ਜਥੇਦਾਰ ਵਡਾਲਾ ਅਤੇ ਸਿੱਧੂ ਦਾ ਵਿਸ਼ੇਸ਼ ਧੰਨਵਾਦ ਤੇ ਸਨਮਾਨ ਕਰੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ

850

ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਖਿਆ ਹੈ ਕਿ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਨਵਜੋਤ ਸਿੰਘ ਸਿੱਧੂ ਦਾ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿਸ਼ੇਸ਼ ਧੰਨਵਾਦ ਤੇ ਸਨਮਾਨ ਕਰੇ, ਕਿਉਂਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ‘ਚ ਇਨ੍ਹਾਂ ਦੋਹਾਂ ਸੱਜਣਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਵੇਰਵੇ ਸਹਿਤ ਵਰਨਣ ਕੀਤਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦੀਦਾਰ ਤੇ ਸੇਵਾ-ਸੰਭਾਲ ਪ੍ਰਤੀ ਸਿੱਖ ਜਗਤ ਦੀ ਅਰਦਾਸ ਅਤੇ ਪੰਜਾਬ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਵਡਾਲਾ ਨੇ ਕੁਲਦੀਪ ਨਈਅਰ ਦੇ ਸਹਿਯੋਗ ਨਾਲ, ਜਿਥੇ ਭਾਰਤ ਤੇ ਪਾਕਿਸਤਾਨ ਸਰਕਾਰ ਨਾਲ ਲਾਂਘਾ ਖੋਲ੍ਹਣ ਲਈ ਗੱਲਬਾਤ ਨਿਰੰਤਰ ਜਾਰੀ ਰੱਖੀ। ਉਥੇ, ਕਈ ਸਾਲ ਹਰ ਵਰ੍ਹੇ ਕਰਤਾਰਪੁਰ ਸਾਹਿਬ ਦੇ ਸਾਹਮਣੇ ਬਾਰਡਰ ‘ਤੇ ਅਪਣੇ ਸਾਥੀਆਂ ਨਾਲ ਸਾਂਝੀ ਅਰਦਾਸ ਕਰ ਕੇ ਇਸ ਤਾਂਘ ਨੂੰ ਹੋਰ ਵੀ ਪ੍ਰਚੰਡ ਕਰਦੇ ਰਹੇ। ਉਹ ਸਮਝਦੇ ਸਨ ਕਿ ਇਹ ਲਾਂਘਾ ਜਿਥੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਅੰਦਰਲੀ ਕੁੜੱਤਣ ਘਟਾਏਗਾ, ਰਿਸ਼ਤੇ ਸੁਧਾਰੇਗਾ ਅਤੇ ਪੰਜਾਬ ਤੇ ਪਾਕਿਸਤਾਨ ਦੇ ਦੁਵਲੇ ਵਪਾਰ ਰਾਹੀਂ ਦੋਹਾਂ ਧਿਰਾਂ ਨੂੰ ਆਰਥਕ ਲਾਭ ਹੋਏਗਾ। ਉਥੇ ਇਹ ਲਾਂਘਾ ਪੰਜਾਬ ਨੂੰ ਐਟਮੀ ਜੰਗ ਦਾ ਕੇਂਦਰ ਬਣਨ ਤੋਂ ਵੀ ਬਚਾਏਗਾ। ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਦੋਸਤੀ ਦਾ ਲਾਭ ਲੈਂਦਿਆਂ ਜਿਥੇ ਉਸ ਨੂੰ ਉਪਰੋਕਤ ਕਾਰਜ ਲਈ ਪ੍ਰੇਰਿਆ ਤੇ ਸਹਿਮਤ ਕੀਤਾ। ਇਸ ਪੱਖੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਬਾਜਵੇ ਨੂੰ ਅਪਣੀ ਜੱਫੀ ‘ਚ ਲੈ ਕੇ ਮਨਾਇਆ ਕਿਉਂਕਿ ਸੁਰੱਖਿਆ ਪੱਖੋਂ ਉਸ ਦੀ ਮਨਜ਼ੂਰੀ ਵੀ ਜ਼ਰੂਰੀ ਸੀ। ਇਸ ਪ੍ਰਕਾਰ ਸਿੱਧੂ ਨੇ ਪੰਜਾਬੀਆਂ ਤੇ ਸਮੁੱਚੇ ਸਿੱਖ ਜਗਤ ਨੂੰ ਪਾਕਿਸਤਾਨ ਵਲੋਂ ਲਾਂਘਾ ਖੋਲ੍ਹੇ ਜਾਣ ਦੀ ਖ਼ੁਸ਼ਖ਼ਬਰੀ ਸੁਣਾਈ। ਭੁੱਲਣਾ ਨਹੀਂ ਚਾਹੀਦਾ ਕਿ ਇਸ ਖ਼ੁਸ਼ਖ਼ਬਰੀ ਦੇ ਸਿੱਟੇ ਵਜੋਂ ਹੀ ਭਾਰਤ ਸਰਕਾਰ ਨੇ ਇਹ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ, ਜਿਸ ਦੀ ਬਦੌਲਤ ਹੁਣ ਅਸੀਂ ਸਾਰੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰ ਸਕਾਂਗੇ।

Real Estate