ਭਗੌੜੇ ਕਰਾਰ ਦਿੱਤੇ ਗਏ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਕੈਪਟਨ ਵੱਲੋਂ ਭਰੋਸਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖਾੜਕੂਵਾਦ ਦੌਰਾਨ ਪੰਜਾਬ ਛੱਡ ਕੇ ਜਾਣ ਵਾਲੇ ਵਿਅਕਤੀਆਂ ਜਿਨ੍ਹਾਂ ਨੂੰ ਬਾਅਦ ਵਿਚ ਭਗੌੜੇ ਕਰਾਰ ਦਿਤਾ ਗਿਆ ਸੀ, ਦੇ ਮਾਮਲਿਆਂ ਦੇ ਜਲਦੀ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਮੁੱਦਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਕੇਂਦਰ ਸਰਕਾਰ ਕੋਲ ਉਠਾਉਣਗੇ। ਉਹ ਬੀਤੀ ਸ਼ਾਮ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਐਨ।ਆਰ।ਆਈਜ਼ ਦੇ ਇਕ ਸਮੂਹ ਵਲੋਂ ਕੀਤੀ ਬੇਨਤੀ ਦਾ ਜਵਾਬ ਦੇ ਰਹੇ ਸਨ। ਵਿਦੇਸ਼ ਵਸ ਚੁੱਕੇ, ਕਈ ਵਿਅਕਤੀ ਪੰਜਾਬ ਨਹੀਂ ਆ ਸਕਦੇ ਹਨ ਕਿਉਂਕਿ ਉਨਾਂ ਨੂੰ ਕੁਝ ਮਾਮਲਿਆਂ ਵਿਚ ਅਦਾਲਤ ਸਾਹਮਣੇ ਪੇਸ਼ ਹੋਣ ਤੋਂ ਅਸਮਰੱਥ ਰਹਿਣ ਕਰਕੇ ਭਗੌੜੇ ਐਲਾਨਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨਾਲ ਵਿਸ਼ੇਸ਼ ਅਦਾਲਤ ਸਥਾਪਤ ਕਰਨ ਦੀ ਸੰਭਾਵਨਾ ਸਬੰਧੀ ਵਿਚਾਰ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿਚ ਕੁਝ ਭਾਰਤੀ ਮਿਸ਼ਨਾਂ ਜਿਵੇਂ ਕਿ ਯੂਕੇ, ਅਮਰੀਕਾ, ਕਨੇਡਾ, ਜਰਮਨੀ ਅਤੇ ਫਰਾਂਸ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਵਸਦੇ ਹਨ, ਵਿਚ ਅਜਿਹੀਆਂ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦੀ ਸੰਭਾਵਨਾ ਨੂੰ ਵਿਚਾਰਨਗੇ। ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਪੀੜੀਆਂ ਦੀ ਸੁਰੱਖਿਆ ਅਤੇ ਪ੍ਰਗਤੀ ਦੇ ਉਦੇਸ਼ ਨਾਲ ਸੂਬੇ ਨੂੰ ਵਿਕਾਸ ਦੇ ਇਕ ਨਵੇਂ ਯੁੱਗ ਵਿੱਚ ਲਿਜਾਣ ਲਈ ਉਨਾਂ ਦੀ ਸਰਕਾਰ ਦੇ ਯਤਨਾਂ ਵਿੱਚ ਸਾਥ ਦੇਣ।

Real Estate