ਰੈਨਬੈਕਸੀ ਵਾਲੇ ਮਾਲਵਿੰਦਰ ਸ਼ਿਵਇੰਦਰ ਨੂੰ ਸੁਪਰੀਮ ਕੋਰਟ ਨੇ ਮੰਨਿਆ ਦੋਸ਼ੀ

ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਨੂੰ ਸੁਪਰੀਮ ਕੋਰਟ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਹੈ। ਦਵਾਈਆਂ ਬਣਾਉਣ ਵਾਲੀ ਜਾਪਾਨੀ ਕੰਪਨੀ ਦਾਈਚੀ ਸੈਂਕਿਓ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਅੱਜ ਇਹ ਫ਼ੈਸਲਾ ਦਿੱਤਾ ਹੈ। ਮਾਮਲਾ 3,500 ਕਰੋੜ ਰੁਪਏ ਦੇ ਆਰਬਿਟ੍ਰੇਸ਼ਨ ਐਵਾਰਡ ਦਾ ਹੈ। ਕੰਪਨੀ ਦਾਈਚੀ ਨੇ ਕਿਹਾ ਸੀ ਕਿ ਮਾਲਵਿੰਦਰ–ਸ਼ਿਵਇੰਦਰ ਨੇ ਇਸ ਰਕਮ ਦਾ ਭੁਗਤਾਨ ਨਹੀਂ ਕੀਤਾ। ਇਸ ਵਰ੍ਹੇ ਮਾਰਚ ਮਹੀਨੇ ਦਾਈਚੀ ਵੱਲੋਂ ਸੁਪਰੀਮ ਕੋਰਟ ’ਚ ਦੋਵੇਂ ਭਰਾਵਾਂ ਵਿਰੁੱਧ ਉਲੰਘਣਾ ਦੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਕੰਪਨੀ ਦਾ ਦੋਸ਼ ਸੀ ਕਿ ਦੋਵੇਂ ਭਰਾ ਅਦਾਲਤ ਦੇ ਹੁਕਮ ਦੀ ਉਲੰਘਣਾ ਕਰ ਕੇ ਆਪਣੀਆਂ ਜਾਇਦਾਦਾਂ ਨੂੰ ਟਿਕਾਣੇ ਲਾ ਰਹੇ ਹਨ। ਜਾਪਾਨੀ ਕੰਪਨੀ ਦਾਈਚੀ ਵੱਲੋਂ ਸਾਲ 2008 ’ਚ ਰੈਨਬੈਕਸੀ ਨੂੰ ਖ਼ਰੀਦਿਆ ਗਿਆ ਸੀ। ਬਾਅਦ ’ਚ ਕਿਹਾ ਗਿਆ ਕਿ ਮਾਲਵਿੰਦਰ–ਸ਼ਿਵਇੰਦਰ ਨੇ ਰੈਨਬੈਕਸੀ ਬਾਰੇ ਰੈਗੂਲੇਟਰੀ ਖ਼ਾਮੀਆਂ ਜਿਹੀਆਂ ਅਹਿਮ ਜਾਣਕਾਰੀਆਂ ਲੁਕਾਈਆਂ। ਇਸ ਦਲੀਲ ਨਾਲ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਵਿੱਚ ਸ਼ਿਕਾਇਤ ਕੀਤੀ ਸੀ। ਟ੍ਰਿਬਿਊਨਲ ਨੇ ਦਾਈਚੀ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਮਾਲਵਿੰਦਰ–ਸ਼ਿਵਇੰਦਰ ਨੂੰ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਸਨ। ਦੋਵੇਂ ਭਰਾਵਾਂ ਨੇ ਟ੍ਰਿਬਿਊਨਲ ਦੇ ਇਸ ਫ਼ੈਸਲੇ ਨੂੰ ਭਾਰਤ ਤੇ ਸਿੰਗਾਪੁਰ ਦੀਆਂ ਅਦਾਲਤਾਂ ’ਚ ਚੁਣੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ।

Real Estate