550ਵਾਂ ਪ੍ਰਕਾਸ਼ ਪੁਰਬ: ਪੰਜਾਬ ਸਰਕਾਰ ਵਲੋਂ ਸੰਗਤ ਦੀ ਸਹੂਲਤ ਲਈ ਮੁਫਤ ਬੱਸ ਸੇਵਾ ਲਈ ਪਹਿਲੇ ਪੜਾਅ ਤਹਿਤ 60 ਬੱਸਾਂ ਲਾਈਆਂ

749

ਸੁਲਤਾਨਪੁਰ ਲੋਧੀ, 2 ਨਵੰਬਰ
ਕਪੂਰਥਲਾ/ਸੁਲਤਾਨਪੁਰ ਲੋਧੀ, 2 ਨਵੰਬਰ (ਕੌੜਾ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੂਰ ਦੁਰਾਡੇ ਤੋਂ ਆ ਰਹੀ ਸੰਗਤ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਦੇ ਬਾਹਰਵਾਰ ਬਣਾਈਆਂ ਗਈਆਂ ਪਾਰਕਿੰਗਾਂ ਤੋਂ ਮੁਫਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲੇ ਪੜਾਅ ਤਹਿਤ ਕੁੱਲ 60 ਬੱਸਾਂ ਨੂੰ ਸੇਵਾ ਵਿਚ ਲਗਾਇਆ ਗਿਆ ਹੈ, ਜਿੰਨ੍ਹਾਂ ਨੂੰ ਸੰਗਤ ਦੀ ਆਮਦ ਦੇ ਹਿਸਾਬ ਨਾਲ 300 ਤੱਕ ਵਧਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਡੀ।ਪੀ।ਐਸ। ਖਰਬੰਦਾ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸੁਲਤਾਨਪੁਰ ਲੋਧੀ ਨੂੰ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਆਵਾਜਾਈ ਦੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਮੁੱਖ ਸੜਕਾਂ ਲੋਹੀਆਂ-ਮੱਖੂ ਰੋਡ ਉੱਪਰ ਐਫ।ਸੀ।ਆਈ। ਗੋਦਾਮਾਂ ਕੋਲ, ਕਪੂਰਥਲਾ-ਸੁਲਤਾਨਪੁਰ ਰੋਡ ਵਾਇਆ ਰੇਲ ਕੋਚ ਫੈਕਟਰੀ ਉੱਪਰ ਡਡਵਿੰਡੀ ਕੋਲ, ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਵਾਇਆ ਤਲਵੰਡੀ ਚੌਧਰੀਆਂ ਉੱਪਰ ਪਿੰਡ ਕੁੱਲੀਆਂ ਤੇ ਡੱਲਾ ਰੋਡ ਉੱਪਰ ਪਿੰਡ ਮੁਹੱਬਲੀਪੁਰ ਵਿਖੇ 200- 200 ਏਕੜ ਵਿਚ ਪਾਰਕਿੰਗਾਂ ਬਣਾਈਆਂ ਗਈਆਂ ਹਨ।
ਬਾਹਰਵਾਰ ਵਾਲੀਆਂ ਇਹਨਾਂ ਸਾਰੀਆਂ ਪਾਰਕਿੰਗਾਂ ਤੋਂ ਅੰਦਰੂਨੀ ਪਾਰਕਿੰਗਾਂ ਜੋ ਕਿ ਸ਼ਹੀਦ ਊਧਮ ਸਿੰਘ ਚੌਂਕ, ਪੁੱਡਾ ਕਾਲੋਨੀ , ਸਫਰੀ ਇੰਟਰਨੈਸ਼ਨਲ ਪੈਲੇਸ ਦੇ ਸਾਹਮਣੇ ਸਥਿਤ ਹਨ, ਵਿਖੇ ਸੰਗਤ ਮੁਫਤ ਬੱਸ ਸੇਵਾ ਰਾਹੀਂ ਪਹੁੰਚ ਰਹੀ ਹੈ। ਇਨਾਂ ਅੰਦਰੂਨੀ ਪਾਰਕਿੰਗਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਦੂਰੀ ਕੇਵਲ 500 ਮੀਟਰ ਹੈ, ਜਿੱਥੋਂ ਸੰਗਤ ਪੈਦਲ ਚੱਲਕੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰ ਸਕਦੀ ਹੈ। ਇਸ ਤੋਂ ਇਲਾਵਾ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ ਈ-ਰਿਕਸ਼ਾ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸ਼ਹਿਰ ਵਿਚ ਵਾਹਨਾਂ ਕਾਰਨ ਜਾਮ ਨਾ ਲੱਗੇ ਇਸ ਲਈ ਸਾਰੀਆਂ ਪਾਰਕਿੰਗਾਂ ਤੋਂ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।
ਗੁਰਪੁਰਬ ਸਮਾਗਮਾਂ ਲਈ ਟਰਾਂਸਪੋਰਟ ਦੇ ਨੋਡਲ ਅਫਸਰ ਸ੍ਰੀ ਪਰਨੀਤ ਸਿੰਘ ਮਿਨਹਾਸ ਜਨਰਲ ਮੈਨੇਜ਼ਰ ਰੋਡਵੇਜ਼ ਜਲੰਧਰ ਨੇ ਦੱਸਿਆ ਕਿ ਹਰ ਪਾਰਕਿੰਗ ਉੱਪਰ ਬੱਸਾਂ ਤਾਇਨਾਤ ਕਰਕੇ ਵਿਸ਼ੇਸ਼ ਕਾਊਂਟਰ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਸਾਂ ਸੰਗਤ ਦੀ ਸਹੂਲਤ ਦੇ ਹਿਸਾਬ ਨਾਲ ਲਗਾਤਾਰ ਚੱਲਣਗੀਆਂ ਤੇ ਸੰਗਤ ਨੂੰ ਵਾਪਸ ਉਸ ਪਾਰਕਿੰਗ ਤੱਕ ਲੈ ਕੇ ਵੀ ਆਉਣਗੀਆਂ ਜਿੱਥੇ ਉਸਦਾ ਵਾਹਨ ਪਾਰਕ ਕੀਤਾ ਗਿਆ ਹੈ।

Real Estate