550ਵਾਂ ਪ੍ਰਕਾਸ਼ ਪੁਰਬ: ਡਿਜ਼ੀਟਲ ਮਿਊਜ਼ੀਅਮ ਨੇ ਸੰਗਤ ਨੂੰ ਰੂਹਾਨੀਅਤ ਦੇ ਰੰਗ ਵਿਚ ਰੰਗਿਆ

ਕਪੂਰਥਲਾ/ਸੁਲਤਾਨਪੁਰ ਲੋਧੀ, 2 ਨਵੰਬਰ (ਕੌੜਾ)-ਪੰਜਾਬ ਸਰਕਾਰ ਵਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਪਾਰਕਿੰਗ ਵਿਚ ਸਥਾਪਿਤ ਕੀਤੇ ਗਏ ਡਿਜ਼ੀਟਲ ਮਿਊਜ਼ੀਅਮ ਨੇ ਸੰਗਤ ਨੂੰ ਰੂਹਾਨੀਅਤ ਦੇ ਰੰਗ ਵਿਚ ਰੰਗ ਦਿੱਤਾ। ਅੱਜ ਦੂਜੇ 2500 ਤੋਂ ਜਿਆਦਾ ਲੋਕਾਂ ਨੇ ਮਿਊਜ਼ੀਅਮ ਵਿਚ ਆ ਕੇ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅੱਜ ਸਵੇਰੇ 7 ਵਜੇ ਦੁਬਾਰਾ ਸ਼ੁਰੂ ਹੋਏ ਸ਼ੋਅ ਦੌਰਾਨ ਤੁਰੰਤ ਸੰਗਤ ਆਉਣਾ ਸ਼ੁਰੂ ਹੋ ਗਈ ਤੇ ਉਨਾਂ ਨੇ ਇਸਨੂੰ ਜਿੰਦਗੀ ਦਾ ਅਨੋਖਾ ਅਨੁਭਵ ਦੱਸਿਆ। ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਈ ਸੰਗਤ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆਂ ਤੇ ਫਲਸਫੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਉਨਾਂ ਇਸਨੂੰ ਜਾਣਕਾਰੀ ਦਾ ਵੱਡਾ ਸ੍ਰੋਤ ਕਰਾਰ ਦਿੱਤਾ। ਮਹਿਤਪੁਰ ਤੋਂ ਆਈ ਬੀਬੀ ਦਰਸ਼ਨ ਕੌਰ ਨੇ ਭਾਵੁਕ ਹੁੰਦਿਆ ਕਿਹਾ ਕਿ ਜਿੰਦਗੀ ਦੇ ਆਖਰੀ ਪੜਾਅ ਵਿਚ ਸੁਲਤਾਨਪੁਰ ਲੋਧੀ ਵਿਖੇ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਡਿਜ਼ੀਟਲ ਮਿਊਜ਼ੀਅਮ ਨੇ ਥੋੜੇ ਸਮੇਂ ਵਿਚ ਹੀ ਗੁਰੂ ਸਾਹਿਬ ਬਾਰੇ ਜੋ ਚਾਨਣਾ ਪਾਇਆ ਹੈ ਉਹ ਲਾਮਿਸਾਲ ਹੈ ਤੇ ਉਹ ਆਪਣੇ ਆਪ ਨੂੰ ਧੰਨ ਸਮਝਦੀ ਹੈ’।
ਮਿਊਜੀਅਮ ਵਿੰਚ ਅੱਠ ਗੈਲਰੀਆਂ ਹਨ ਜੋ ਮਹਾਨ ਗੁਰੂ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਹਨ। ਡਿਜੀਟਲ ਮਿਊਜੀਅਮ ਮਲਟੀ ਮੀਡੀਆ ਤਕਨੀਕੀਆਂ ‘ਤੇ ਅਧਾਰਤ ਹੈ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਯਾਤਰਾ ਨੂੰ ਦਰਸਾਉਂਦਾ ਹੈ। ਇਕ ਰਬ, ਸਰਬੋਤਮ ਸਰਬ-ਸਕਤੀਮਾਨ, ਸਰਬ ਵਿਆਪੀ ਅਤੇ ਸਾਰੇ ਸਰੂਪਾਂ ਅਤੇ ਨਾਮਾਂ ਤੋਂ ਹੱਟ ਕੇ ਇਕ ਅਨੁਭਵ ਨੂੰ ਡਿਜੀਟਲ ਮਿਊਜੀਅਮ ਵਿੱਚ ਸਜੀਵ ਦਿਖਾਇਆ ਗਿਆ ਹੈ।
ਡਿਜੀਟਲ ਅਜਾਇਬ ਘਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵਿਗਿਆਨ, ਕਲਾ, ਟੈਕਨਾਲੋਜੀ, ਡਿਜ਼ਾਇਨ ਅਤੇ ਚਿੱਤਰਾਂ ਰਾਹੀਂ ਜੋੜ ਕੇ ਵਿਲੱਖਣ ਰੂਪ ‘ਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮਮੁੱਚੀ ਜਿੰਦਗੀ ਅਤੇ ਉਪਦੇਸ਼ਾਂ ਨੂੰ ਸਜੀਵ ਸਕਰੀਨਾਂ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ।
ਡਿਜ਼ੀਟਲ ਮਿਊਜ਼ੀਅਮ ਕੱਲ੍ਹ 3 ਨਵੰਬਰ ਨੂੰ ਵੀ ਸਵੇਰੇ 7 ਵਜੇ ਤੋਂ ਸ਼ਾਮ 5:30 ਤੱਕ ਖੁੱਲਾ ਰਹੇਗਾ।

Real Estate