ਸੁਲਤਾਨਪੁਰ ਲੋਧੀ ਵਿਖੇ ਸਿਵਲ ਹਸਪਤਾਲ ਦੀ ਕਾਇਆ ਕਲਪ

844

ਸਿਹਤ ਮੰਤਰੀ ਵਲੋਂ ਅੱਜ ਕੀਤਾ ਜਾਵੇਗਾ ਨਵੇਂ ਆਈ ਸੀ ਯੂ ,ਟਰੋਮਾ ਸੈਂਟਰ ਅਤੇ ਐਮਰਜੈਂਸੀ ਵਾਰਡ ਦਾ ਉਦਘਾਟਨ

ਕਪੂਰਥਲਾ/ਸੁਲਤਾਨਪੁਰ ਲੋਧੀ 29 ਅਕਤੂਬਰ (ਕੌੜਾ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੀ ਕਾਇਆ ਕਲਪ ਕਰ ਦਿੱਤੀ ਗਈ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਿਵਲ ਹਸਪਤਾਲ ਵਿਖੇ ਨਵੇਂ ਸਥਾਪਿਤ ਕੀਤੇ ਆਈ।ਸੀ।ਯੂ ,ਟਰੋਮਾ ਸੈਂਟਰ ਅਤੇ ਐਮਰਜੈਂਸੀ ਵਾਰਡ ਦਾ ਉਦਘਾਟਨ 30 ਅਕਤੂਬਰ ਨੂੰ ਕੀਤਾ ਜਾਵੇਗਾ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸਿਵਲ ਹਸਪਤਾਲ ਦੇ ਨਵੀਨੀਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ ਸਿਹਤ ਵਿਭਾਗ ਵਲੋਂ ਬਹੁਤ ਹੀ ਥੋੜੇ ਸਮੇਂ ਵਿੱਚ ਸਿਵਲ ਹਸਪਤਾਲ ਦੀ ਨੁਹਾਰ ਬਦਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਿਖੇ ਪੂਰੀ ਤਰ੍ਹਾਂ ਏ।ਸੀ ਆਈ।ਸੀ।ਯੂ ਵਾਰਡ ਤਿਆਰ ਕੀਤਾ ਗਿਆ ਹੈ ਜਿਸ ਵਿਚ ਮਲਟੀ ਪੈਰਾਮੌਨੀਟਰ ਦੀ ਸਹੂਲਤ ਵੀ ਹੈ ਜਿਸ ਰਾਹੀਂ ਮਰੀਜ਼ ਦੇ ਸਾਹ,ਖੂਨ ਦੇ ਦਬਾਅ ਅਤੇ ਦਿਲ ਦੀ ਧੜਕਨ ਬਾਰੇ ਪ੍ਰਤੀ ਸੈਕਿੰਡ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਗੰਭੀਰ ਮਰੀਜ਼ਾਂ ਦੇ ਇਲਾਜ ਲਈ 16 ਬੈੱਡ ਸਥਾਪਿਤ ਕੀਤੇ ਗਏ ਹਨ। ਇਸੇ ਤਰ੍ਹਾਂ ਛੇ ਬੈੱਡਾਂ ਵਾਲਾ ਐਮਰਜੈਂਸੀ ਵਾਰਡ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸੈਂਟਰਲ ਆਕਸੀਜਨ ਸਪਲਾਈ ਦੀ ਵਿਵਸਥਾ ਕੀਤੀ ਗਈ ਹੈ। ਸਿਵਲ ਹਸਪਤਾਲ ਵਿੱਚ ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਇਲਾਜ ਲਈ ਡੀਫਾਈਬ੍ਰੀਲੇਟਰ ਸਥਾਪਿਤ ਕੀਤਾ ਗਿਆ ਹੈ। ਇਸ ਦੀ ਦਿਲ ਦੀ ਗਤੀ ਰੁਕਣ ਦੇ ਮਾਮਲਿਆਂ ਦੇ ਇਲਾਜ ਲਈ ਵਰਤੋਂ ਕੀਤੀ ਜਾਂਦੀ ਹੈ। ਐਮਰਜੈਂਸੀ ਸੇਵਾਵਾਂ ਲਈ ਟਰੋਮਾ ਸੈਂਟਰ ਵਿਚ ਇੱਕ 100 ਯੂਨਿਟ ਵਾਲੀ ਬਲੱਡ ਬੈਂਕ ਵੀ ਸਥਾਪਿਤ ਕੀਤੀ ਗਈ ਹੈ ਤਾਂ ਜੋ ਐਕਸੀਡੈਂਟ ਅਤੇ ਸਰਜੀਕਲ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਚੀਮਾ ਨੇ ਦੱਸਿਆ ਕਿ ਇਹ ਹਸਪਤਾਲ ਨਾ ਸਿਰਫ ਸੁਲਤਾਨਪੁਰ ਲੋਧੀ ਵਿਖੇ ਆਧੁਨਿਕ ਇਲਾਜ ਸਹੂਲਤਾਂ ਮੁਹੱਈਆ ਕਰਵਾਏਗਾ ਸਗੋਂ ਮਖੂ,ਕਪੂਰਥਲਾ,ਤਰਨਤਾਰਨ ਅਤੇ ਸ਼ਾਹਕੋਟ ਦੇ ਖੇਤਰ ਤੱਕ ਲੋਕਾਂ ਨੂੰ ਇਲਾਜ ਦੀ ਸਹੂਲਤ ਮਿਲੇਗੀ।

Real Estate