ਕੈਪਟਨ ਦਾ ਤਾਜ਼ਾ ਬਿਆਨ ਕਰਤਾਰਪੁਰ ਲਾਂਘੇ ਵਿਚ ਅੜਿੱਕੇ ਪਾਉਣ ਦੀ ਕੋਸ਼ਿਸ਼

687

ਸ਼੍ਰੋਮਣੀ ਅਕਾਲੀ ਦਲ (ਬਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਲਾਂਘੇ ‘ਚ ਅੜਿੱਕਾ ਪਾਉਣ ਦੇ ਮੰਤਵ ਨਾਲ ਦਿੱਤੇ ਸਿਆਸੀ ਬਿਆਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਨਿਖੇਧੀ ਕੀਤੀ ਹੈ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਕਰਤਾਰਪੁਰ ਲਾਂਘੇ ਦੀ ਹੋਂਦ ਬਾਰੇ ਸੁਆਲ ਖੜ੍ਹੇ ਕਰਕੇ ਕਰੋੜਾਂ ਸਿੱਖਾਂ ਦੀ ਆਸਥਾ ਨਾਲ ਖੇਡ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਾਰ ਵਾਰ ਲਾਂਘੇ ਬਾਰੇ ਆਪਣੇ ਬਿਆਨ ਬਦਲ ਰਿਹਾ ਹੈ।ਪਹਿਲਾਂ ਉਸ ਨੇ ਇਸ ਦਾ ਵਿਰੋਧ ਕੀਤਾ ਸੀ। ਫਿਰ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ ਕਰੇਗਾ। ਉਹਨਾਂ ਕਿਹਾ ਕਿ ਕੈਪਟਨ ਦੀ ਤਾਜ਼ਾ ਹਰਕਤ ਸਿੱਖ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ ਹੈ। ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਲਈ ਆਖਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੁਹਾਡੀਆਂ ਬੇਵਕੂਫੀ ਭਰੀਆਂ ਹਰਕਤਾਂ ਨਾ ਸਿਰਫ ਤੁਹਾਡਾ ਅਕਸ ਖਰਾਬ ਕਰ ਰਹੀਆਂ ਹਨ,ਸਗੋਂ ਸਿੱਖਾਂ ਅੰਦਰ ਵੀ ਫਿਕਰ ਅਤੇ ਭੰਬਲਭੂਸਾ ਪੈਦਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਤੁਸੀਂ ਵਾਰ ਵਾਰ ਆਈਐਸਆਈ ਦੀਆਂ ਧਮਕੀਆਂ ਦੇ ਹਵਾਲੇ ਦੇ ਬਿਨਾਂ ਲੋੜ ਤੋਂ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਕਿਹਾ ਕਿ ਇਹਨਾਂ ਧਮਕੀਆਂ ਤੋਂ ਕੇਂਦਰ ਸਰਕਾਰ ਚੰਗੀ ਤਰ੍ਹਾਂ ਜਾਣੂ ਹੈ ਅਤੇ ਸਾਡੇ ਸੁਰੱਖਿਆ ਦਸਤੇ ਇਹਨਾਂ ਨਾਲ ਨਜਿੱਠਣਾ ਜਾਣਦੇ ਹਨ। ਉਹਨਾਂ ਕਿਹਾ ਕਿ ਤੁਹਾਨੂੰ ਇਹਨਾਂ ਧਮਕੀਆਂ ਦਾ ਇਸਤੇਮਾਲ ਸਿੱਖਾਂ ਨੂੰ ਉਹਨਾਂ ਦੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਪੂਰੀ ਕਰਨ ਤੋਂ ਰੋਕਣ ਲਈ ਨਹੀਂ ਕਰਨਾ ਚਾਹੀਦਾ।

Real Estate