ਪੰਜਾਬ ਵਿੱਚ ਨਰਮੇ ਹੇਠਾਂ ਰਕਬਾ ਵਧਣਾ ਤੇ ਝੋਨੇ ਹੇਠੋਂ ਰਕਬਾ ਘਟਣਾ , ਸੂਬੇ ਦੇ ਚੰਗੇ ਭਵਿੱਖ ਦੀ ਨਿਸ਼ਾਨੀ

755

ਸ੍ਰੀ ਮੁਕਤਸਰ ਸਾਹਿਬ 5 ਨਵੰਬਰ (ਕੁਲਦੀਪ ਸਿੰਘ ਘੁਮਾਣ) ਸੂਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ,ਇਸ ਵਾਰ ਨਰਮੇ ਦੀ ਕਾਸ਼ਤ ਇੱਕ ਲੱਖ ਛੱਬੀ ਹਜ਼ਾਰ ਹੈਕਟੇਅਰ ਵੱਧ ਹੋਈ ਹੈ ਅਤੇ ਝੋਨੇ ਹੇਠੋਂ ਤਕਰੀਬਨ ਇੱਕ ਲੱਖ ਅੱਸੀ ਹਜ਼ਾਰ ਹੈਕਟੇਅਰ ਰਕਬਾ ਘਟ ਕੇ, ਨਰਮੇ ਅਤੇ ਹੋਰਨਾਂ ਫਸਲਾਂ ਦੇ ਹੇਠਾਂ ਆ ਗਿਆ ਹੈ। ਸਬੰਧਿਤ ਅਧਿਕਾਰੀਆਂ ਮੁਤਾਬਕ ਸੂਬੇ ਵਿੱਚ ਪਿਛਲੇ ਸਾਲ ਦੋ ਲੱਖ ਅਠਾਹਟ ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਸੀ ਜੋ ਇਸ ਸਾਲ , ਇੱਕ ਲੱਖ ਛੱਬੀ ਹਜ਼ਾਰ ਹੈਕਟੇਅਰ ਰਕਬੇ ਦੇ ਵਾਧੇ ਨਾਲ , ਤਿੰਨ ਲੱਖ ਚੌਰਾਨਵੇਂ ਹਜ਼ਾਰ ਹੈਕਟੇਅਰ ਹੋ ਗਈ ਹੈ। ਇਸੇ ਤਰ੍ਹਾਂ ਹੀ ਪਿਛਲੇ ਸਾਲ ਇਕੱਤੀ ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਸੀ। ਜੋ ਇਸ ਸਾਲ ਇੱਕ ਲੱਖ ਅੱਸੀ ਹਜ਼ਾਰ ਹੈਕਟੇਅਰ ਰਕਬਾ ਘਟ ਕੇ ਉਨੱਤੀ ਲੱਖ ਵੀਹ ਹਜ਼ਾਰ ਹੈਕਟੇਅਰ ਹੀ ਰਹਿ ਗਈ ਹੈ। ਇਸ ਰਕਬੇ ਵਿੱਚੋਂ ਵੀ ਛੇ ਲੱਖ ਉਨੱਤੀ ਹਜ਼ਾਰ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਬਿਜਾਈ ਕੀਤੀ ਗਈ ਹੈ। ਇਸ ਤਰ੍ਹਾਂ ਜੇਕਰ ਕੁੱਲ ਝੋਨੇ ਦੀ ਬਿਜਾਈ ਵਿੱਚੋਂ ਬਾਸਮਤੀ ਦੀ ਬਿਜਾਈ ਨੂੰ ਪਾਸੇ ਕਰ ਲਿਆ ਜਾਵੇ ਤਾਂ ਇਕੱਲੇ ਝੋਨੇ ਹੇਠ ਬਾਈ ਲੱਖ ਇਕਾਨਵੇਂ ਹਜ਼ਾਰ ਹੈਕਟੇਅਰ ਰਕਬਾ ਹੀ ਰਹਿ ਜਾਂਦਾ ਹੈ।
ਜਿਸਨੂੰ ਵੇਖ ਕੇ ਜਾਗਦੇ ਸਿਰਾਂ ਵਾਲੇ ਲੋਕਾਂ ਨੂੰ ਤਸੱਲੀ ਜ਼ਰੂਰ ਹੁੰਦੀ ਹੈ ਕਿ ਅਗਰ ਸੂਬੇ ਦੀ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸੇ ਤਰ੍ਹਾਂ ਹੀ ਕਿਸਾਨਾਂ ਦੇ ਸਹਿਯੋਗ ਸਦਕਾ, ਉਪਰਾਲੇ ਕੀਤੇ ਜਾਂਦੇ ਰਹੇ ਤਾਂ ਯਕੀਨਨ ਹੀ ਸੂਬੇ ਦੇ ਲੋਕਾਂ ਅੱਗੇ ਮੂੰਹ ਅੱਡੀ ਬੈਠੀਆਂ ਅਨੇਕਾਂ ਸਮੱਸਿਆਵਾਂ ਦਾ, ਸਦੀਵੀ ਹੱਲ ਸੰਭਵ ਹੋ ਸਕਦਾ ਹੈ। ਜਿਵੇਂ ਕਿ ਦਿਨੋਂ ਦਿਨ ਧਰਤੀ ਹੇਠਲੇ ਪਾਣੀ ਦਾ ਨੀਵਾਂ ਹੋ ਰਿਹਾ ਪੱਧਰ , ਪਰਾਲੀ ਦੀ ਸਮੱਸਿਆ , ਵਾਧੂ ਮੁਫ਼ਤ ਬਿਜਲੀ ਦੀ ਮੰਗ , ਖੇਤ ਮਜ਼ਦੂਰਾਂ ਨੂੰ ਨਰਮੇ ਦੀ ਬਿਜਾਈ ਨਾਲ ਲਗਾਤਾਰ ਛੇ ਮਹੀਨੇ ਮਿਲਣ ਵਾਲੀ ਮਿਹਨਤ ਮਜ਼ਦੂਰੀ , ਪੱਠਾ ਨੀਰਾ ਅਤੇ ਚੁੱਲ੍ਹੇ ਚੌਂਕੇ ਜੋਗੀਆਂ ਸਾਲ ਭਰ ਬਾਲਣ ਲਈ ਛਟੀਆਂ ਅਤੇ ਇਸ ਤਰ੍ਹਾਂ ਸੂਬੇ ਭਰ ਵਿੱਚ ਚੋਰੀ ਚਕਾਰੀ ਦੀਆਂ ਘਟਨਾਵਾਂ ਨੂੰ ਵੀ ਠੱਲ੍ਹ ਪੈ ਸਕਦੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਤੇ ਜਰਮਲ ਸਿੰਘ ਨੇ ਕਿਹਾ ਕਿ ਇਸ ਵਾਰ ਝੋਨੇ ਦੇ ਝਾੜ ਵਿੱਚ ਵੀ ਕਮੀ ਆਈ ਹੈ , ਝੋਨੇ ਵਾਲੀਆਂ ਜ਼ਮੀਨਾਂ ਦਾ ਠੇਕਾ ਵੀ ਕਿਸਾਨਾਂ ਨੂੰ ਵੱਧ ਭਰਨਾ ਪੈ ਰਿਹਾ ਹੈ ਅਤੇ ਝੋਨੇ ਉੱਪਰ ਖਰਚਾ ਵੀ ਤਕਰੀਬਨ ਦਸ ਹਜ਼ਾਰ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਆਇਆ ਹੈ। ਜਦੋਂ ਕਿ ਝੋਨੇ ਵਾਲੀਆਂ ਜ਼ਮੀਨਾਂ ਦਾ ਠੇਕਾ 50,000 ਪ੍ਰਤੀ ਕਿੱਲੇ ਤੋਂ ਲੈ ਕੇ 70,000 ਰੁਪਏ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਹੈ। ਝੋਨੇ ਦਾ ਝਾੜ ਤਕਰੀਬਨ ਸੱਠ ਪੈਂਹਟ ਮਣ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਇਆ ਹੈ ਅਤੇ ਭਾਅ ਅਠਾਰਾਂ ਸੌ ਪੈਂਤੀ ਰੁਪਏ ਪ੍ਰਤੀ ਕੁਇੰਟਲ ਹੈ। ਇਸ ਹਿਸਾਬ ਨਾਲ ਝੋਨੇ ਦੀ ਵੱਟਕ ਚਾਲੀ ਬਿਆਲੀ ਹਜ਼ਾਰ ਪ੍ਰਤੀ ਕਿੱਲਾ ਹੀ ਬਣਦੀ ਹੈ। ਜੇਕਰ ਬਾਸਮਤੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ, ਬਾਸਮਤੀ ਦਾ ਔਸਤਨ ਝਾੜ , ਚਾਲੀ ਬਿਆਲੀ ਮਣ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਆਇਆ ਹੈ ਅਤੇ ਬਾਸਮਤੀ ਦਾ ਭਾਅ ਛੱਬੀ ਸਤਾਈ ਸੌ ਰੁਪਏ ਪ੍ਰਤੀ ਕੁਇੰਟਲ ਹੀ ਰਿਹਾ । ਇਸ ਹਿਸਾਬ ਨਾਲ ਬਿਆਲੀ ਤਰਤਾਲੀ ਹਜ਼ਾਰ ਰੁਪਏ ਪ੍ਰਤੀ ਕਿੱਲਾ ਬਾਸਮਤੀ ਦੀ ਵੱਟਕ ਆਈ ਹੈ।
ਇਸ ਦੇ ਮੁਕਾਬਲਤਨ ਨਰਮੇ ਦਾ ਝਾੜ ਵੀ ਤਕਰੀਬਨ ਪੱਚੀ , ਤੀਹ ਮਣ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਨਿੱਕਲਿਆ ਹੈ , ਪੰਜ ਸਾਢੇ ਪੰਜ ਹਜ਼ਾਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਤਕਰੀਬਨ ਪੰਜਾਹ ਹਜ਼ਾਰ ਪ੍ਰਤੀ ਕਿੱਲਾ ਨਰਮੇ ਦੀ ਵੱਟਕ ਹੋਈ ਹੈ । ਜਦੋਂ ਕਿ ਨਰਮੇ ਵਾਲੀਆਂ ਜ਼ਮੀਨਾਂ ਦਾ ਠੇਕਾ ਔਸਤਨ 35000/36000 ਰੁਪਏ ਪ੍ਰਤੀ ਕਿੱਲਾ ਹੈ ਅਤੇ ਨਰਮੇ ਉੱਪਰ ਖਰਚਾ ਵੀ ਬਹੁਤ ਘੱਟ, ਔਸਤਨ ਪੰਜ ਛੇ ਹਜ਼ਾਰ ਰੁਪਏ ਪ੍ਰਤੀ ਕਿੱਲਾ ਹੀ ਆਇਆ ਹੈ।
ਜੇਕਰ ਬਾਸਮਤੀ ਤੇ ਝੋਨੇ ਦੇ ਮੁਕਾਬਲੇ ਨਰਮੇ ਦੀ ਪ੍ਰਤੀ ਕਿੱਲਾ ਆਮਦਨ ਮੁਲਾਂਕਣ ਕੀਤਾ ਜਾਵੇ ਤਾਂ ਨਰਮੇ ਦੀ ਆਮਦਨ , ਝੋਨੇ ਅਤੇ ਬਾਸਮਤੀ , ਦੋਨਾਂ ਨਾਲੋਂ ਹੀ ਵੱਧ ਰਹੀ ਹੈ ਅਤੇ ਨਰਮੇ ਵਾਲੀਆਂ ਜ਼ਮੀਨਾਂ ਠੇਕੇ ਤੇ ਲੈਣ ਵਾਲੇ ਕਿਸਾਨਾਂ ਨੂੰ, ਠੇਕਾ ਘੱਟ ਭਰਨਾ ਪਿਆ ਹੈ ਅਤੇ ਆਮਦਨ ਵੱਧ ਹੋਈ ਹੈ। ਨਤੀਜੇ ਵਜੋਂ ਨਰਮੇ ਵਾਲੇ ਕਿਸਾਨਾਂ ਦੀਆਂ ਪੌਂ ਬਾਰਾਂ ਹਨ। ਜੇਕਰ ਨਰਮੇ ਹੇਠਾਂ ਵਧ ਰਹੇ ਰਕਬੇ ਅਤੇ ਝੋਨੇ ਹੇਠੋਂ ਦਿਨੋ-ਦਿਨ ਘਟ ਰਹੇ ਰਕਬੇ, ਤੋਂ ਬਾਅਦ ਦੋਨਾਂ ਫਸਲਾਂ ਦੀ ਕੁੱਲ ਆਮਦਨ ਦਾ ਮੁਲਾਂਕਣ ਕੀਤਾ ਜਾਵੇ ਤਾਂ ਨਿਰਸੰਦੇਹ ਆਉਂਣ ਵਾਲਾ ਸਮਾਂ ਨਰਮੇ ਅਤੇ ਨਰਮਾ ਉਤਪਾਦਕਾਂ ਲਈ ਬਿਹਤਰ ਕਿਹਾ ਜਾ ਸਕਦਾ ਹੈ। ਜਿਸ ਦੇ ਸਿੱਟੇ ਵਜੋਂ ਧੂੰਏਂ, ਪਰਾਲੀ, ਧਰਤੀ ਹੇਠਲੇ ਪਾਣੀ,ਵਧ ਰਹੇ ਠੇਕਿਆਂ ਤੋਂ ਨਿਜ਼ਾਤ,ਖੇਤ ਮਜ਼ਦੂਰਾਂ ਨੂੰ ਲਗਾਤਾਰ ਮਿਲਣ ਵਾਲੇ ਕੰਮ,ਪੱਠਾ ਨੀਰਾ ਅਤੇ ਬਾਲਣ ਲੱਕੜ ਵਰਗੀਆਂ ਸਮੱਸਿਆਵਾਂ ਨੂੰ ਵੀ ਠੱਲ੍ਹ ਪੈਣ ਦੀਆਂ ਸੰਭਾਵਨਾਵਾਂ ਹਨ। ਜਿਸ ਕਰਕੇ ਕਿਸਾਨਾਂ ਵਿੱਚ ਝੋਨੇ ਦੇ ਘਟ ਰਹੇ ਮੋਹ ਅਤੇ ਕਿਸਾਨਾਂ ਦੀ ਨਰਮੇ ਪ੍ਰਤੀ ਮੁਹੱਬਤ ਨੂੰ ਜੀ ਆਇਆਂ ਕਿਹਾ ਜਾਣਾ ਚਾਹੀਦਾ ਹੈ।

Real Estate