ਨਵਤੇਜ ਚੀਮਾ ਨੇ ਪ੍ਰਧਾਨ ਮੰਤਰੀ ਤੋਂ ਸੁਲਤਾਨਪੁਰ ਦੇ ਇਲਾਕੇ ਲਈ ਮੰਗਿਆ ਏਮਜ਼ ਵਰਗਾ ਹਸਪਤਾਲ

673

ਕਪੂਰਥਲਾ/ਸੁਲਤਾਨਪੁਰ ਲੋਧੀ, 9 ਨਵੰਬਰ(ਕੌੜਾ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ। ਨਵਤੇਜ ਸਿੰਘ ਚੀਮਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲੋਂ ਪਵਿੱਤਰ ਨਗਰੀ ਨੂੰ 8 ਮਾਰਗੀ ਕੌਮੀ ਮਾਰਗ ਨਾਲ ਜੋੜਨ ਤੋਂ ਇਲਾਵਾ ਪੂਰੇ ਖੇਤਰ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਏਮਜ਼ ਦੀ ਤਰਜ਼ ’ਤੇ ਮਲਟੀ ਸਪੈਸ਼ਿਲਟੀ ਹਸਪਤਾਲ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ। ਸਵੇਰੇ ਪ੍ਰਧਾਨ ਮੰਤਰੀ ਦਾ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦਾ ਸਵਾਗਤ ਕਰਨ ਮੌਕੇ ਵਿਧਾਇਕ ਸ। ਚੀਮਾ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਸੌਂਪਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜਦ ਸਾਰਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਕੇਂਦਰ ਸਰਕਾਰ ਸਿੱਖ ਧਰਮ ਦੇ ਬਾਨੀ ਦੀ ਇਸ ਨਗਰੀ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਲੁਧਿਆਣਾ-ਸੁਲਤਾਨਪੁਰ ਲੋਧੀ-ਅੰਮਿ੍ਰਤਸਰ 8 ਮਾਰਗੀ ਸੜਕ ਨਾਲ ਜੋੜਨ ਲਈ ਕੌਮੀ ਹਾਈਵੇ ਅਥਾਰਟੀ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਸ਼ਹਿਰ ਨਾ ਸਿਰਫ ਅਧਿਆਤਮ ਦਾ ਕੇਂਦਰ ਹੈ, ਸਗੋਂ ਪਿਛਲੀਆਂ 10 ਸਦੀਆਂ ਦੌਰਾਨ ਇਹ ਦਿੱਲੀ ਤੇ ਲਾਹੌਰ ਦੇ ਵਪਾਰ ਰੂਟ ਵਿਚਕਾਰ ਇਕ ਮਹੱਤਵਪੂਰਨ ਵਪਾਰਕ ਕੇਂਦਰ ਸੀ, ਜਿਸ ਰਾਹੀਂ ਸਾਰਾ ਕੇਂਦਰੀ ਏਸ਼ੀਆ ਤੇ ਖਾੜੀ ਦੇ ਦੇਸ਼ਾਂ ਤੱਕ ਵਪਾਰ ਹੁੰਦਾ ਸੀ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਇਹ ਵੀ ਮੰਗ ਰੱਖੀ ਕਿ ਸੁਲਤਾਨਪੁਰ ਲੋਧੀ ਅਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਇਲਾਜ ਸਹੂਲਤ੍ਯਾਂ ਲਈ ਏਮਜ਼ ਦੀ ਤਰਜ਼ ’ਤੇ ਮਲਟੀ ਸਪੈਸ਼ਿਲਟੀ ਹਸਪਤਾਲ ਕਮ ਮੈਡੀਕਲ ਕਾਲਜ ਤੇ ਰਿਸਰਚ ਸੈਂਟਰ ਸਥਾਪਿਤ ਕੀਤਾ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਤੇ ਇਸਦੇ ਆਲੇ-ਦੁਆਲੇ ਮਾਝਾ ਤੇ ਮਾਲਵੇ ਖੇਤਰ ਵਿਚ 100 ਕਿਲੋਮੀਟਰ ਤੱਕ ਸਿਹਤ ਸਹੂਲਤਾਂ ਲਈ ਕਿਸੇ ਨਾਮੀ ਸੰਸਥਾਨ ਦੀ ਕਮੀ ਹੈ, ਜਿਸ ਕਰਕੇ ਗੁਰਪੁਰਬ ਮੌਕੇ ਏਮਜ਼ ਵਰਗੀ ਸੰਸਥਾ ਕਾਇਮ ਕਰਕੇ ਲੋਕਾਂ ਨੂੰ ਤੋਹਫਾ ਦਿੱਤਾ ਜਾਵੇ।

Real Estate