ਅਫਸੋਸ! ਪੰਜਾਬੀ ਬੋਲੀ ਦੀ ਜੁਬਾਨ ਚੋ ਆਪਣੇ ਹਿੱਸੇ ਦੀ ਜੁਬਾਨ ਨੂੰ ਮਨਫੀ ਕਰਨ ਵਿੱਚ ਅਸੀਂ ਪ੍ਰਦੇਸੀ ਵੀ ਜਿੰਮੇਵਾਰ ਹਾਂ

1810

ਅੰਜੂਜੀਤ ਸ਼ਰਮਾ ਜਰਮਨੀ

ਪੰਜਾਬ ਵਿੱਚ ਪੰਜਾਬੀ ਬੋਲੀ ਦੇ ਸਿਰਮੌਰ ਕਵੀ,ਲੇਖਕ ਵੱਸਦੇ ਹਨ।ਜਿੰਨਾ ਦੀ ਹਜੂਰੀ ਵਿੱਚ ਪੰਜਾਬੀ ਬੋਲੀ ਦੇ ਹੱਕ ਵਿੱਚ ਪ੍ਰੋਗਰਾਮ ਉਲੀਕੇ ਜਾਂਦੇ ਹਨ। ਸੈਂਕੜੇ ਪੰਜਾਬੀ ਸੰਸਥਾਵਾਂ ਪੰਜਾਬ ਵਿੱਚ ਬਣੀਆਂ ਵੀ ਹਨ ਜਿੰਨਾ ਦੀ ਪਿਹਰਵੀ ਪੰਜਾਬੀ ਬੋਲੀ ਦੇ ਸਪੁੱਤ ਕਰਦੇ ਹਨ। ਪੰਜਾਬ ਦੇ ਉੱਗੇ ਸ਼ਾਇਰ ਆਪਣੇ ਜਿਗਰ ਦੇ ਲਹੂ ਦੇ ਡੋਕੇ ਲੈ ਕੇ ਪੰਜਾਬੀ ਸ਼ਾਇਰੀ,ਕਵਿਤਾਵਾਂ ਨੂੰ ਲਿਖ ਕੇ ਪੱਥਰ ਜਿਹੇ ਸਿਨਿਆ ਚ ਨਰਮੀ ਪੈਦਾ ਕਰਨ ਦਾ ਹੁਨਰ ਵੀ ਰੱਖਦੇ ਹਨ।ਅਤੇ ਜਾਲਮ ਨੂੰ ਨਰਮ ਲਹੂ ਦੇ ਤੁਪਕਿਆਂ ਨਾਲ ਜਫਰਨਾਮੇ ਲਿਖ ਕੇ ਸੁਚੇਤ ਤੇ ਵੰਗਾਰਣ ਦਾ ਜੋਸ਼ ਤੇ ਹਿੰਮਤ ਵੀ ਰੱਖਦੇ ਹਨ।
ਫਿਰ ਘਾਟ ਕਿਥੇ ਰਹਿ ਗਈ ਕੇ ਪੰਜਾਬੀ ਬੋਲੀ ਦੀ ਅਹੁੱਤੀ ਦੇ ਕੇ ਹਿੰਦੀ ਬੋਲੀ ਨੂੰ ਮਾਤਰੀ ਜ਼ੁਬਾਨ ਕਬੂਲ ਲਈ ਗਈ?
ਕੀ ਇਹ ਕਵਿਤਾਵਾਂ ,ਲੇਖ,ਕਹਾਣੀਆਂ ਜਿਹੜੀਆਂ ਪੰਜਾਬ ਦੀ ਸਰ-ਜਮੀਨ ਤੇ ਬੈਠ ਕੇ ਮਸ਼ਹੂਰ ਲੇਖਕਾਂ ਦੀਆਂ ਲਿਖੀਆਂ ਗਈਆਂ ਜਾਂ ਲਿਖੀਆਂ ਜਾ ਰਹੀਆਂ ਹਨ ।ਕੀ ਉਹ ਕਾਗਜਾਂ ਨੂੰ ਸ਼ਿੰਗਾਰਣ ਲਈ ਹੀ ਹਨ?ਸੋਹਣੀਆਂ ਜਿੱਲਦਾ ਚ’ ਮੜਨ ਲਈ ਹੀ ਹਨ?ਜਾਂ ਫਿਰ ਪੰਜਾਬੀ ਸ਼ਾਇਰ ਸ਼ਾਇਰਾ ਸਿਰਫ ਸਨਮਾਨ ਅਤੇ ਅਖਬਾਰ ਦੀਆਂ ਸੁਰਖੀਆਂ ਵਿੱਚ ਆਪਣੇ ਨਾਂ ਨੂੰ ਮਸ਼ਹੂਰ ਹੋਣ ਵਾਲੇ ਪਾਤਰ ਹੀ ਸਮਝਣ ਦਾ ਜਿੰਮਾ ਨਿਭਾ ਰਹੇ ਹਨ ?
ਮੰਨਿਆ ਅਸੀਂ ਪ੍ਰਦੇਸੀ ਵੀ ਕਿਤੇ ਨਾ ਕਿਤੇ ਜਿੰਮੇਵਾਰ ਹਾਂ ਪੰਜਾਬ ਦੀ ਸਰਜਮੀਨ ਤੋਂ ਵੱਖ ਹੋ ਕੇ ,ਘਰਾਂ ਦੀਆਂ ਰੌਣਕਾ ਚ ਕਮੀ ਪੈਦਾ ਕਰਨ ਵਿੱਚ।ਪੰਜਾਬੀ ਬੋਲੀ ਦੀ ਜੁਬਾਨ ਚੋ ਆਪਣੇ ਹਿੱਸੇ ਦੀ ਜੁਬਾਨ ਨੂੰ ਮਨਫੀ ਕਰਨ ਵਿੱਚ ਅਸੀਂ ਪ੍ਰਦੇਸੀ ਵੀ ਜਿੰਮੇਵਾਰ ਹਾਂ ,ਪਰ ਅਸੀਂ ਵਿਦੇਸ਼ਾ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਪਹਿਚਾਣ ਬਣਾਈ ਹੈ।ਕੈਨੇਡਾ ਸਾਡੇ ਸਾਹਮਣੇ ਉਦਾਹਰਣ ਹੈ ਵਲੈਤ ਵੀ ਉਦਾਹਰਣ ਹੈ ਅਮਰੀਕਾ ਵਿੱਚ ਵੀ ਪੰਜਾਬੀ ਬੋਲੀ ਤੇ ਪੰਜਾਬੀਅਤ ਦਾ ਬੋਲਬਾਲਾ ਹੈ।ਯੂਰਪ ਦੀ ਗੱਲ ਕਰੀਏ ਜਰਮਨੀ ਵਿੱਚ ਅਸੀ ਪੰਜਾਬੀ ਮੇਲੇ ਤੇ ਪੰਜਾਬੀ ਮੰਚ ਉਲੀਕਦੇ ਹਾਂ।ਸਾਡੇ ਬੱਚੇ ਪੰਜਾਬੀ ਬੋਲਦੇ ਹਨ ਇਟਲੀ ,ਫਰਾਂਸ ਵਿੱਚ ਵੀ ਪੰਜਾਬੀ ਬੋਲੀ ਜੋਰ ਫੜ ਰਹੀ ਹੈ।
ਅਸੀਂ ਜੇ ਪੰਜਾਬ ਤੋਂ ਵੱਖ ਹੋਏ ਹਾਂ ਨਾਲ ਨਾਲ ਆਪਣੀ ਕਾਰੋਬਾਰੀ ਜਮੀਨ ਤੇ ਪੰਜਾਬੀ ਪਰਿਵਾਰ ਭਾਈਚਾਰੇ ਬੋਲੀ ਪਹਿਰਾਵੇ ਵੀ ਉਜਾਗਰ ਕੀਤੇ ਹਨ।ਦੁੱਖ ਤਾਂ ਇਸ ਗੱਲ ਦਾ ਹੈ ਪੰਜਾਬ ਵਿੱਚ ਜਿੰਨਾ ਜਿੰਮੇਵਾਰ ਪੰਜਾਬੀਆਂ ਦੀ ਦੇਖ ਰੇਖ ਹਜੂਰੀ ਵਿੱਚ ਮੰਚ ਉਲੀਕ ਉਲੀਕ ਕਵਿ ਦੇ ਅੱਖਰ ਲਿਖਣ ਦੀ ਟੌਰ ਦੁਨੀਆਂ ਚ ਬਣਾਈ ਸੀ ।ਉਹ ਹੀ ਪੰਜਾਬੀਆਂ ਨੇ ਚੁੱਪ ਕਰਕੇ ਗੁਰੂਆਂ ਪੀਰਾਂ ਬਲੀ ਬਲੀਮਾਂ ਦੀ ਪੰਜਾਬੀ ਬੋਲੀ ਦਾਨ ਕਰਕੇ ਹਿੰਦੀ ਬੋਲੀ ਨੂੰ ਫੱਲ ਸਮਝ ਝੋਲੀ ਪਾਵਾ ਲਿਆ! ਹੋਰ ਇਸ ਤੋਂ ਵੱਡੀ ਸਾਡੇ ਲਈ ਕੀ ਬਦਕਿਸਮਤੀ ਹੋ ਸਕਦੀ ਹੈ ਕਿ ਤੁਹਾਡੀ ਕਲਮ ਚੁੱਪ ਰਹੇ ਤੁਸੀਂ ਵੀ ਖਮੋਸ਼ ਰਹੇ ਤੁਹਾਡੇ ਪੰਜਾਬੀ ਮੰਚ ਵੀ ਖਮੋਸ਼ ਰਹੇ ਤੇ ਸਾਜਿਸ਼ ਕਰਨ ਵਾਲੇ ਤੁਹਾਡੀਆਂ ਜਾਗਦੀਆਂ ਅੱਖਾਂ ਤੇ ਤੰਦਰੁਸਤ ਦਿਮਾਗ ਨਾ ਦੀ ਸ਼ੈ ਮੁਹਰੇ ਆਪਣੀ ਚਾਲ ਚੱਲ ਗਿਆ।ਤੇ ਤੁਸੀਂ ਭਾਣਾ ਵੀ ਮੰਨ ਲਿਆ ਫਿਰ ਰੋਲਾ ਪਾ ਦਿੱਤਾ ਕੇ ਅਸੀਂ ਤਾ ਲੁਟੇ ਗਏ ਹਾਂ ।
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।

ਯਾਰ ਮੇਰੇ ਜੁ ਇਸ ਆਸ ‘ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ ।

ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ।

ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ ।
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।
ਇਹ ਜੁ ਰੰਗਾਂ ‘ਚ ਚਿੱਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ ‘ਚ ਉੱਕਰੇ ਨੇ ਮਿਟ ਜਾਣਗੇ ।
ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ ।

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ‘ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ ।

ਸੁਰਜੀਤ ਪਾਤਰ ਜੀ ਨੇ ਭਾਵੇਂ ਸਮੇਂ ਦੀ ਸਾਜਿਸ਼ ਤੋਂ ਪਹਿਲਾਂ ਹੀ ਆਉਣ ਵਾਲੇ ਸਮੇਂ ਦਾ ਜੋਤਿਸ਼ ਲਾ ਕੇ ਇਹ ਦਰਦ ਭਰੀਆਂ ਲਾਇਨਾ ਸਾਡੀ ਜੁਬਾਨ ਤੇ ਰਟਾ ਦਿੱਤੀਆਂ ਸਨ।ਪਰ ਕੀ ਇਸ ਗੀਤ ਦੇ ਸਿਰਜਣਹਾਰ ਨੇ ਸਮੇਂ ਦੀ ਸਾੜਸਤੀ ਦਾ ਉਪਾਅ ਕਰਨ ਦੀ ਸੋਚ ਵੀ ਸੋਚੀ ਸੀ ਕਿ ਸਾਨੂੰ ਆਉਣ ਵਾਲੇ ਸਮੇਂ ਲਈ ਕੀ ਕਰਨਾ ਚਾਹੀਦਾ ਹੈ ਜਾਂ ਅੱਖਰ ਫਿਰ ਲਿਖ ਕੇ ਭੁੱਲ ਗਏ ਹਨ?
ਕਿਤੇ ਨਾ ਕਿਤੇ ਜਨਾਬ !ਤੁਸੀਂ ਵੀ ਸੋਹਣੀ ਕਲਮਾਂ ਤੇ ਮੋਹਰਾਂ ਲਾਉਣ ਵਾਲਿਉ ।।।ਤੁਸੀਂ ਵੀ ਸਜਾ ਦੇ ਪਾਤਰ ਹੋ।ਤੁਹਾਡੀਆਂ ਕਵਿਤਾਵਾਂ ਵਤਨ ਦੇ ਇਸ਼ਕ ਦੀ ਬਾਤ ਹੀ ਪਾਉਂਦੀਆਂ ਰਹਿ ਗਈਆਂ ,ਸਾਨੂੰ ਸਮਝਾਉਦੀਆਂ ਰਹਿ ਗਈਆਂ ਤੇ ਤੁਸੀਂ ਆਪ ਪਤਾ ਨਹੀਂ ਕਿਸ ਭਗਤੀ ਵਿੱਚ ਲੀਨ ਸੀ ਕੇ ਸਮੇਂ ਦੀ ਅਵਾਜ ਮੂਹਰੇ ਮੌਨ ਰਹੇ।

Real Estate