ਵੱਡੀ ਗਿਣਤੀ ਸੰਗਤ ਦੀ ਆਮਦ ਦੇ ਬਾਵਜੂਦ ਸੁਲਤਾਨਪੁਰ ਲੋਧੀ ਵਿਖੇ ਪੁਖਤਾ ਸਫਾਈ ਪ੍ਰਬੰਧ : 2500 ਸਫਾਈ ਕਾਮੇ ਦੇ ਰਹੇ ਹਨ ਸੇਵਾਵਾਂ

629

ਅਧਿਕਾਰੀ ਈ-ਸਾਈਕਲਾਂ ਦੀ ਮਦਦ ਨਾਲ ਸਫਾਈ ਪ੍ਰਬੰਧਾਂ ‘ਤੇ ਰੱਖ ਰਹੇ ਨੇ ਨਜ਼ਰ

ਕਪੂਰਥਲਾ/ਸੁਲਤਾਨਪੁਰ ਲੋਧੀ, 12 ਨਵੰਬਰ(ਕੌੜਾ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸੰਗਤਾਂ ਦਾ ਸੈਲਾਬ ਆ ਗਿਆ ਹੈ, ਉਥੇ ਸਫਾਈ ਪ੍ਰਬੰਧਾਂ ਪੱਖੋਂ ਵੀ ਕੋਈ ਕਸਰ ਨਹੀਂ ਛੱਡੀ ਗਈ ਹੈ, ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਦੇ ਰੀਜਨਲ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਆਏ ਸੰਗਤਾਂ ਦੇ ਸੈਲਾਬ ਅਤੇ ਸਫਾਈ ਪ੍ਰਬੰਧਾਂ ਦੇ ਪੱਖ ਤੋਂ ਸੁਲਤਾਨਪੁਰ ਲੋਧੀ ਦੀ ਤੁਲਨਾ ਕੁੰਭ ਮੇਲੇ ਵਾਲੇ ਅਲਾਹਾਬਾਦ ਸ਼ਹਿਰ ਨਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ਦੇ ਬਾਵਜੂਦ ਸਾਫ-ਸਫਾਈ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਉਨਾਂ ਦੱਸਿਆ ਕਿ ਇਸ ਪਵਿੱਤਰ ਨਗਰੀ ਵਿਚ 73 ਲੰਗਰ ਚੱਲ ਰਹੇ ਹਨ ਤੇ ਇਨਾਂ ਲੰਗਰਾਂ ਵਿਚ ਸਾਫ-ਸਫਾਈ ਦੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਵਿਭਾਗ ਨੇ ਆਪਣੇ ਮੋਢਿਆਂ ‘ਤੇ ਚੁੱਕੀ ਹੋਈ ਹੇ। ਚਾਰ ਮੈਂਬਰੀ ਕਮੇਟੀ ਜਿਸ ਵਿਚ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਪ੍ਰਮੁੱਖ ਸਕੱਤਰ ਏ ਵੇਨੂੰ ਪ੍ਰਸਾਦ, ਸੀਈਓ ਪੀਐਮਆਈਡੀਸੀ ਅਜੋਏ ਸ਼ਰਮਾ ਤੇ ਡਾਇਰੈਕਟਰ ਸਥਾਨਕ ਸਰਕਾਰਾਂ ਕਰਨੇਸ਼ ਸ਼ਰਮਾ ਇਨਾਂ ਸਾਰੇ ਪ੍ਰਬੰਧਾਂ ਦੀ ਅਗਵਾਈ ਕਰ ਰਹੀ ਹੇ। ਇਸ ਸਫਾਈ ਯੋਜਨਾ ਨੂੰ ਲਾਗੂ ਕਰਵਾਉਣ ਵਾਲੇ ਰੀਜਨਲ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਲਗਭਗ 2500 ਸਫਾਈ ਕਾਮੇ ਤਾਇਨਾਤ ਕੀਤੇ ਗਏ ਹਨ , ਜੋ ਤਿੰਨ ਸ਼ਿਫਟਾਂ ਵਿਚ 24 ਘੰਟੇ ਸੇਵਾਵਾਂ ਨਿਭਾਅ ਰਹੇ ਹਨ।ਉਨਾਂ ਕਿਹਾ ਕਿ ਇਨਾਂ ਸਮਾਗਮਾਂ ਵਿਚ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਕੋਈ ਸੌਖਾ ਕੰਮ ਨਹੀਂ ਸੀ, ਇਸ ਲਈ ਸਬੰਧਤ ਅਫਸਰ ਈ-ਸਾਈਕਲਾਂ ‘ਤੇ ਰਾਊਂਡ ਲਾ ਕੇ ਜਾਇਜ਼ਾ ਲੈ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

Real Estate