ਕਿਉਂ ਚਰਚਾ ‘ਚ ਹੈ ਸਾਇਕਲ ਅੱਗੇ ਲੱਗੀ ਛੋਟੀ ‘ਕਾਠੀ’ ?

1655

ਪਰਮਿੰਦਰ ਸਿੰਘ ਸਿੱਧੂ –  ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਕਿ “ਉਪ-ਮੁੱਖ ਮੰਤਰੀ ਦਾ ਅਹੁਦਾ ਉਸ ਤਰ੍ਹਾਂ ਦਾ ਹੀ ਹੈ ਜਿਵੇਂ ਸਾਇਕਲ ਅੱਗੇ ਛੋਟੀ ਸੀਟ ਲਗਾ ਕੇ ਰੋਣ ਵਾਲੇ ਬੱਚੇ ਨੂੰ ਬਿਠਾ ਕੇ ਚੁੱਪ ਕਰਵਾਇਆ ਜਾਂਦਾ ਹੈ ।” ਅਸਲ ਵਿੱਚ ਇਹ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਮਗਰੋਂ ਬਣੇ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਤੇ ਤੰਜ ਕਸਿਆ ਜਾ ਰਿਹ ਹੈ । ਪਰ ਸਵਾਲ ਇਹ ਹੈ ਕਿ ਕੀ ਸਵਿਧਾਨ ਅਨੁਸਾਰ ਸੱਚ ਵਿੱਚ ਹੀ ਉਪ-ਮੁੱਖ ਮੰਤਰੀ ਦਾ ਕੋਈ ਅਹੁਦਾ ਨਹੀਂ ਹੈ ?
ਹਰਿਆਣਾ ਵਿੱਚ ਸਿਰਫ ਕੁਝ ਮਹੀਨੇ ਪਹਿਲਾਂ ਬਣੀ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਹਰਿਆਣਾ ਦੇ ਉੱਪ–ਮੁੱਖ ਮੰਤਰੀ ਬਣੇ ਹਨ। ਉਹ ਭਾਰਤ ਦੇ ਸਾਬਕਾ ਉੱਪ–ਪ੍ਰਧਾਨ ਮੰਤਰੀ ਅਤੇ ਆਪਣੇ ਦਾਦੇ ਦੇਵੀ ਲਾਲ ਨੂੰ ਹੀ ਆਪਣੀ ਮੁੱਖ ਪ੍ਰੇਰਨਾ–ਸ਼ਕਤੀ ਮੰਨਦੇ ਹਨ। ਦੇਵੀ ਲਾਲ ਤਿੰਨ ਦਹਾਕੇ ਪਹਿਲਾਂ ਦੇਸ਼ ਦੇ ਉੱਪ–ਪ੍ਰਧਾਨ ਮੰਤਰੀ ਬਣੇ ਸਨ ਤੇ ਹੁਣ ਉਨ੍ਹਾਂ ਦਾ ਪੋਤਰਾ ਹਰਿਆਣਾ ਦਾ ਉੱਪ–ਮੁੱਖ ਮੰਤਰੀ ਬਣ ਗਿਆ ਹੈ।
ਉਨ੍ਹਾਂ ਦੇ ਸਹੁੰ ਚੁੱਕਣ ਤੋਂ ਬਾਅਦ ਜੇਜੇਪੀ ਦੇ ਸਮਰਥਕਾਂ ਪ੍ਰਚਾਰ ਰਹੇ ਹਨ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਬਾਅਦ ਹੁਣ ਸਿਰਫ਼ ਦੁਸ਼ਯੰਤ ਚੌਟਾਲਾ ਦਾ ਹੀ ਹੁਕਮ ਚੱਲਿਆ ਕਰੇਗਾ ਤੇ ਸਾਰੇ ਮੰਤਰੀ ਵੀ ਉਨ੍ਹਾਂ ਦੇ ਅਧੀਨ ਰਹਿਣਗੇ !
ਪਰ ਤੱਥ ਇਹ ਹਨ ਕਿ ਸੰਵਿਧਾਨ ਵਿੱਚ ਉੱਪ–ਮੁੱਖ ਮੰਤਰੀ ਜਾਂ ਉੱਪ–ਪ੍ਰਧਾਨ ਮੰਤਰੀ ਜਿਹਾ ਕੋਈ ਅਹੁਦਾ ਨਹੀਂ ਹੁੰਦਾ। ਸੁਪਰੀਮ ਕੋਰਟ ਨੇ ਇਹ ਗੱਲ ਪਹਿਲਾਂ ਆਪਣੇ ਹੁਕਮਾਂ ਵਿੱਚ ਆਖੀ ਹੋਈ ਹੈ।
ਦਰਅਸਲ, 1990 ’ਚ ਜਸਟਿਸ ਰੰਗਨਾਥ ਮਿਸ਼ਰਾ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਆਪਣੇ ਫ਼ੈਸਲੇ ’ਚ ਆਖਿਆ ਸੀ ਕਿ ਇੱਕ ਉੱਪ–ਪ੍ਰਧਾਨ ਮੰਤਰੀ ਵੀ ਸਿਰਫ਼ ਵਜ਼ਾਰਤ ਦੇ ਹੋਰਨਾਂ ਮੰਤਰੀਆਂ ਵਰਗਾ ਹੀ ਇੱਕ ਮੰਤਰੀ ਹੀ ਹੁੰਦਾ ਹੈ। ਜਸਟਿਸ ਮਿਸ਼ਰਾ ਨੇ ਇਹ ਹੁਕਮ ਉਸ ਪਟੀਸ਼ਨ ਉੱਤੇ ਗ਼ੌਰ ਕਰਦਿਆਂ ਸੁਣਾਇਅ ਸੀ। ਜਿਸ ਵਿੱਚ ਉਦੋਂ ਦੇ ਦੇਵੀ ਲਾਲ ਦੀ ਉੱਪ–ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਦੀ ਕਾਨੂੰਨੀ ਤੇ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਸੀ। 1989 ’ਚ ਦਾਖ਼ਲ ਕੀਤੀ ਆਪਣੀ ਪਟੀਸ਼ਨ ਵਿੱਚ ਪਟੀਸ਼ਨਰ ਨੇ ਕਿਹਾ ਸੀ ਕਿ ਦੇਵੀ ਲਾਲ ਵੱਲੋਂ ਆਪਣੇ ਅਹੁਦੇ ਦੇ ਭੇਤ ਗੁਪਤ ਰੱਖਣ ਲਈ ਚੁੱਕੀ ਗਈ ਸਹੁੰ ਸੰਵਿਧਾਨ ਮੁਤਾਬਕ ਨਹੀਂ ਸੀ। ਉਦੋਂ ਦੇਸ਼ ਦੇ ਰਾਸ਼ਟਰਪਤੀ ਆਰ ਵੈਂਕਟਰਮਨ ਹੁੰਦੇ ਸਨ। ਉਨ੍ਹਾਂ ਨੇ ਹੀ ਦੇਵੀ ਲਾਲ ਨੂੰ ਉੱਪ–ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਸੀ।
ਸੁਪਰੀਮ ਕੋਰਟ ਨੇ ਤਦ ਆਪਣੇ ਫ਼ੈਸਲੇ ’ਚ ਆਖਿਆ ਸੀ ਕਿ ਦੇਵੀ ਲਾਲ ਦੇ ਉੱਪ–ਪ੍ਰਧਾਨ ਮੰਤਰੀ ਬਣ ਜਾਣ ਨਾਲ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੋਈ ਤਾਕਤ ਨਹੀ਼ ਮਿਲ ਜਾਂਦੀ। ਉਦੋਂ ਦੇ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੇ ਆਖਿਆ ਸੀ ਕਿ ਪ੍ਰਧਾਨ ਮੰਤਰੀ ਖ਼ੁਦ ਵੀ ਮੰਤਰੀ ਮੰਡਲ ਦਾ ਹੀ ਮੈਂਬਰ ਹੁੰਦਾ ਹੈ ਤੇ ਉਹ ਵੀ ਹੋਰਨਾਂ ਮੰਤਰੀਆਂ ਵਰਗੀ ਸਹੁੰ ਚੁੱਕਦਾ ਹੈ। ਸੰਵਿਧਾਨ ਵਿੱਚ ਉੱਪ–ਪ੍ਰਧਾਨ ਮੰਤਰੀ ਦੀ ਕੋਈ ਪ੍ਰਵਾਨਗੀ ਨਹੀਂ ਹੈ ਤੇ ਇੰਝ ਦੇਵੀ ਲਾਲ ਵੀ ਸਿਰਫ਼ ਇੱਕ ਮੰਤਰੀ ਹੀ ਹਨ। ਉੱਪ–ਪ੍ਰਧਾਨ ਮੰਤਰੀ ਦਾ ਅਹੁਦਾ ਕੇਵਲ ਵਰਨਣਾਤਮਕ ਹੈ, ਇਸ ਤੋਂ ਵੱਧ ਹੋਰ ਕੁਝ ਨਹੀਂ।

ਅੰਕੜੇ – ਹਿੰਦੂਸਤਾਨ ਟਾਈਮਜ

Real Estate