ਆਓ ਕੁੱਝ ਵਿਚਾਰੀਏ ਅਤੇ ਅਸਲੀਅਤ ਦਾ ਦੀਵਾ ਜਗਾਈਏ !!!!

2301

“ਸੁਲਤਾਨਪੁਰ ਲੋਧੀ ਵਿਖੇ ਅੱਡ-ਅੱਡ ਸਟੇਜਾਂ ਲਾਉਣ ਦੇ ਭੱਖ ਰਹੇ ਜੰਗ ਨੂੰ ਰੋਕਣ ਲਈ”
“ਸ. ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਜੀ ਨੂੰ ਦੋਇ-ਕਰ ਜੋੜ, ਇੱਕ ਜੋਦੜੀ” !!!!!

ਡਾ. ਰਛਪਾਲ ਗਿੱਲ
ਇਹ ਹਕੀਕ਼ਤ ਹੈ ਕਿ ਲੋਕਾਂ ਨੇ ਤੁਹਾਨੂੰ ਹਮੇਸ਼ਾ ਹੀ ਜੁੰਡੋ-ਜੁੰਡੀ, ਦਾਹੜੀਓ-ਦਾਹੜੀ, ਪੱਗੋ-ਪੱਗੀ, ਮਿਹਣਿਓਂ-ਮਿਹਣੀਂ, ਗਾਲ਼ੀਓ-ਗਾਲ਼ੀ, ਮੁੱਕੋ-ਮੁੱਕੀ, ਹੂਰੋ-ਹੂਰੀ, ਧੱਕਿਓ-ਧੱਕੀ, ਤਲਵਾਰੋ-ਤਲਵਾਰੀ, ਜਲਸੇ-ਜਲਸੀਓ, ਅਤੇ ਕਾਨਫਰੰਸੋਂ-ਕਾਨਫਰੰਸੀਂ ਹੁੰਦਿਆਂ ਤਾਂ ਬੇ-ਸ਼ੁਮਾਰ ਦਫਾ ਦੇਖਿਆ ਹੈ, ਪਰ ਹੁਣ ਤੁਸੀਂ ਪੰਡਾਲੋ-ਪੰਡਾਲੀਂ ਅਤੇ ਸਟੇਜੋ-ਸਟੇਜੀ ਦੀ ਖਹਿ-ਬਾਜ਼ੀ ਦੀ ਕਮੀਨਗੀ ਦਿਖਾ ਕੇ, ਜੋ ਕੁਕੜ-ਖੇਹ ਉਡਾ ਕੇ ਕੌਮ ਦਾ ਸਿਰ ਨੀਵਾਂ ਕਰਨ ਦੀ ਠਾਣੀ ਹੈ, ਉਹ ਅਤਿ ਨਿੰਦਣਯੋਗ ਹੈ!
ਵੱਖ-ਵੱਖ ਸਟੇਜਾਂ ਲਾਉਣ ਦੀ ਭੂਤਰੇ ਸਾਨ੍ਹ ਵਾਲ਼ੀ ਅੜੀ ਫੜਕੇ, ਊਲ-ਜਲੂਲ ਬੋਲ-ਬੋਲ, ਤੁਸੀਂ ਜੋ ਬੇ-ਤੁੱਕੇ ਬਿਆਨਾਂ ਦੇ ਪਕੌੜੇ ਤਲ਼ਕੇ, ਕੜ੍ਹੀ ਘੋਲ਼ ਰਹੇ ਹੋ, ਉਸ ਨਾਲ਼ ਸਿੱਖ-ਪੰਥ ਦਾ ਸਿਰ ਸ਼ਰਮ ਨਾਲ਼ ਨੀਵਾਂ ਹੋ ਗਿਆ ਹੈ। ਲੱਗਦਾ ਹੈ ਕਿ ਤੁਸੀਂ ਦੋਹਾਂ ਜੀਆਂ ਨੇ ਬੇ-ਦਰਦ ਬਣਕੇ ਕੌਮ ਦੀ ਸਤਿਕਾਰ ਯੋਗ-ਦਸਤਾਰ ਅਤੇ ਪਵਿੱਤਰ-ਦਾਹੜੇ ਨੂੰ ਦਾਗ਼ੀ ਕਰਨ ਦਾ ਤਹੱਈਆ ਕਰ ਲਿਆ ਹੈ।
ਕਾਕਾ ਜੀ ਅਤੇ ਬੀਬੀ ਜੀ! ਇਸ ਭੁਲੇਖੇ ’ਚ ਮੱਤ ਘੁੰਮਰਾਂ ਪਾਵੋ ਕਿ ਤੁਸੀਂ ਅਤੇ ਤੁਹਾਡਾ ਅਕਾਲੀ ਦਲ ਹੀ ਪੰਥ ਹੈ। ਤੁਹਾਨੂੰ ਪੰਥ ਦੀਆਂ ਧਾਰਮਿਕ-ਭਾਵਨਾਵਾਂ ਦਾ ਕੁਤਰਾ ਕਰਨ ਦਾ ਕੋਈ ਹੱਕ ਨਹੀਂ। ਤੁਸੀਂ ਤਾਂ ਸਿਰਫ਼ ਅਕਾਲੀ-ਦਲ ਦੇ ਪ੍ਰਧਾਨ ਹੋ, ਤੇ ਭਰਮ ਪਾਲ਼ੀ ਬੈਠੋ ਹੋ ਜਿਵੇਂ ਸਾਰੇ ਸਿੱਖ-ਜਗਤ ਦੇ ਰਹਿਨੁਮਾਂ ਹੋਵੋਂ! ਤੁਹਾਡੀ ਅੱਲੜ/ਅਨਾੜੀ-ਜ਼ਿੱਦ, ਬੇ-ਕਾਬੂ-ਹੱਠ, ਅਤੇ ਹੰਕਾਰੀ-ਫਿਤਰਤ ਨੇ ਪਹਿਲਾਂ ਹੀ ਕੌਮ ਨੂੰ ਕਈ-ਫਾੜ ਕਰਕੇ, ਪੰਥ ਦੀਆਂ ਧਾਰਮਿਕ-ਭਾਵਨਾਵਾਂ ਨੂੰ ਨਿਮੋਸ਼ੀ ਦੀ ਤਸਵੀਰ ਬਣਾ ਕੇ ਦੁ-ਚਿੱਤੀ, ਤੇ ਦੁ-ਬਿੱਧਾ ਦੀ ਦਲਦਲ ’ਚ ਧੱਕ ਦਿੱਤਾ ਹੈ।
ਕੋਈ ਸ਼ੱਕ ਨਹੀਂ ਕਿ ਤੁਹਾਡੀਆਂ ਕੌਮ-ਮਾਰੂ ਘਾਤਕ-ਹਰਕ਼ਤਾਂ ਸਦਕਾ, ਹਰ ਚੜ੍ਹਦੇ ਸੂਰਜ ਦੀ ਲਾਲੀ ਬੜੀ ਤੇਜ਼ੀ ਨਾਲ਼, ਤੁਹਾਡੇ ਪ੍ਰੀਵਾਰ ਅਤੇ ਅਕਾਲੀ ਦਲ ਦੇ ਜ਼ਵਾਲ/ਗਿਰਾਵਟ ਨੂੰ ਹੋਰ ਗੂੜਾ-ਰੌਸ਼ਨਾਉਂਣ ਦਾ ਕਾਰਨ ਬਣ ਰਹੀ ਹੈ। ਜੇ ਤੁਹਾਡੀ ਜੋੜੀ ਦੀ ਭੂਤਰੀ-ਸੋਚ ਦੀ ਗਤੀ ਇਹੀ ਰਹੀ ਤਾਂ ਅਸੈਬਲੀ ’ਚ ਹੁਣ ਜਿਹੜੀ 15 ਕੁ ਦੀ ਗਿਣਤੀ ਹੈ, ਕਿਤੇ ਅੱਗੇ ਨੂੰ ਪਾਂਜਾ(5) ਵੀ ਏਕੇ (1) ਨਾਲ਼ ਰੁੱਸ ਨਾ ਜਾਏ, ਅਤੇ ਅੰਤ ਏਕੇ ਨੂੰ ਵੀ ਅਗਿਆਤ-ਵਾਸ ਲੈਣਾ ਪੈ ਜਾਵੇ।
ਤੁਹਾਡੀ ਜੋੜੀ ਨੂੰ ਚਾਹੀਦਾ ਹੈ ਕਿ ਇੰਹਨਾਂ ਦਿਨਾਂ ’ਚ ਆਪਣੀ ਹਊਮੇਂ ਨੂੰ ਤਿਲਾਂਜਲੀ ਦੇ ਕੇ, ਜ਼ਬਾਨ ’ਤੇ ਪਲੱਸਤਰ ਕਰਕੇ, ਸਾਂਝੇ ਪੰਡਾਲ ਦੀ ਚਾਰ-ਦੀਵਾਰੀ ਅੰਦਰ, ਇੱਕ ਆਂਮ ਨਿਮਾਣੇ ਅਤੇ ਅਦਨੇ ਜਿਹੇ ਸਿੱਖ ਦੀ ਹੈਸੀਅਤ ’ਚ, ਸੰਗਤ ਵਿੱਚ ਸਾਊ-ਸੇਵਕ ਬਣਕੇ ਬੈਠ ਜਾਓ। ਸੰਗਤ ਵਿੱਚ ਬੈਠਣ ਨਾਲ਼ ਰੂਹ ਨੂੰ ਮਿਲਣ ਵਾਲ਼ੀ ਸ਼ਾਂਤੀ ਤੇ ਸਕੂਨ ਤੁਹਾਡੀ ਸੁਭਾਗ ਜੋੜੀ ਦੇ ਸੁਭਾਓ ’ਚ ਲੋਹੜਿਆਂ ਦੇ ਠਰੰਮੇਂ ਦੀ ਬਾਰਸ਼ ਦਾ ਮੇਘਲਾ ਬਰਸਾਅ ਦੇਵੇਗਾ! ਸੰਭਵ ਹੈ ਕਿ ਇਸ ਤਰਾਂ ਮਿਲ਼ੇ ਅਧਿਆਤਮਿਕ ਸਰੂਰ ਨਾਲ਼, ਤੁਹਾਡੇ ਦੋਵਾਂ ਜੀਆਂ ਦੀ ਉਮਰ ਵਿੱਚ ਖਾਸਾ ਵਾਧਾ ਵੀ ਹੋ ਜਾਵੇ! ਪਰ, ਲੱਖ ਅਫ਼ਸੋਸ! ਤੁਹਾਨੂੰ ਤਾਂ ਸਟੇਜ ਉੱਤੇ ਬੱਗਲਾ-ਭਗਤ ਬਣ, ਚਿੱਟੇ ਬਸਤਰ ਪਹਿਨਕੇ, ਥੱਲੇ ਨੂੰ ਲੱਤਾਂ ਲਿਮਕਾਅ, ਦੋਨੋਂ ਬਾਹਾਂ ਦੀ ਕੰਘੀ ਪਾ ਕੇ ਲਾਲਚੀ-ਦਿਖਾਵੇ, ਅਤੇ “ਸਾਥੋਂ ਉੱਪਰ ਕੋਈ ਹੋਰ ਨਹੀਂ ਹੈ” ਦੇ ਕਪਟੀ-ਹੰਕਾਰੀ ਨਸ਼ੇ ਦਾ ਭੂਤ ਚਿੰਬੜਿਆ ਹੋਇਆ ਹੈ। ਤੁਸੀਂ ਤਾਂ ਉਸ ਦਿਨ, ਕੇਵਲ ਬਾਬੇ ਨਾਨਕ ਜੀ ਦੀ ਮਹਾਨ ਸੋਚ ਅਤੇ ਰੂਹ ’ਚ ਘੁਮੰਡ ਦੇ ਸੂਏ ਮਾਰਨ ਲਈ ਬੈਠਣਾ ਹੈ।
ਕਾਕਾ ਅਤੇ ਬੀਬੀ ਜੀ! ਉਸ ਪਾਵਨ-ਦਿਹਾੜੇ ਮੌਕੇ, ਚਾਹੀਦਾ ਤਾਂ ਇਹ ਹੈ ਕਿ ਤੁਹਾਡਾ ਪ੍ਰੀਵਾਰ ਨਿਮਰਤਾ ਦੀ ਨਦੀ ਦੇ ਨਿਰਮਲ ਨੀਰ ਦੇ ਨੰਨ੍ਹੇ-ਮੁਨ੍ਹੇ ਨਿਘਾਸ ਦਾ ਜ਼ਖੀਰਾ ਬਣੇ, ਪਰ ਤੁਸੀਂ ਤਾਂ ਉਲਟਾ ਖੁਦੀ, ਗ਼ੁਮਾਨ, ਲਾਲਚ, ਅਤੇ ਅਭਿਮਾਨ ਦੇ ਭਰੇ ਵੇ ਟੋਕਰੇ ਸਿਰ ’ਤੇ ਚੁੱਕੀ, ਕਸਤੂਰੀ ਦਾ ਹੋਕਾ ਦੇਂਦੇ, ਸੂਲ਼ਾਂ ਦੇ ਤਿੱਖੇ-ਕੰਡਿਆਂ ਰੂਪੀ ਜਾਹਲੀ ਕੱਪਟੀ-ਨਾਹਰਿਆਂ ਦੀ ਸੇਲ ਲਾਵੋ ਗੇ। ਸਲਾਹ ਮੰਨੋਂ, ਭੈੜਾ ਰਾਹ ਛੱਡ ਕੇ, ਤਿਆਗ਼ੀ ਬਣਿਓਂ, ਲੱਕੜ ਪਾੜਨ ਵਾਲ਼ੀ ਤਿੱਖੀ ਛੈਣੀ ਨਾ ਬਣਨਾ!
ਤੁਹਾਡੇ ਗ਼ਦਾਰੀ, ਧੋਖੇਬਾਜ਼ ਅਤੇ ਅੱਤਿਆਚਾਰੀ ਕਿੱਸਿਆਂ ਤੋਂ ਹਰ ਸਿੱਖ ਭਲੀ-ਪਾਂਤ ਜਾਣੂ ਹੈ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਅਤੇ ਅਕਾਲ ਤਖ਼ਤ ਦੇ ਜੱਥੇਦਾਰਾਂ ਨੂੰ ਹਮੇਸ਼ਾ ਆਪਣੇ ਮੁਫਾਦਾਂ ਲਈ ਬੜੇ ਬੇ-ਰਹਿਮ ਹੋ ਕੇ ਵਰਤਿਆ ਹੈ। ਇਹ ਗਿਰੀ-ਜ਼ਮੀਰ ਵਾਲ਼ੇ ਕਰਿੰਦੇ ਤਾਂ ਤੁਹਾਡੀ ਜ਼ੇਬ ਨੂੰ ਲੱਗੇ ਉਹ ਪਿੰਨ ਹਨ, ਜਿੰਹਨਾਂ ਨੂੰ ਤੁਸੀਂ ਜਦੋਂ ਚਾਹੋਂ, ਜਿੱਥੇ-ਕਿਤੇ ਵੀ ਮਨ-ਮਰਜ਼ੀ ਦੀ ਝਰੀਟ ਮਰਵਾ ਲੈਂਦੇ ਹੋ। ਸਰਸੇ ਵਾਲ਼ੇ ਸਾਧ ਦੀ ਮੁਆਫੀ ਦੇ ਡਰਾਮੇਂ ’ਚ, ਇੰਹਨਾਂ ਵੱਲੋਂ ਨਿਭਾਈ ਗਈ ਕਲੰਕਤ-ਭੂਮਿਕਾ ਨੇ ਹੁਣ ਇਹਨਾਂ ਦੀ ਕਾਰ-ਗੁਜ਼ਾਰੀ ਤੋਂ ਪੂਰਨ ਤੌਰ ’ਤੇ ਇਤਬਾਰ ਉਡਾਅ ਦਿੱਤਾ ਹੈ। ਅੱਜ-ਕੱਲ, ਹਰ ਸਿੱਖ ਪ੍ਰਾਣੀ ਨੂੰ ਇਹ ਕੱਕੇ-ਰੇਤਲੀ ਸ਼ਖ਼ਸੀਅਤਾਂ, ਪ੍ਰਧਾਨ ਅਤੇ ਜੱਥੇਦਾਰ ਨਹੀਂ, ਸਗੋਂ ਤੁਹਾਡੇ “ਬਾਦਲ ਪਿੰਡ” ਦੇ ਮੁੱਖ-ਦਰਵਾਜ਼ੇ ’ਤੇ ਖੜੋਤੇ “ਦਰਬਾਨ” ਲੱਗ ਰਹੇ ਹਨ। ਇੰਹਨਾਂ ਵੱਲੋਂ ਜਾਰੀ ਕੀਤੇ ਜਾਂਦੇ ਬਿਆਨ ਅਤੇ ਹੁਕਮਨਾਮੇਂ, ਪਿੰਡ ਦੇ ਚੌਕੀਦਾਰ ਵੱਲੋਂ ਗੁਆਚੀ-ਗਾਂ ਦੇ ਦਿੱਤੇ ਹੋਕੇ, ਅਤੇ ਸਾਇਕਲ ਦੀ ਕਾਠੀ ਤੋਂ ਹੈਂਡਲ ਤੱਕ ਡੰਡੇ ਨਾਲ਼ ਬੰਨੀ ਚਾਦਰ ’ਚ ਪਾਏ ਪੈਂਦੂ-ਬੇਰ ਵੇਚਣ ਵਾਲ਼ੇ ਗ਼ਰੀਬ-ਮਜ਼ਦੂਰ ਦੇ ਹੋਕਿਆਂ ਨਾਲ਼ੋਂ ਵੀ ਘੱਟ ਅਹਿਮੀਅਤ ਰੱਖਣ ਵਾਲ਼ੇ, ਅਣ-ਸੁਣੇ ਬਣ ਗਏ ਹਨ।
ਹਰ ਮੌਕੇ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਮਹਾਨ-ਉੱਚਤਾ ਨੂੰ ਰੱਬ ਤੋਂ ਬੇ-ਖੌਫ਼ ਹੋ ਕੇ, ਪੈਰਾਂ ਥੱਲੇ ਰੌਂਦ ਕੇ, ਬੇ-ਹੁਰਮਤੀ ਦਾ ਤਾਂਡਵ ਨਾਂਚ ਨਚਾਉਂਦੇ ਆ ਰਹੇ ਹੋ। ਜੱਥੇਦਾਰ ਹਰਪ੍ਰੀਤ ਸਿੰਘ ਜੀ ਤੁਹਾਨੂੰ ਚਾਹੀਦਾ ਤਾਂ ਇਹ ਸੀ ਕਿ ਤੁਸੀਂ “ਹਰਿ” ਨਾਲ਼ “ਪ੍ਰੀਤ” ਪਾਉਂਦੇ, ਪਰ ਤੁਸੀਂ ਤਾਂ ਪਹਿਲਿਆਂ ਵਾਂਗੂੰ ਹੀ, ਉਲਟਾ “ਬਾਦਲਾਂ” ਨਾਲ਼ “ਪ੍ਰੀਤ”-ਪੀਡੀ ਕਰ ਲਈ। ਏਵੇਂ ਹੀ ਸ਼੍ਰੀ ਗੋਬਿੰਦ ਸਿੰਘ ਲੌਗੋਵਾਲ ਜੀ ਤੁਹਾਨੂੰ ਵੀ ਚਾਹੀਦਾ ਤਾਂ ਇਹ ਸੀ ਕਿ “ਸਾਧੋ ਗੋਬਿੰਦ ਕੇ ਗੁਣ ਗਾਵੋ”, ਪਰ ਤੁਸੀਂ ਵੀ ਪਹਿਲੇ ਗਏ-ਗੁਜ਼ਰਿਆਂ ਦੀ ਤਰਜ਼ ’ਤੇ, “ਬਾਦਲ–ਟੱਬਰ” ਦੀਆਂ ਖੁਸ਼ਾਮਦੀ-ਢਾਡੀ ਵਾਰਾਂ ਗਾਉਣ ਲੱਗ ਪਏ।
ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ’ਤੇ ਬੈਠ ਬਾਬਾ ਜੀ ਨੇ “ਤੇਰਾ ਹੀ, ਤੇਰਾ ਹੀ ” ਦਾ ਬਚਨ ਉਚਾਰਿਆ, ਪਰ ਸੁਖਬੀਰ ਜੀ ਤੁਸੀਂ ਤਾਂ ਤੰਬੂਆਂ, ਕਨਾਤਾਂ, ਅਤੇ ਸਟੇਜਾਂ ਦੀ ਆੜ ’ਚ “ ਬੱਸ! ਮੈਂ ਹਾਂ, ਮੈਂ ਹਾਂ, ਮੇਰਾ ਹੀ ਹੈ, ਤੇ ਸੱਭ ਕੁੱਝ ਮੇਰਾ ਹੀ ਹੈ” ਦਾ ਇੱਕ ਨਵਾਂ ਹੀ “ਰਾਗ-ਹੰਕਾਰੀ” ਕੱਢ ਮਾਰਿਆ।
ਅੱਤੜ ਅਤੇ ਬੇ-ਕਾਬੂ ਸੁਭਾਅ ਦੀ ਸ਼ਿਕਾਰ ਹੋਈ ਮਾਨਯੋਗ ਸੁਭਾਗੀ-ਆਦਰਸ਼ ਜੋੜੀ ਜੀਓ! ਹਾਲੀਂ ਵੀ ਕੁੱਝ ਦਿਨ ਬਾਕੀ ਹਨ ਅਤੇ “ਅਜੇ ਵੀ ਕੁੱਝ ਵਿਗੜਿਆ ਨਹੀਂ ਡੁੱਲ੍ਹੇ ਬੇਰਾਂ ਦਾ”, ਤੁਸੀਂ ਦੋਵੇਂ ਮੀਆਂ-ਬੀਵੀ ਹਿੰਮਤ ਕਰਕੇ, ਜ਼ਿੱਦ ਦੇ ਊਠ ਦੀਆਂ ਮੁਹਾਰਾਂ ਮੋੜ ਲਵੋ, ਸਟੇਅਰਿੰਗ ਦੇ ਖੁੱਲੇ ਟਾਈ ਰਾਡ ਵਾਲ਼ੇ ਟਰੱਕ ਨੂੰ ਐਂਮਰਜੈਂਸੀਂ ਬਰੇਕਾਂ ਮਾਰ ਕੇ ਰੋਕ ਲਵੋ, ਇੱਕੋ ਸਟੇਜ ਉੱਤੋ ਕੈਪਟਨ ਸਾਹਿਬ ਦੀ ਪੰਜਾਬ ਸਰਕਾਰ ਨਾਲ਼ ਰਲ਼-ਮਿਲ਼ ਕੇ, ਸਾਡੇ ਮਹਾਨ ਗੁਰੂ ਜੀ ਦੇ ਪ੍ਰਕਾਸ਼ ਉਤਸਵ ਦੀਆਂ ਅਲੌਕਿਕ ਖੁਸ਼ੀਆਂ ਦੇ ਗ਼ੁਬਾਰਿਆਂ ਨੂੰ ਹਵਾ ’ਚ ਉਡਾਓ! ਤੁਹਾਡਾ ਕੁੱਝ ਨਹੀਂ ਘਟੇਗਾ! ਯਕੀਨ ਹੈ ਕਿ ਸੱਭ ਦੇ ਸਿਰਾਂ ਉੱਤੇ, ਇੱਕੋ ਜਿਹੀ ਬੱਲੇ-ਬੱਲੇ ਦੀ ਮਿੱਠੀ-ਮਿੱਠੀ ਪੁਰੇ ਦੀ ਪੌਣ ਜ਼ਰੂਰ ਝੁੱਲੇ ਗੀ।
ਜਨਮ-ਸ਼ਤਾਬਦੀ ਮਨਾਉਣ ਲਈ ਉਲੀਕੇ ਜਾ ਰਹੇ ਸਮਾਗ਼ਮ ਕਿੱਥੇ-ਕਿੱਥੇ ਹੋਣੇ ਹਨ, ਲੋਕਾਂ ਨੂੰ ਇਸ ਭੰਬਲ਼ਭੂਸੇ ’ਚ ਨਾ ਪਾਵੋ! ਸ਼ਰਧਾਲੂਆਂ ਦੇ ਮਲਾਰਾਂ ਦੀ ਮੱਖਣੀ ਵਿੱਚ ਆਪ-ਹੁਦਰੇਪਣ ਦੇ ਕੁਚਲ਼ਿਆਂ ਦੀ ਬੂੰਦੀ ਨਾ ਪਾਓ, ਚਾਵਾਂ ਦੀ ਬੋਹਲ਼ੀ ’ਚ ਹਉਮੇਂ ਦੇ ਪਾਰੇ ਦੀਆਂ ਬੂੰਦਾਂ ਦਾ ਛਿੱਟਾ ਨਾ ਮਾਰੋ, ਅਤੇ ਖੁਸ਼ੀਆਂ ਦੀ ਖੀਰ ’ਚ ਖਾਹ-ਮਖਾਹ ਦੀ ਖ਼ਰੂਦੀ-ਖਹਿਬਾਜ਼ੀ ਦੇ ਖੁੰਦਕੀ-ਮਿਸ਼ਰਣ ਦਾ ਡਲ਼ਾ ਨਾ ਘੋਲ਼ੋ। ਬਾਬਾ ਗੁਰੂ ਨਾਨਕ ਤੁਹਾਡਾ ਇਕੱਲਿਆਂ ਦਾ ਨਹੀਂ, ਸਗੋਂ ਸਮੂਹ-ਲੋਕਾਈ ਦਾ ਸਾਂਝਾ ਪੀਰ ਹੈ! ਸਿੱਖ-ਜਗਤ ਇਸ ਦਿਹਾੜੇ ਨੂੰ, ਪਾਰਟੀ-ਪੱਧਰ ਤੋਂ ਉਤਾਂਹ ਉੱਠ ਕੇ, ਧੱੜੇ-ਬੰਦੀ ਦੀ ਹੰਕਾਰੀ/ਅੰਗਿਆਰੀ-ਕੰਧ ਢਾਹ ਕੇ, ਸਾਰੀਆਂ ਧਿਰਾਂ ਆਪਸ ’ਚ ਰਲ਼-ਮਿਲ ਕੇ ਇੱਕੋ ਮੰਚ ਉੱਪਰੋਂ, ਚਾਈਂ-ਚਾਈ ਮਨਾਏ ਜਾਣ ਦਾ ਸੁੰਦਰ-ਦ੍ਰਿਸ਼ ਦੇਖਣ ਦੇ ਰੌਂਅ ’ਚ ਹੈ।
ਮੇਰੇ ਮਨ ਵਿੱਚ ਸ਼ੰਕਿਆ, ਹੇਲ਼ੀਆ ਦੇ ਰਹੀ ਹੈ ਕਿ ਤੁਹਾਨੂੰ ਦੋਹਾਂ ਜੀਆਂ ਨੂੰ ਤਾਂ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਬਾਬੇ ਨਾਨਕ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ, ਕੌਣ-ਕੌਣ ਸਨ,, ਭਾਈ ਲਾਲੋ, ਮਲਕ ਭਾਗੋ, ਕੌਡਾ ਰਾਕਸ਼, ਸੱਜਣ ਠੱਗ, ਅਤੇ ਭੂਮੀਆਂ ਚੋਰ? ਲੱਗਦੈ ਤੁਹਾਨੂੰ ਦੋਹਾਂ-ਦਮਯੰਤੀ ਜੋੜੇ ਨੂੰ ਦਸ ਗੁਰੂ-ਸਾਹਿਬਾਨ, ਪੰਜ-ਪਿਆਰਿਆਂ, ਅਤੇ ਚਾਰੇ ਸਾਹਿਬਜ਼ਾਦਿਆਂ ਦੇ ਨਾਮ ਵੀ ਨਹੀਂ ਆਉਂਦੇ ਹੋਣਗੇ, ਕਿਹੜੇ ਸਾਹਿਬਜ਼ਾਦੇ ਚਮਕੌਰ ਗੜ੍ਹੀ ’ਚ ਸ਼ਹਾਦਤ ਦਾ ਜਾਪ ਪੀ ਗਏ, ਅਤੇ ਕਿਹੜੇ ਸਰਹਿੰਦ ਦੀ ਦੀਵਾਰ ’ਚ ਚਿਣੇ ਗਏ! ਗ਼ਨੀ ਅਤੇ ਨਬੀ ਖਾਨ ਕੌਣ ਸਨ, ਮਾਲੇਰਕੋਟਲੇ ਦੇ ਨਵਾਬ ਦਾ ਕੀ ਨਾਮ ਤੇ ਉਹਨਾਂ ਹਾਅ ਦਾ ਨਾਹਰਾ ਕਿਉਂ ਮਾਰਿਆ ਸੀ? ਸਤਿਗੁਰ ਨੀਲਾ ਬਾਣਾ ਪਹਿਨਕੇ ਉੱਚ ਦੇ ਪੀਰ ਕਿਉਂ ਬਣੇ, ਆਦਿ ਹੋਰ ਮਾਣ-ਮੱਤੇ ਸਿੱਖ-ਇਤਿਹਾਸ ਦੀ ਜਾਣਕਾਰੀ ਤੋਂ ਆਪ ਜੀ ਦੀ ਹੈਂਕੜਬਾਜ਼-ਜੋੜੀ ਪੂਰੀ ਤਰਾਂ ਅਭਿੱਜ ਅਤੇ ਕੋਰੀ ਲੱਗਦੀ ਹੈ। ਇਸੇ ਕਰਕੇ ਤੁਹਾਡੇ ਅਕਲ਼-ਕੰਦ ਭਾਸ਼ਣਾਂ ਵਿੱਚ ਕਦੇ ਵੀ ਗੁਰਬਾਣੀ ਦੀ ਕੋਈ ਤੁੱਕ ਸਰਵਣ ਕਰਨ ਨੂੰ ਨਹੀਂ ਮਿਲ਼ਦੀ। ਅੱਜ ਤੱਕ ਤੁਹਾਡਾ ਦਾਅ ਉਂਝ ਹੀ ਲੱਗੀ ਜਾ ਰਿਹਾ ਹੈ, ਅਤੇ ਕੌਮ ਦੇ ਸੱਚੇ-ਸੁੱਚੇ ਹਿਤੈਸ਼ੀ ਹੋਣ ਦੇ ਨਕਲੀ ਅਲੰਬਦਾਰ ਹੋਣ ਦੇ ਝੂਠੇ ਦਾਹਵਿਆਂ ਦੀਆਂ ਪਾਡੀਆਂ ਮਾਰਨੋਂ ਤੁਸੀਂ ਜ਼ਰਾ ਵੀ ਗ਼ੁਰੇਜ਼ ਨਹੀਂ ਕਰਦੇ।
ਬਨੈਣਾਂ ’ਤੇ Proud to be Akali ਲਿਖਵਾਉਣ ਵਾਲ਼ੇ ਸੁਹਿਰਦ ਅਤੇ ਵਫਾਦਾਰ ਅਕਾਲੀ ਵਰਕਰੋ, ਤੁਸੀਂ ਸੁਖਬੀਰ ਜੀ ਦੇ ਵਿਚਾਰਾਂ ਦੇ ਧਾਰਨੀ ਨਾ ਬਣੋ, ਸਗੋਂ ਬਾਬੇ ਨਾਨਕ ਦੇ ਸਾਂਝੀਵਾਲਤਾ ਦੇ ਪਿਆਰੇ ਪੈਗ਼ਾਮ ਨੂੰ ਮਨਾਂ ਦੀ ਸਲੇਟ ’ਤੇ ਉਕਰਾਅ ਕੇ, ਗੁਰੂ ਦੀ ਸਿਖਿਆ ਦਾ ਲੜ ਫੜੋ! ਰੰਗੀਲੇ-ਪੰਥ ਨੂੰ ਖੈਰੂੰ-ਖੇਰੂੰ ਹੋਣੋਂ ਬਚਾ ਲਵੋ! ਵਕ਼ਤ ਦੀ ਰਮਜ਼ ਪਹਿਚਾਣੋਂ ਅਤੇ ਆਪਣੇ ਅੱੜਬ, ਅੜੀਅਲ, ਖਰਬੇ, ਮੂੜ-ਮੱਤੀਏ, ਅਤੇ ਅੱਥਰੇ ਪ੍ਰਧਾਨ ਜੀ ਨੂੰ ਸਮਝਾਓ ਕਿ ਵੱਖ-ਵੱਖ ਸਟੇਜਾਂ ਲਾ ਕੇ ਸੰਗਤਾਂ ਵਿੱਚ ਪਾੜੇ ਪਾ ਕੇ, ਸੰਸਾਰ ਭਰ ’ਚ ਮੀਡੀਏ ਦੀਆਂ ਚਿਟਕਾਰੀ-ਸੁਰਖੀਆਂ ਤੇ ਹਾਸੋ-ਹੀਣ ਖ਼ਬਰਾਂ ਦਾ ਸਾਧਨ ਬਣਕੇ, ਸਿੱਖਾਂ ਨੂੰ ਸ਼ਰਮਸਾਰ ਹੋਣੋਂ, ਅਤੇ ਮਖੌਲ ਦੇ ਪਾਤਰ ਬਣਨ ਤੋਂ ਬਚਾਓ!

Real Estate