੇ ਉਛਾਲਿਆ ਤੇ ਲੋਕਾਂ ਨੂੰ ਪਾਕਿਸਤਾਨ ਸਰਕਾਰ ਵਿਰੁੱਧ ਭੜਕਾਉਣ ਦੇ ਯਤਨ ਕੀਤੇ, ਜਦੋਂ ਕਿ ਬਾਬਾ ਨਾਨਕ ਦੀ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਲਈ ਆਮ ਸਰਧਾਵਾਨ ਲੋਕ ਹਜ਼ਾਰਾਂ ਰੁਪਏ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਸਬੰਧੀ ਜੇਕਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਭਾਰਤੀ ਗੁਰਦੁਆਰਿਆਂ ਵਿੱਚ ਕਮਰੇ ਦੇਣ ਜਾਂ ਗੱਡੀਆਂ ਦੀ ਪਾਰਕਿੰਗ ਦੇ ਲੱਖਾਂ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਤੇ ਪਾਕਿਸਤਾਨ ਦੇ ਵੀਹ ਡਾਲਰ ਚੁਭਦੇ ਹਨ, ਜੇਕਰ ਕਮੇਟੀ ਬਾਬਾ ਨਾਨਕ ਪ੍ਰਤੀ ਏਨੀ ਸੁਹਿਰਦ ਹੈ ਤਾਂ ਉਹ ਲੋਕਾਂ ਵੱਲੋਂ ਗੁਰੂ ਦੀ ਗੋਲਕ
ਵਿੱਚ ਪਾਈ ਰਕਮ ਵਿੱਚੋਂ ਹੀ ਕਰਤਾਰਪੁਰ ਜਾਣ ਵਾਲੇ ਯਾਤਰੀਆਂ ਦੀ ਫੀਸ ਅਦਾ ਕਰ ਦੇਵੇ। ਇਸੇ ਤਰ੍ਹਾਂ ਰਾਜ ਸਰਕਾਰ ਲਈ ਵੀ ਯਾਤਰੀਆਂ ਦੀ ਇਹ ਤੁੱਛ ਜਿਹੀ ਫੀਸ ਭਰਨੀ ਕੋਈ ਔਖਾਂ ਕੰਮ ਨਹੀਂ, ਪਾਕਿਸਤਾਨ ਸਰਕਾਰ ਵਿਰੁੱਧ ਪ੍ਰਚਾਰ ਕਰਨ ਦੀ ਥਾਂ ਲੋਕਾਂ ਦੀ ਕਰਤਾਰਾਪੁਰ ਜਾਣ ਦੀ ਫੀਸ ਭਰਨ ਦਾ ਭਾਰ ਉਠਾਉਣਾ ਚਾਹੀਦਾ ਹੈ।
ਸੋ ਭਾਰਤੀ ਸਰਕਾਰਾਂ ਤੇ ਸਿਆਸਤਦਾਨਾਂ ਨੂੰ ਪਾਕਿਸਤਾਨ ਦੀ ਸਰਕਾਰ ਤੇ ਅਵਾਮ ਤੋਂ ਸਬਕ ਸਿੱਖ ਕੇ ਬਾਬਾ ਨਾਨਕ ਪ੍ਰਤੀ ਸਰਧਾ ਦਾ ਇਜ਼ਹਾਰ ਕਰਨਾ ਚਾਹੀਦਾ ਹੈ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate