ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਨਿਵੇਕਲਾ ਫੈਸਲਾ, ਵਾਰਡਾਂ ਦੇ ਨਾਂ ਬਾਬਾ ਨਾਨਕ ਦੇ ਸੰਗੀਆਂ ਦੇ ਨਾਂ ਤੇ ਰੱਖੇ

720

ਬਠਿੰਡਾ/13 ਨਵੰਬਰ/ ਬਲਵਿੰਦਰ ਸਿੰਘ ਭੁੱਲਰ

ਗੁਰਪੁਰਬ ਮਨਾਉਣ ਦੇ ਵੱਖ ਵੱਖ ਤਰੀਕੇ ਢੰਗ ਅਪਣਾਏ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਜਨਮ ਪੁਰਬ ਸਬੰਧੀ ਥਾਂ ਥਾਂ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜੋ ਇੱਕ ਦਿਨ ਯਾਦ ਤਾਜ਼ਾ ਕਰਦੇ ਹਨ, ਪਰ ਕੁਝ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜੋ ਸਦੀਵੀ ਨਹੀਂ ਤਾਂ ਸਾਲਾਂ ਬੱਧੀ ਯਾਦ ਬਣ ਜਾਂਦੇ ਹਨ। ਬਾਬਾ ਨਾਨਕ ਦੇ ਪੁਰਬ ਸਬੰਧੀ ਲੰਗਰ ਲਾਏ ਜਾ ਰਹੇ ਹਨ ਜਾਂ ਨਗਰ ਕੀਰਤਨ ਕੀਤੇ ਜਾ ਰਹੇ ਹਨ, ਪਰ ਕਈ ਘੰਟਿਆਂ ਵਿੱਚ ਇਹਨਾਂ ਪ੍ਰੋਗਰਾਮਾਂ ਦੀ ਸਮਾਪਤੀ ਹੋ ਜਾਂਦੀ ਹੈ। ਦਾਦ
ਦੇਣੀ ਬਣਦੀ ਹੈ ਇਸ ਜਿਲ੍ਹੇ ਦੇ ਪਿੰਡ ਮਾਣਕ ਖਾਨਾਂ ਦੀ ਪੰਚਾਇਤ ਨੂੰ, ਜਿਸਨੇ ਪੜ੍ਹੀ ਲਿਖੀ ਨੌਜਵਾਨ ਸਰਪੰਚ ਬੀਬੀ ਸੈਸਨਦੀਪ ਕੌਰ ਦੀ ਅਗਵਾਈ ਵਿੱਚ ਬਾਬਾ ਨਾਨਕ ਦਾ ਪੁਰਬ ਨਿਵੇਕਲੇ ਢੰਗ ਨਾਲ ਮਨਾਉਣ ਦਾ ਉਪਰਾਲਾ ਕੀਤਾ ਹੈ।
ਇਸ ਪਿੰਡ ਦੇ ਕੁੱਲ ਪੰਜ ਵਾਰਡ ਹਨ। ਪੰਚਾਇਤ ਨੇ ਵਾਰਡਾਂ ਨੂੰ ਨੰਬਰਾਂ ਦੀ ਥਾਂ ਵੱਖ ਵੱਖ ਨਾਂ ਦੇਣ ਦਾ ਫੈਸਲਾ ਕੀਤਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਵਾਂ ਜਨਮ ਪੁਰਬ ਹੋਣ ਕਾਰਨ ਇਹਨਾਂ ਵਾਰਡਾਂ ਦੇ ਨਾਂ ਉਹਨਾਂ ਦੇ ਸੰਗੀਆਂ ਦੇ ਨਾਵਾਂ ਤੇ ਰੱਖੇ ਗਏ, ਜਿਹਨਾਂ ਸਮੇਂ ਸਮੇਂ ਗੁਰੂ ਸਾਹਿਬ ਦਾ ਸਾਥ ਨਿਭਾਇਆ ਜਾਂ ਉਹਨਾਂ ਦੇ ਫਲਸਫ਼ੇ ਨੂੰ ਲਾਗੂ ਕਰਨ ਦੇ ਯਤਨ ਕੀਤੇ। ਫੈਸਲੇ ਅਨੁਸਾਰ ਵਾਰਡ ਨੰਬਰ ਇੱਕ ਨੂੰ ਭਾਈ ਮਰਦਾਨਾ ਵਾਰਡ, ਨੰਬਰ ਦੋ ਨੰ ਭਾਈ ਬਾਲਾ ਵਾਰਡ, ਨੰਬਰ ਤਿੰਨ ਨੂੰ ਭਾਈ ਗੁਰਦਾਸ ਵਾਰਡ, ਨੰਬਰ ਚਾਰ ਨੂੰ ਭਾਈ ਲਾਲੋ ਵਾਰਡ ਅਤੇ ਵਾਰਡ ਨੰਬਰ ਪੰਜ ਨੂੰ ਭਾਈ ਲਹਿਣਾ ਜੀ ਵਾਰਡ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਦਾ ਬੱਸ ਅੱਡਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਕੀਤਾ ਗਿਆ ਹੈ। ਪਿੰਡ ਦੀ ਸਰਪੰਚ ਬੀਬੀ ਸੈਸਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਇਹਨਾਂ ਸਿੱਖ ਹਸਤੀਆਂ ਦੇ ਨਾਂ ਤੇ ਵਾਰਡਾਂ ਦੇ ਨਾਂ ਰੱਖਣ ਸਬੰਧੀ ਗ੍ਰਾਮ ਪੰਚਾਇਤ ਨੇ ਬਕਾਇਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ।
ਬੀਬੀ ਸਿੱਧੂ ਨੇ ਦੱਸਿਆ ਬਾਬਾ ਨਾਨਕ ਨੂੰ ਸਮਰਪਿਤ ਕੀਤੇ ਜਾ ਰਹੇ ਕਾਰਜਾਂ ਦੌਰਾਨ ਘਰਾਂ ਮੂਹਰੇ ਔਰਤਾਂ ਦੇ ਨਾਂ ਤੇ ਨਾਮ ਪਲੇਟਾਂ ਲਾਉਣ ਦਾ ਕੰਮ ਸੁਰੂ ਕੀਤਾ ਗਿਆ ਹੈ। ਹਰ ਘਰ ਦੀ ਮਾਲਕ ਔਰਤ ਦਾ ਨਾਂ ਉਸਦੇ ਘਰ ਮੂਹਰੇ ਲਿਖਿਆ ਜਾਵੇਗਾ। ਉਹਨਾਂ ਦੱਸਿਆ ਕਿ ਅਜਿਹੀਆਂ ਨਾਮ ਪਲੇਟਾਂ ਬਣਾਉਣ ਲਈ ਰਕਮ ਸਹਾਇਕ ਰਜਿਸਟਰਾਰ ਹਰਮੀਤ ਸਿੰਘ ਭੁੱਲਰ ਅਤੇ ਪੰਚਾਇਤੀ ਫੰਡ ਚੋਂ ਦਾਨ ਦੇ ਤੌਰ ਤੇ ਖਰਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਦੀ ਸੁਰੂਆਤ ਕਰਦਿਆਂ ਸਰਪੰਚ ਬੀਬੀ ਸਿੱਧੂ ਨੇ ਗਲੀ ਨੰਬਰ 1 ਦੇ ਮਕਾਨ ਨੰਬਰ 1 ਮੂਹਰੇ ਸ੍ਰੀਮਤੀ ਭੁਪਿੰਦਰ ਕੌਰ ਦੇ ਨਾਂ ਦੀ ਪਲੇਟ ਲਾ ਕੇ ਕਰ ਦਿੱਤੀ ਗਈ ਹੈ। ਬੀਬੀ ਸਿੱਧੂ ਨੇ ਕਿਹਾ ਕਿ ਬਾਬਾ ਨਾਨਕ ਵੱਲੋਂ ਔਰਤ ਜਾਤੀ ਲਈ ਕੀਤੇ ਸਨਮਾਨ ਤੇ ਫੁੱਲ ਚੜ੍ਹਾਉਂਦਿਆਂ ਔਰਤਾਂ ਦਾ ਮਾਣ ਸਨਮਾਨ
ਕਰਨ ਹਿਤ ਇਹ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਪੰਚ ਹਰਬੰਸ ਸਿੰਘ, ਛੋਟਾ ਸਿੰਘ, ਚਰਨਜੀਤ ਕੌਰ, ਰਣਜੀਤ ਕੌਰ, ਲਖਵੀਰ ਸਿੰਘ, ਕਲੱਬ ਪ੍ਰਧਨ ਅਮਨਦੀਪ ਸਿੰਘ ਮੈਂਬਰ ਹਰਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਜਗਸੀਰ ਸਿੰਘ ਸਿੱਧੂ ਆਦਿ ਹਾਜਰ ਸਨ।

Real Estate