ਨਿਊਜੀਲੈਂਡ ਇਮੀਗ੍ਰੇਸ਼ਨ:ਵਿਆਹਾਂ ਵਾਲੀ ਝੋਲੀ ‘ਚ ਹੁਣ ਪੈਣਗੇ ਵਿਜ਼ਟਰ ਵੀਜ਼ੇ ਦੇ ਸ਼ਗਨ

894

ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਅੱਜ ਵੀਜ਼ਾ ਨਿਯਮਾਂ ਦੇ ਵਿਚ ਕੁਝ ਵੀਜ਼ਾ ਸ਼ਰਤਾਂ ਨੂੰ ਨਰਮ ਕਰਦਿਆਂ ਵਿਭਾਗ ਨੂੰ ਆਖਿਆ ਹੈ ਕਿ ਜਿਹੜੇ ਜੋੜਿਆਂ ਦੀ ਸਭਿਆਚਾਰ ਅਨੁਸਾਰ ‘ਅਰੈਂਡਜ ਵਿਆਹ’ ਹੁੰਦੇ ਹਨ ਉਨ੍ਹਾਂ ਦੇ ਜੀਵਨ ਸਾਥੀ ਉਥੇ ਵਿਜ਼ਟਰ ਵੀਜ਼ੇ ਉਤੇ ਹੁਣ ਸੌਖਿਆ ਆ ਸਕਣਗੇ। ਜਿਹੜੇ ਜੋੜਿਆਂ ਦੇ ਵਿਆਹ ਨਿਊਜ਼ੀਲੈਂਡ ਤੋਂ ਬਾਹਰ ਹੋ ਰਹੇ ਸਨ ਉਨ੍ਹਾਂ ਦੀ ਝੋਲੀ ਵੀਜ਼ੇ ਦੇ ਸ਼ਗਨਾਂ ਤੋਂ ਵਾਂਝੀ ਚੱਲੀ ਆ ਰਹੀ ਸੀ ਅਤੇ ਹੁਣ ਸਰਕਾਰ ਨੇ ਵਿਆਹੇ ਜੋੜਿਆਂ ਦੇ ਮੁੱਖੜੇ ਉਤੇ ਨਵੀਂ ਤਬਦੀਲੀ ਨਾਲ ਖੁਸ਼ੀ ਲਿਆ ਦਿੱਤੀ ਹੈ। ਇਸ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਅਜਿਹਾ ਅਸਥਾਈ ਵੀਜ਼ਾ ਲੈ ਕੇ ਆਉਣਗੇ ਉਨ੍ਹਾਂ ਨੂੰ ਕਾਨੂੰਨ ਬੜੇ ਨੇੜਿਓ ਵੇਖੇਗਾ। ਵਿਭਾਗ ਨੂੰ ਨਵੇਂ ਦਿਸ਼ਾ ਨਿਰਦੇਸ਼ ਦਿਤੇ ਗਏ ਹਨ ਕਿ ਜਿਹੜੇ ਵਿਆਹ ਤੋਂ ਬਾਅਦ ਜਿਆਦਾ ਇਕੱਠੇ ਨਹੀਂ ਰਹਿ ਰਹੇ ਉਨ੍ਹਾਂ ਦਾ ਕੇਸ ਕਿਵੇਂ ਚੈਕ ਕਰਨਾ ਹੈ। ਅਗਲੇ 2 ਹਫਤਿਆਂ ਤੱਕ ਸਾਰਾ ਕੁਝ ਸਾਫ-ਸਾਫ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਦੇ ਵੀਜ਼ੇ ਨਹੀਂ ਦਿੱਤੇ ਗਏ ਉਨ੍ਹਾਂ ਦੀਆਂ ਅਰਜ਼ੀਆਂ ਵੀ ਦੁਬਾਰਾ ਚੈਕ ਕੀਤੀਆਂ ਜਾਣੀਆਂ ਹਨ ਜਾਂ ਫਿਰ ਕੁਝ ਦੀ ਫੀਸ ਵਾਪਿਸ ਕਰਕੇ ਦੁਬਾਰਾ ਅਰਜ਼ੀ ਲਾਉਣ ਵਾਸਤੇ ਕਿਹਾ ਜਾਵੇਗਾ। 30 ਮਈ 2019 ਤੋਂ 31 ਅਕਤੂਬਰ 2019 ਤੱਕ ਰੱਦ ਹੋਏ ਵੀਜ਼ਿਆਂ ਵਾਲਿਆਂ ਨੂੰ 2 ਦਸੰਬਰ ਤੱਕ ਅਜਿਹੀ ਈਮੇਲ ਭੇਜ ਦਿੱਤੀ ਜਾਵੇਗੀ। ਉਨ੍ਹਾਂ ਨੂੰ ਦੁਬਾਰਾ ਕੇਸ ਲਾਉਣਾ ਹੋਵੇਗਾ ਅਤੇ ਫੀਸ ਨਹੀਂ ਲਈ ਜਾਵੇਗੀ। ਮੌਜੂਦਾ ਅਰਜ਼ੀਆਂ ਨੂੰ ਨਵੀਂ ਤਬਦੀਲੀ ਦੇ ਅਨੁਸਾਰ ਵੇਖਿਆ ਜਾਵੇਗਾ ਸੋ ਉਹ ਫਿਕਰ ਨਾ ਕਰਨ। ਇਮੀਗ੍ਰੇਸ਼ਨ ਮੰਤਰੀ ਨੇ ਅੱਜ ਸ਼ਾਇਦ ਵਿਆਹੇ ਜੋੜੇ ਇਹ ਗੱਲ ਜਰੂਰ ਕਹਿੰਦੇ ਹੋਣਗੇ ਕਿ ‘ਆਹ ਹੋਈ ਨਾ ਗੱਲ! ਵਿਆਹ ਲਗਨ ਸਾਡਾ-ਵੀਜ਼ਾ ਸ਼ਗਨ ਤੁਹਾਡਾ’।

Real Estate