ਭਾਰਤੀਆਂ ਦੀ ਜਾਸੂਸੀ ਵਿੱਚ ਕਰੋੜਾਂ ਰੁਪਏ ਕਿਹੜੀ ਏਜੰਸੀ ਨੇ ਖਰਚੇ ਹੋਣਗੇ ?

859

ਦੁਨੀਆਂ ਭਰ ਚ 1.5 ਅਰਬ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ, ਪਰ ਇਹ ਸਾਈਬਰ ਸੰਨ੍ਹਮਾਰੀ ਦਾ ਸ਼ਿਕਾਰ ਖ਼ਾਸ ਲੋਕਾਂ ਨੂੰ ਹੀ ਬਣਾਇਆ ਗਿਆ । ਇਜ਼ਰਾਈਲੀ ਤਕਨੀਕ ਨਾਲ ਵਟਸਐਪ ਵਿੱਚ ਸੰਨ੍ਹ ਲਾ ਕੇ ਪੱਤਰਕਾਰਾਂ, ਵਕੀਲਾਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਦੀ ਜਾਸੂਸੀ ਦੇ ਮਾਮਲੇ ਵਿੱਚ ਅਨੇਕ ਖੁਲਾਸੇ ਹੋਏ ਹਨ। ਹਾਲਾਂਕਿ ਪੂਰਾ ਸੱਚ ਸਾਹਮਣੇ ਆਉਣਾ ਹਾਲੇ ਰਹਿੰਦਾ ਹੈ। ਇਜ਼ਰਾਈਲੀ ਕੰਪਨੀ ਐੱਨਐੱਸਓ ਦੇ ਸਪੱਸ਼ਟੀਕਨ ਨੂੰ ਸੱਚ ਮੰਨਿਆ ਜਾਵੇ ਤਾਂ ਸਰਕਾਰ ਤੇ ਸਰਕਾਰੀ ਏਜੰਸੀਆਂ ਹੀ ਪੇਗਾਸਸ ਸਾਫ਼ਟਵੇਅਰ ਰਾਹੀਂ ਜਾਸੂਸੀ ਕਰ ਸਕਦੀਆਂ ਹਨ। ਆਪਣਾ ਪੱਖ ਰੱਖਣ ਦੀ ਥਾਂ ਸਰਕਾਰ ਨੇ ਵੱਟਸਐੱਪ ਨੂੰ 4 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਕੈਂਬਰਿਜ ਐਨਲੈਟਿਕਾ ਮਾਮਲੇ ਵਿੱਚ ਵੀ ਫੇਸਬੁੱਕ ਤੋਂ ਅਜਿਹਾ ਹੀ ਜਵਾਬ ਮੰਗਿਆ ਗਿਆ ਸੀ। ਉਸ ਮਾਮਲੇ ਵਿੱਚ ਯੂਰਪੀ ਕਾਨੂੰਨਾਂ ਤਹਿਤ ਕੰਪਨੀ ਨੂੰ ਜੁਰਮਾਨਾ ਵੀ ਕੀਤਾ ਗਿਆ ਸੀ। ਜਦਕਿ ਭਾਰਤ ਵਿੱਚ ਹਾਲੇ ਸੀਬੀਆਈ ਅੰਕੜਿਆਂ ਦਾ ਵਿਸ਼ੇਲਸ਼ਣ ਹੀ ਕਰ ਰਹੀ ਹੈ। ਕਾਗਜ਼ਾਂ ਤੋਂ ਸਪੱਸ਼ਟ ਹੈ ਕਿ ਵਟਸਐਪ ਵਿੱਚ ਸੰਨ੍ਹਮਾਰੀ ਦੀ ਖੇਡ ਕਈ ਸਾਲਾਂ ਤੋਂ ਚੱਲ ਰਹੀ ਹੈ, ਤੇ ਹੁਣ ਕੈਲੀਫੋਰਨੀਆ ਦੀ ਅਦਾਲਤ ਵਿੱਚ ਵਟਸਐਪ ਵੱਲੋਂ ਮੁੱਕਦਮਾ ਕਰਨ ਪਿੱਛੇ ਕੀ ਰਣਨੀਤੀ ਕੰਮ ਕਰ ਰਹੀ ਹੈ?
ਵਟਸਐਪ ਨੇ ਕੈਲੀਫੋਰਨੀਆ ਵਿੱਚ ਇਜ਼ਰਾਇਲੀ ਕੰਪਨੀ ਐੱਨਐੱਸਓ ਅਤੇ ਉਸ ਦੀ ਸਹਿਯੋਗੀ ਕੰਪਨੀ ਕਿਊ ਸਾਈਬਰ ਟੈਕਨੌਲੋਜੀਜ਼ ਲਿਮਟਿਡ ਦੇ ਖ਼ਿਲਾਫ਼ ਮੁੱਕਦਮਾ ਦਾਇਰ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਵਟਸਐਪ ਦੇ ਨਾਲ ਫੇਸਬੁੱਕ ਵੀ ਇਸ ਮਾਮਲੇ ਵਿੱਚ ਇੱਕ ਪਾਰਟੀ ਹੈ। ਫੇਸਬੁੱਕ ਵਟਸਐਪ ਦੀ ਮਾਲਕ ਹੈ ਪਰ ਇਸ ਮਾਮਲੇ ਵਿੱਚ ਉਸ ਨੇ ਆਪਣੇ ਆਪ ਨੂੰ ਵਟਸਐਪ ਦਾ ਸਰਵਿਸ ਪਰੋਵਾਈਡਰ ਦੱਸਿਆ ਹੈ,ਜੋ ਵਟਸਐਪ ਨੂੰ ਬੁਨਿਆਦੀ ਢਾਂਚਾ ਅਤੇ ਸੁਰੱਖਿਆ ਕਵਚ ਮੁਹੱਈਆ ਕਰਦੀ ਹੈ। ਪਿਛਲੇ ਸਾਲ ਹੀ ਫੇਸਬੁੱਕ ਨੇ ਇਹ ਮੰਨਿਆ ਸੀ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਵਟਸਐਪ ਅਤੇ ਇੰਸਟਾਗ੍ਰਾਮ ਦੇ ਡਾਟਾ ਨੂੰ ਜੋੜ ਕੇ (ਇੰਟੀਗ੍ਰੇਟ ਕਰਕੇ) ਉਸ ਦੀ ਕਾਰੋਬਾਰੀ ਵਰਤੋਂ ਕੀਤੀ ਜਾ ਰਹੀ ਹੈ।
ਫੇਸਬੁੱਕ ਨੇ ਇਹ ਵੀ ਮੰਨਿਆ ਸੀ ਕਿ ਉਸਦੇ ਪਲੇਟਫਾਰਮ ਵਿੱਚ ਅਨੇਕਾਂ ਐਪਲੀਕੇਸ਼ਨਾਂ ਰਾਹੀਂ ਡਾਟਾ ਮਾਈਨਿੰਗ ਅਤੇ ਡਾਟਾ ਦਾ ਕਾਰੋਬਾਰ ਹੁੰਦਾ ਹੈ। ਕੈਂਬਰਿਜ ਐਨਲੈਟਿਕਾ ਅਜਿਹੀ ਹੀ ਇੱਕ ਕੰਪਨੀ ਸੀ ਜੋ ਜਿਸ ਦੇ ਨਾਲ ਭਾਰਤ ਸਮੇਤ ਅਨੇਕਾਂ ਦੇਸ਼ਾਂ ਵਿੱਚ ਲੋਕਤੰਤਰੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਟਸਐਪ ਆਪਣੇ ਸਿਸਟਮ ਵਿੱਚ ਕੀਤੀਆਂ ਗਈਆਂ ਕਾਲਾਂ, ਵੀਡੀਓ ਕਾਲਾਂ, ਚੈਟ, ਗਰੁੱਪ ਚੈਟ, ਤਸਵੀਰਾਂ, ਵੀਡੀਓ, ਆਵਾਜ਼ੀ ਸੁਨੇਹਿਆਂ ਨੂੰ ਇਨਕ੍ਰਿਪਟਡ ਦੱਸਦਿਆਂ, ਆਪਣੇ ਪਲੇਟਫਾਰਮ ਨੂੰ ਹਮੇਸ਼ਾ ਸੁਰੱਖਿਅਤ ਦੱਸਦਾ ਰਿਹਾ ਹੈ।

Real Estate