ਗੁਰਪੁਰਬ ਦੀਆਂ ਖੁਸ਼ੀਆਂ: ਵਲਿੰਗਟਨ ਗੁਰਦੁਆਰਾ ਸਾਹਿਬ ਪਹੁੰਚ ਕੇ ਪਾਕਿਸਤਾਨ ਹਾਈ ਕਮਿਸ਼ਨਰ ਨੇ ਗੁਰਪੁਰਬ ਦੀਆਂ ਦਿੱਤੀਆਂ ਵਧਾਈਆਂ

1349

ਔਕਲੈਂਡ 10 ਨਵੰਬਰ ( ਹਰਜਿੰਦਰ ਸਿੰਘ ਬਸਿਆਲਾ)- ਅੱਜ ਦੇਸ਼ ਦੀ ਰਾਜਧਾਨੀ ਵੈਲਿੰਗਟਨ ਸੱਿਥਤ ਗੁਰਦੁਆਰਾ ਸਾਹਿਬ (ਨਾਏਨਾਏ) ਵਿਖੇ ਪਾਕਿਸਤਾਨੀ ਦੇ ਮਾਣਯੋਗ ਹਾਈ ਕਮਿਸ਼ਨਰ ਡਾ: ਅਬਦੁਲ ਮਲਿਕ ਨੇ ਪਹੁੰਚ ਕੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਆਗਮਨ ਪੁਰਬ ਦੀ ਮੁਬਾਰਕਬਾਦ ਦਿੱਤ ਤੇ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ। ਹਫਤਾਵਾਰੀ ਸਮਾਗਮ ਬਾਅਦ ਉਨ੍ਹਾਂ ਇਸ ਮੌਕੇ ਸੰਬੋਧਨ ਹੁੰਦਿਆ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ ਦਾ 42 ਏਕੜ ਕੰਪਲੈਕਸ ਦਸ ਮਹੀਨੇ ਦੇ ਵਿਚ ਗੁਰੂ ਸਾਹਿਬਾਂ ਦੀ ਕ੍ਰਿਪਾ ਸਦਕਾ ਪੂਰਾ ਕਰ ਲਿਆ ਗਿਆ ਹੈ। ਡਾ: ਮਲਿਕ ਨੇ ਵਿਸਥਾਰ ਨਾਲ ਦੱਸਿਆ ਕਿ ਪਾਕਿਸਤਾਨ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਣ ਦੇ ਵਿੱਚ ਨਿੱਜੀ ਦਿਲਚਸਪੀ ਲਈ ਸੀ। ਉਨ੍ਹਾਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਸਮਾਰੋਹ ਦੌਰਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਪੜ੍ਹੀ ਨਜ਼ਮ ਵਿੱਚੋਂ ਚੰਦ ਸਤਰਾਂ ਵੀ ਸੁਣਾਈਆਂ ਅਤੇ ਚੰਗੇ ਆਪਸੀ ਪਿਆਰ ਬਣੇ ਰਹਿਣ ਦੀ ਆਸ ਪਰਗਟ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਵੈਲਿੰਗਟਨ ਤੋਂ ਸੰਗਤ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਨ ਜਾਣਾ ਚਾਹੁੰਦੀ ਹੋਵੇ ਤਾਂ ਉਨ੍ਹਾਂ ਨੂੰ ਵੀਜ਼ਾ ਆਸਾਨੀ ਨਾਲ ਮਿਲੇਗਾ। ਨਿਊਜ਼ੀਲੈਂਡ ਸਿੱਖ ਸੁਸਾਇਟੀ ਵੈਲਿੰਗਟਨ ਵੱਲੋਂ ਡਾ: ਅਬਦੁਲ ਮਲਿਕ ਨੂੰ ਇਸ ਮੌਕੇ ਤੇ ਸਨਮਾਨ ਪੱਤਰ ਭੇਂਟ ਕੀਤਾ ਗਿਆ ਅਤੇ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਝਾਤ ਮਾਰਦਾ ਇਕ ਕਿਤਾਬਚਾ ਸੌਂਪਿਆ ਗਿਆ। ਸਨਮਾਨ ਪੱਤਰ ਭੇਂਟ ਕਰਦੇ ਵਕਤ ਸੁਸਾਇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਦੇ ਨਾਲ ਸਕੱਤਰ ਸਰਦਾਰਨੀ ਅਮਰਜੀਤ ਕੌਰ ਅਤੇ ਕਾਰਜਕਾਰੀ ਮੈਂਬਰ ਸ: ਬਿਪਨਜੀਤ ਸਿੰਘ, ਸ: ਗੁਰਪਾਲ ਸਿੰਘ, ਸ: ਸੇਵਾ ਸਿੰਘ ਅਤੇ ਸ: ਹਰਵਿਂਦਰ ਸਿੰਘ ਵੀ ਸ਼ਾਮਲ ਸਨ। ਡਾ: ਅਬਦੁਲ ਮਲਿਕ ਤੇ ਆਏ ਹੋਏ ਹੋਰ ਅਧਿਕਾਰੀਆਂ ਨੇ ਗੁਰੂ ਕਾ ਲੰਗਰ ਛਕਿਆ ਅਤੇ ਰਵਾਨਗੀ ਲਈ।

Real Estate