ਪਾਕਿਸਤਾਨ ਗਿਆ ਪਹਿਲਾ ਜਥਾ ਪਰਤਿਆ ਵਾਪਸ

1473

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਆਪਣੇ ਦੇਸ਼ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਸਿੱਖ ਕੌਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਸ ਲਾਂਘੇ ਰਾਹੀਂ ਆਉਣ ਵਾਲੀਆਂ ਨਸਲਾਂ ਜ਼ਰੂਰ ਅਮਨ–ਚੈਨ ਦਾ ਸਬਕ ਸਿੱਖਣਗੀਆਂ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿਰਫ਼ ਇਹ ਸਰਹੱਦ ਹੀ ਨਹੀਂ, ਸਗੋਂ ਸਿੱਖ ਕੌਮ ਲਈ ਆਪਣੇ ਦਿਲ ਵੀ ਖੋਲ੍ਹ ਰਹੇ ਹਾਂ। ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਾਬਾ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦਾ ਬਹੁਤ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਏਕਤਾ ਤੇ ਸਦਭਾਵਨਾ ਇਸ ਖਿ਼ੱਤੇ ਦੀ ਸ਼ਾਂਤੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿ ਮੁਸਲਿਮ ਭਾਈਚਾਰਾ ਕਿਸੇ ਵੀ ਧਾਰਮਿਕ ਅਸਥਾਨ ਦੀ ਪਵਿੱਤਰਤਾ ਨੂੰ ਬਾਖ਼ੂਬੀ ਸਮਝਦਾ ਹੈ।
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਇਸ ਕੰਮ ਲਈ ਮੇਰੇ ਦੋਸਤ ਇਮਰਾਨ ਖ਼ਾਨ ਦੇ ਯੋਗਦਾਨ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ‘ਚ ਇਮਰਾਨ ਖਾਨ ਦਾ ਅਹਿਮ ਯੋਗਦਾਨ ਹੈ। ਨਵਜੋਤ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਦੇ ਖੋਲ੍ਹਣ ਲਈ ਵਿਸ਼ੇਸ਼ ਰੁਚੀ ਲੈਣ ਲਈ ਮੋਦੀ ਸਰਕਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀਆਂ ਤੋਂ ਉੱਪਰ ਉਠ ਕੇ ਕੀਤੇ ਕੰਮ ਹਮੇਸ਼ਾ ਲੋਕ ਯਾਦ ਕਰਦੇ ਹਨ।
ਲਾਂਘੇ ਰਾਹੀ ਕਰਤਾਰਪੁਰ ਸਾਹਿਬ ਗਿਆ ਜੱਥਾਂ ਵਾਪਸ ਭਾਰਤ ਆ ਗਿਆ ਹੈ। ਭਾਰਤ ਵਾਪਸ ਪਰਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਕੋਰੀਡੋਰ ਦੀ ਫੇਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਚੰਗਾ ਤਜਰਬਾ ਸੀ। ਮੈਨੂੰ ਉਮੀਦ ਹੈ ਕਿ ਲਾਂਘਾ ਆਖ਼ਰਕਾਰ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦਾ ਲਾਂਘਾ ਬਣ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿ ਵੱਲੋਂ ਚੰਗੀ ਵਿਵਸਥਾ ਕੀਤੀ ਗਈ ਸੀ।ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਰਪੁਰ ਕੋਰੀਡੋਰ ਦੀ ਫੇਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਚੰਗੀ ਸ਼ੁਰੂਆਤ ਹੈ। ਭਾਰਤ-ਪਾਕਿਸਤਾਨ ਸਬੰਧ ਬਹੁਤ ਸਾਰੇ ਝਗੜਿਆਂ ਦੇ ਅਧੀਨ ਹਨ ਅਤੇ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਸਬੰਧਾਂ ਨੂੰ ਸੁਧਾਰਨ ਲਈ ਇਹ ਚੰਗੀ ਸ਼ੁਰੂਆਤ ਸਾਬਤ ਹੋਵੇਗੀ।

Real Estate