ਪਸ਼ੂਆਂ ਦੀ ਵੀਹਵੀਂ ਗਣਨਾ ਅਨੁਸਾਰ, ਦੁਧਾਰੂ ਪਸ਼ੂਆਂ ਦੇ ਵਾਧੇ ਦੀ ਮਾਮੂਲੀ ਦਰ ਦੇਸ਼ ਲਈ ਚਿੰਤਾ ਦਾ ਵਿਸ਼ਾ

1055

ਦੁੱਧ ਦੀ ਖ਼ਪਤ ਅਨੁਸਾਰ, ਪਸ਼ੂਆਂ ਦੀਆਂ ਚੰਗੀਆਂ ਦੁੱਧ ਦੇਣ ਵਾਲੀਆਂ ਨਸਲਾਂ ਦੀ ਅਹਿਮ ਲੋੜ

ਨਕਲੀ ਦੁੱਧ ਘਿਓ ਦੇ ਕਾਰੋਬਾਰੀਆਂ ਉੱਤੇ ਸਰਕਾਰਾਂ ਨਕੇਲ ਕੱਸਣ ਤੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਨ

ਸ੍ਰੀ ਮੁਕਤਸਰ ਸਾਹਿਬ 30 ਅਕਤੂਬਰ (ਕੁਲਦੀਪ ਸਿੰਘ ਘੁਮਾਣ) ਮੁਲਕ ਭਰ ਵਿੱਚ ਜਿੰਨਾ ਦੁੱਧ ਦਾ ਉਤਪਾਦਨ ਹੋ ਰਿਹਾ ਹੈ ਉਸ ਤੋਂ ਕੲੀ ਗੁਣਾਂ ਦੁੱਧ ਦੀ ਖ਼ਪਤ ਹੈ। ਜਦੋਂ ਕਿ ਉਸ ਖ਼ਪਤ ਅਨੁਸਾਰ ਉਤਪਾਦਨ ਵਧਾਏ ਜਾਣ ਲਈ , ਚੋਖਾ ਦੁੱਧ ਦੇਣ ਵਾਲੀਆਂ ਚੰਗੀਆਂ ਨਸਲਾਂ ਨੂੰ ਪ੍ਰਫੁੱਲਤ ਕੀਤੇ ਜਾਣ ਦੀ ਲੋੜ ਹੈ। ਪ੍ਰੰਤੂ ਮੁਲਕ ਭਰ ਵਿੱਚ ਪਸ਼ੂਆਂ ਦੀ ਵੀਹਵੀਂ ਗਣਨਾ ਅਨੁਸਾਰ , ਦੁੱਧ ਦੇਣ ਵਾਲੀਆਂ ਮੱਝਾਂ, ਗਾਵਾਂ, ਅਤੇ ਬੱਕਰੀਆਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਸੰਤੋਸ਼ਜਨਕ ਨਹੀਂ ਹੈ। ਕਿਉਂਕਿ ਮੁਲਕ ਭਰ ਵਿੱਚ ਦੁੱਧ ਘਿਓ ਦੀ ਖ਼ਪਤ ਅਨੁਸਾਰ, ਦੁੱਧ ਘਿਓ ਦੀ ਪੈਦਾਵਾਰ ਨਹੀਂ ਹੋ ਰਹੀ ਜਿਸਦੇ ਬਦਲ ਵਜੋਂ ,ਦੁੱਧ ਦੀ ਖ਼ਪਤ ਨੂੰ ਪੂਰਾ ਕਰਨ ਲਈ , ਤੇਜੀ ਨਾਲ ਨਕਲੀ ਦੁੱਧ ਘਿਓ ਪੈਦਾ ਕੀਤੇ ਜਾਣ ਦਾ ਬੋਲਬਾਲਾ ਹੈ। ਜੋ ਦੇਸ਼ ਦੇ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਵੱਡਾ ਸਬੱਬ ਬਣ ਰਿਹਾ ਹੈ।
ਦੇਸ਼ ਦੀ ਵੀਹਵੀਂ ਪਸ਼ੂਆਂ ਦੀ ਗਨਣਾ ਅਨੁਸਾਰ ਕੁਝ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਜਿੰਨ੍ਹਾਂ ਨੂੰ ਵੇਖ ਕੇ ਮੁਲਕ ਦੀ ਤੇਜੀ ਨਾਲ ਬਦਲ ਰਹੀ ਤਸਵੀਰ ਸਾਹਮਣੇ ਆਉਂਦੀ ਹੈ। ਮੁਲਕ ਵਿੱਚੋਂ ਘੋੜਿਆਂ, ਖੱਚਰਾਂ,ਊਠਾਂ, ਗਧਿਆਂ, ਸੂਰਾਂ ਤੇ ਯਾਕ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਜਦੋਂ ਕਿ ਭੇਡਾਂ, ਬੱਕਰੀਆਂ ਮੱਝਾਂ ਤੇ ਗਾਵਾਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਹੋ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਕਿ ਜਿੰਨੀ ਮੁਲਕ ਦੀ ਦੁੱਧ ਦੀ ਖ਼ਪਤ ਹੈ,ਉਸ ਦੀ ਪੂਰਤੀ ਲਈ ਇੰਨਾ ਮਾਮੂਲੀ ਵਾਧਾ ਕਾਫੀ ਨਹੀਂ ਹੈ। ਬੱਕਰੀਆਂ ਪਾਲਣ ਦਾ ਰੁਝਾਨ ਕੁਝ ਵਧਿਆ ਹੈ ਅਤੇ ਸਾਲ 2012 ਵਿੱਚ ਬੱਕਰੀਆਂ ਦੀ ਗਿਣਤੀ 135.17 ਮਿਲੀਅਨ ਤੋਂ ਵਧ ਕੇ 2019 ਦੌਰਾਨ 148.88 ਮਿਲੀਅਨ ਹੋ ਗਈ ਹੈ ਅਤੇ 10.14 ਮਿਲੀਅਨ ਦਾ ਵਾਧਾ ਦਰਜ ਕੀਤਾ ਗਿਆ ਹੈ। ਭੇਡਾਂ ਪਾਲਣ ਦੇ ਕਿੱਤੇ ਵਿੱਚ ਵੀ ਕਾਫ਼ੀ ਵਾਧਾ ਦਰਜ਼ ਕੀਤਾ ਗਿਆ ਹੈ। ਸਾਲ 2012 ਵਿੱਚ ਭੇਡਾਂ ਦੀ ਗਿਣਤੀ 65.07 ਮਿਲੀਅਨ ਸੀ ਜੋ ਵਧ ਕੇ 2019 ਦੌਰਾਨ 74.26 ਮਿਲੀਅਨ ਹੋ ਗਈ ਹੈ ਅਤੇ ਇਸ ਤਰ੍ਹਾਂ 14.13 ਮਿਲੀਅਨ ਦਾ ਵਾਧਾ ਦਰਜ ਕੀਤਾ ਗਿਆ ਹੈ। ਮੱਝਾਂ ਰੱਖਣ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਦਰਜ਼ ਕੀਤਾ ਗਿਆ ਹੈ ਜੋ ਦੁੱਧ ਦੀ ਖ਼ਪਤ ਦੇ ਮੁਕਾਬਲੇ ਸੰਤੋਸ਼ਜਨਕ ਨਹੀਂ ਹੈ। ਸਾਲ 2012 ਦੌਰਾਨ 108.70 ਮਿਲੀਅਨ ਦੇ ਮੁਕਾਬਲੇ਼ ਸਾਲ 2019 ਦੌਰਾਨ ਮੱਝਾਂ ਦੀ ਗਿਣਤੀ 109.85 ਮਿਲੀਅਨ ਹੋ ਗਈ ਹੈ। ਭਾਵ 1.06 ਮਿਲੀਅਨ ਦਾ ਮਾਮੂਲੀ ਜਿਹਾ ਵਾਧਾ। ਇਸੇ ਤਰ੍ਹਾਂ ਗਾਈਆਂ ਪਾਲਣ ਦੇ ਕਿੱਤੇ ਵਿੱਚ ਵੀ ਮਾਮੂਲੀ ਜਿਹਾ ਵਾਧਾ ਦਰਜ਼ ਕੀਤਾ ਗਿਆ ਹੈ। ਜੋ ਸਾਲ 2012 ਵਿੱਚ 190.90 ਮਿਲੀਅਨ ਦੇ ਮੁਕਾਬਲੇ ਸਾਲ 2019 ਵਿੱਚ 192.49 ਮਿਲੀਅਨ ਹੋ ਗਈ ਹੈ। ਭਾਵ 0.83 ਮਿਲੀਅਨ ਦਾ ਮਾਮੂਲੀ ਵਾਧਾ। ਪਸ਼ੂਆਂ ਦੀ ਵੀਹਵੀਂ ਗਣਨਾ 2019 ਅਨੁਸਾਰ ਊਠਾਂ ਦੀ ਗਿਣਤੀ 0।25 ਮਿਲੀਅਨ ਹੀ ਰਹਿ ਗਈ ਹੈ ਜੋ ਕਿ 2012 ਵਿੱਚ 0.40 ਮਿਲੀਅਨ ਸੀ। ਭਾਵ ਪਿਛਲੇ ਸੱਤ ਸਾਲਾਂ ਵਿੱਚ 37.05 ਮਿਲੀਅਨ ਘਟ ਗਈ ਹੈ। ਇਸੇ ਤਰ੍ਹਾਂ ਗਧਿਆਂ ਦੀ ਗਿਣਤੀ 2012 ਦੇ 0.32 ਮਿਲੀਅਨ ਦੇ ਮੁਕਾਬਲੇ਼ 2019 ਵਿੱਚ 0.12 ਮਿਲੀਅਨ ਹੀ ਰਹਿ ਗਈ ਹੈ। ਭਾਵ 2012 ਦੇ ਮੁਕਾਬਲੇ 2019 ਵਿੱਚ 61.23 ਮਿਲੀਅਨ ਘਟ ਗਈ ਹੈ। ਘੋੜਿਆਂ ਤੇ ਖੱਚਰਾਂ ਦੀ ਗਿਣਤੀ ਵੀ ਸਾਲ 2012 ਦੌਰਾਨ 0.63 ਮਿਲੀਅਨ ਤੋਂ ਘੱਟ ਕੇ 0.34 ਮਿਲੀਅਨ ਹੀ ਰਹਿ ਗਈ ਹੈ। ਭਾਵ 45.58 ਮਿਲੀਅਨ ਘਟ ਗਈ ਹੈ। ਸੂਰਾਂ ਦੀ ਗਿਣਤੀ 2012 ਵਿੱਚ 10.29 ਮਿਲੀਅਨ ਦੇ ਮੁਕਾਬਲੇ਼ 2019 ਵਿੱਚ 9.08 ਮਿਲੀਅਨ ਰਹਿ ਗਈ ਹੈ। ਇਸ ਸਬੰਧੀ ਉੱਘੇ ਪਸ਼ੂ ਪਾਲਕ ਸਤਨਾਮ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਲੋਕਾਂ ਦਾ ਪਸ਼ੂ ਪਾਲਣ ਤੋਂ ਕਿਨਾਰਾਕਸ਼ੀ ਕਰਨਾ, ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ” ਨਕਲੀ ਦੁੱਧ ਘਿਓ ਦੇ ਕਾਰੋਬਾਰੀਆਂ ਉੱਤੇ ਸਖ਼ਤੀ ਨਾਲ ਨਕੇਲ ਕੱਸੇ ਜਾਣ ਦੀ ਲੋੜ ਹੈ। ਕਿਉਂਕਿ ਕ਼ਤਲ ਕੇਸ ਵਿੱਚ ਤਾਂ ਲੰਬੀਆਂ ਸਜਾਵਾਂ ਹਨ ਪਰ ਨਕਲੀ ਦੁੱਧ ਘਿਓ ਦੇ ਕਾਰੋਬਾਰੀਆਂ ਨੂੰ ਅਜੇ ਤੱਕ ਮੈਂ ਕੋਈ ਸਜ਼ਾ ਹੁੰਦੀ ਨਹੀਂ ਵੇਖੀ ਸੁਣੀ ਜਦੋਂ ਕਿ ਨਕਲੀ ਦੁੱਧ ਘਿਓ ਨਾਲ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ”। ਅਗਰ ਸਰਕਾਰਾਂ ਜ਼ਿਲ੍ਹਾ ਪੱਧਰ ਤੇ ਦੁੱਧ ਘਿਓ ਦੇ ਨਮੂਨੇ ਪਰਖ਼ਣ ਵਾਲੀਆਂ ਲਾਰੀਆਂ ਦਾ ਪ੍ਰਬੰਧ ਕਰਨ ਅਤੇ ਮੌਕੇ ਉੱਤੇ ਹੀ ਨਤੀਜੇ ਜਾਰੀ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜਰੂਰ ਸੁਧਾਰ ਹੋ ਸਕਦਾ ਹੈ। ਲੋੜ ਹੈ ਸਰਕਾਰਾਂ ਨੂੰ ਸਖ਼ਤ ਹੋਣ ਦੀ।

Real Estate