ਸੁਲਤਾਨਪੁਰ ਲੋਧੀ ਵਿਖੇ ੧੩ ਦਿਨਾਂ ਦੇ ਕੌਮਾਂਤਰੀ ਸਮਾਗਮਾਂ ਦੇ ਪਹਿਲੇ ਦਿਨ ੫੫੦ ਰਬਾਬੀ ਕੀਰਤਨਕਾਰਾਂ ਦੇ ਕੀਰਤਨ ਦਰਬਾਰ ਨੇ ਸਿਰਜਿਆ ਅਲੌਕਿਕ ਵਾਤਾਵਾਰਨ

878

ਕਪੂਰਥਲਾ/ਸੁਲਤਾਨਪੁਰ ਲੋਧੀ ੧ ਨਵੰਬਰ (ਕੌੜਾ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਲੀਕੇ ਗਏ ਸਮਾਗਮਾਂ ਦੀ ਆਰੰਭਤਾ ਅੱਜ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ ਖ਼ਾਲਸਈ ਜਾਹੋ-ਜਲਾਲ ਨਾਲ ਹੋ ਗਈ ਹੈ। ਪ੍ਰਕਾਸ਼ ਗੁਰਪੁਰਬ ਸਬੰਧੀ ਆਰੰਭ ਹੋਏ ਇਹ ਸਮਾਗਮ ੧੩ ਨਵੰਬਰ ਤੱਕ ਲਗਾਤਾਰ ਸੁਲਤਾਨਪੁਰ ਲੋਧੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜਾਰੀ ਰਹਿਣਗੇ। ਇਸ ਤਹਿਤ ੧੨ ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਮੁੱਖ ਸਮਾਗਮ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ।
ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਦੀ ਆਰੰਭਤਾ ਸਮੇਂ ਸੁਲਤਾਨਪੁਰ ਲੋਧੀ ਨੇੜਲੇ ਇਤਿਹਾਸਕ ਗੁਰਦੁਆਰਾ ਰਬਾਬਸਰ ਸਾਹਿਬ ਭਰੋਆਣਾ ਤੋਂ ੫੫੦ ਰਬਾਬੀ ਕੀਰਤਨੀਆਂ ਦਾ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਸਮਾਪਤ ਹੋਇਆ। ਇਨ੍ਹਾਂ ਰਬਾਬੀ ਕੀਰਤਨੀਆਂ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਗੁਰਮਤਿ ਦੇ ਨਿਰਧਾਰਤ ਤੰਤੀ ਸਾਜਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਇਲਾਹੀ ਬਾਣੀ ਦਾ ਨਿਰਧਾਰਤ ਵੱਖ-ਵੱਖ ਰਾਗਾਂ ਅਨੁਸਾਰ ਕੀਰਤਨ ਕਰਕੇ ਵਾਤਾਵਰਨ ਨੂੰ ਵਿਸਮਾਦੀ ਰੰਗ ‘ਚ ਰੰਗ ਦਿੱਤਾ ਗਿਆ। ਇਹ ਸਾਰੇ ਕੀਰਤਨਕਾਰ ਵਿਦਿਆਰਥੀ ਇਕੋ ਜਿਹੇ ਖ਼ਾਲਸਈ ਬਾਣੇ ਵਿਚ ਸਜੇ ਹੋਏ ਸਨ।
ਸੁਲਤਾਨਪੁਰ ਲੋਧੀ ਤੋਂ ਲਗਪਗ ੧੩ ਕਿਲੋਮੀਟਰ ਦੂਰ ਪਿੰਡ ਭਰੋਆਣਾ ਵਿਖੇ ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਉਹ ਇਤਿਹਾਸਕ ਅਸਥਾਨ ਹੈ, ਜਿੱਥੋਂ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਦੇਸ਼ ਅਨੁਸਾਰ ਭਾਈ ਫਿਰੰਦਾ ਜੀ ਕੋਲੋਂ ਰਬਾਬ ਲੈਣ ਗਏ ਸਨ। ਸ਼੍ਰੋਮਣੀ ਕਮੇਟੀ ਨੇ ੫੫੦ ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਆਰੰਭਤਾ ਮੌਕੇ ਗੁਰੂ ਸਾਹਿਬ ਵਲੋਂ ਸਥਾਪਿਤ ਕੀਤੇ ਗੁਰਮਤਿ ਸੰਗੀਤ ਦੇ ਨਿਵੇਕਲੇ ਅਧਿਆਤਮਕ ਸਰੂਪ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ।
ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਭਰੋਆਣਾ ਵਿਖੇ ਰਬਾਬੀ ਕੀਰਤਨਕਾਰਾਂ ਦੇ ਨਗਰ ਕੀਰਤਨ ਦੀ ਆਰੰਭਤਾ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ੫੫੦ ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਅੱਜ ਦਾ ੫੫੦ ਰਬਾਬੀਆਂ ਦਾ ਅਲੌਕਿਕ ਨਗਰ ਕੀਰਤਨ ਅਜੋਕੇ ਕੀਰਤਨਕਾਰਾਂ ਨੂੰ ਪੱਛਮੀ ਸਾਜਾਂ ਤੇ ਧੁਨਾਂ ਦੀ ਥਾਂ ਗੁਰਮਤਿ ਦੇ ਰਵਾਇਤੀ ਸਾਜਾਂ ਨਾਲ ਕੀਰਤਨ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਸਾਡੀਆਂ ਰਵਾਇਤਾਂ ਮੌਲਿਕ ਹਨ, ਜਿਨ੍ਹਾਂ ਨੂੰ ਪ੍ਰਚਾਰਨਾ ਤੇ ਉਭਾਰਨਾ ਹਰੇਕ ਸਿੱਖ ਦੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਇਹ ਇਤਿਹਾਸਕ ਪੁਰਬ ਸਮੁੱਚੇ ਵਿਸ਼ਵ ਦੀ ਸੰਗਤ ਵਲੋਂ ਖ਼ਾਲਸਈ ਜਾਹੋ-ਜਲਾਲ ਨਾਲ ਮਨਾਉਣ ਲਈ ਆਰੰਭਤਾ ਹੋ ਗਈ ਹੈ ਅਤੇ ਪ੍ਰਸੰਨਤਾ ਦੀ ਗੱਲ ਹੈ ਕਿ ਰੋਜ਼ਾਨਾ ਲੱਖਾਂ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ‘ਚ ਹੋਣ ਵਾਲੇ ਸਾਰੇ ਸਮਾਗਮ ਅਲੌਕਿਕ ਅਤੇ ਵੱਖ-ਵੱਖ ਪੱਖਾਂ ਤੋਂ ਗੁਰੂ ਸਾਹਿਬ ਦੀ ਸਿਮਰਤੀ ਵਿਚ ਰੰਗੇ ਹੋਏ ਹੋਣਗੇ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ। ਰੂਪ ਸਿੰਘ ਨੇ ਧੰਨਵਾਦੀ ਸ਼ਬਦ ਬੋਲਦਿਆਂ ਆਖਿਆ ਕਿ ਵਿਸ਼ਵ ‘ਚ ਅਨੇਕਾਂ ਧਾਰਮਿਕ ਰਹਿਬਰ ਹੋਏ ਹਨ ਪਰ ਵਿਸ਼ਵ ਰਹਿਬਰ ਹੋਣ ਦਾ ਰੁਤਬਾ ਸਿਰਫ਼ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਨਾ ਸਿਰਫ਼ ਕਿਸੇ ਇਕ ਫ਼ਿਰਕੇ ਤੇ ਮਜ਼੍ਹਬ ਨੂੰ ਆਤਮ ਉਪਦੇਸ਼ ਦਿੱਤਾ, ਬਲਕਿ ਉਨ੍ਹਾਂ ਨੇ ਆਪਣੀਆਂ ਚਾਰ ਉਦਾਸੀਆਂ ਦਾ ਘੇਰਾ ਵੱਖ-ਵੱਖ ਦੇਸ਼ਾਂ, ਮਹਾਂਦੀਪਾਂ ਤੱਕ ਰੱਖ ਸਰਬ-ਸਾਂਝੀਵਾਲਤਾ ਦੀ ਰੱਬੀ ਏਕਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ੫੫੦ ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਆਰੰਭਤਾ ਸਮੇਂ ਅੱਜ ਦਾ ਨਗਰ ਕੀਰਤਨ ਇਕ ਪ੍ਰੇਰਨਾ ਵਜੋਂ ਹੈ ਅਤੇ ਯਕੀਨਨ ਇਸ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਰਵਾਇਤਾਂ ਨਾਲ ਜੁੜੇਗੀ। ਇਸੇ ਦੌਰਾਨ ਨਗਰ ਕੀਰਤਨ ਵਿਚ ਵੱਖ-ਵੱਖ ਗੁਰਮਤਿ ਸੰਗੀਤ ਅਕੈਡਮੀਆਂ ਦੇ ੫੫੦ ਵਿਦਿਆਰਥੀਆਂ ਵਲੋਂ ਹੱਥਾਂ ‘ਚ ਰਬਾਬ ਤੇ ਹੋਰ ਤੰਤੀ ਸਾਜਾਂ ਫੜ ਕੇ ਕੀਤੀ ਸ਼ਮੂਲੀਅਤ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀ ਸੀ। ਨਗਰ ਕੀਰਤਨ ‘ਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਵਿਚ ਗੁਰਸ਼ਬਦ ਨਾਦ ਕੇਂਦਰ ਚੰਡੀਗੜ੍ਹ, ਫ਼ਤਹਿਗੜ੍ਹ ਪੰਜਤੂਰ, ਲੁਧਿਆਣਾ, ਬਠਿੰਡਾ, ਹਰੀਕੇ ਪੱਤਣ, ਫਗਵਾੜਾ, ਸੰਤ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਜੰਡਿਆਲਾ ਗੁਰੂ ਅਤੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ ਵੀ ਸ਼ਾਮਲ ਸਨ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਤੋਂ ਇਲਾਵਾ ਡਾ। ਬੀਬੀ ਉਪਿੰਦਰਜੀਤ ਕੌਰ, ਸ। ਸ਼ਿੰਗਾਰਾ ਸਿੰਘ ਲੋਹੀਆਂ, ਬੀਬੀ ਗੁਰਪ੍ਰੀਤ ਕੌਰ ਰੂਹੀ, ਸ। ਜਰਨੈਲ ਸਿੰਘ ਡੋਗਰਾਂਵਾਲਾ, ਸ। ਕੁਲਵੰਤ ਸਿੰਘ ਮੰਨਣ, ਭਾਈ ਰਾਮ ਸਿੰਘ, ਸ। ਰਣਜੀਤ ਸਿੰਘ ਕਾਹਲੋਂ, ਸ। ਸਰਵਣ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ। ਮਹਿੰਦਰ ਸਿੰਘ ਆਹਲੀ, ਸ। ਕੁਲਵਿੰਦਰ ਸਿੰਘ ਰਮਦਾਸ, ਸ। ਸਕੱਤਰ ਸਿੰਘ, ਸ। ਸੁਲੱਖਣ ਸਿੰਘ ਭੰਗਾਲੀ, ਮੈਨੇਜਰ ਸ। ਸਤਨਾਮ ਸਿੰਘ ਰਿਆੜ, ਬਾਬਾ ਗੁਰਨਾਮ ਸਿੰਘ, ਬਾਬਾ ਅਵਤਾਰ ਸਿੰਘ, ਪ੍ਰਿੰ। ਸੁਖਵੰਤ ਸਿੰਘ, ਸ। ਪਰਮਪਾਲ ਸਿੰਘ, ਇੰਜੀ। ਸਵਰਨ ਸਿੰਘ, ਬਾਬਾ ਹਰਜੀਤ ਸਿੰਘ ਬੜੂ ਸਾਹਿਬ, ਗਿਆਨੀ ਸੁਰਜੀਤ ਸਿੰਘ ਸਭਰਾ, ਭਾਈ ਹਰਜੀਤ ਸਿੰਘ ਅਤੇ ਭਾਈ ਗੁਰਮੁਖ ਸਿੰਘ ਆਦਿ ਵੀ ਹਾਜ਼ਰ ਸਨ।

Real Estate