ਬਗਦਾਦੀ ਦੇ ਮਾਰੇ ਜਾਣ ਮਗਰੋਂ ਕੌਣ ਬਣਿਆ ISIS ਦਾ ਨਵਾਂ ਮੁਖੀ ?

3185

ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਦੇ ਸਰਗਨੇ ਅਬੂ ਬਕਰ ਅਲ–ਬਗ਼ਦਾਦੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਇਸ ਜੱਥੇਬੰਦੀ ਦਾ ਨਵਾਂ ਮੁਖੀ ਵੀ ਬਣਾ ਦਿੱਤਾ ਗਿਆ ਹੈ। ਖ਼ਬਰਾਂ ਅਨੁਸਾਰ ਸੱਦਾਮ ਹੁਸੈਨ ਦੀ ਫ਼ੌਜ ’ਚ ਅਧਿਕਾਰੀ ਰਹੇ ਅਬਦੁੱਲ੍ਹਾ ਕਰਦਸ਼ ਨੂੰ ਹੁਣ ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਗਿਆ ਹੈ।
ਬਗਦਾਦੀ ਦੇ ਮਾਰੇ ਜਾਣ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਦੇਸ਼ ਦੀ ਫ਼ੌਜ ਨੇ ਅਬੂ ਬਕਰ ਨੂੰ ਘੇਰਾ ਪਾ ਲਿਆ ਸੀ ਤੇ ਆਪਣੇ ਆਖ਼ਰੀ ਸਮੇਂ ਉਹ ਬਹੁਤ ਚੀਕ ਰਿਹਾ ਸੀ। ਉਹ ਅਗਲੇ ਪਾਸਿਓਂ ਬੰਦ ਇੱਕ ਸੁਰੰਗ ਵਿੱਚ ਫਸ ਗਿਆ ਤੇ ਉਸ ਨੂੰ ਨੱਸਣ ਦਾ ਕੋਈ ਰਾਹ ਨਾ ਲੱਭਿਆ, ਤਾਂ ਉਸ ਨੇ ਬੰਬ ਧਮਾਕੇ ਨਾਲ ਖ਼ੁਦ ਨੂੰ ਖ਼ਤਮ ਕਰ ਲਿਆ। ਉਸ ਨਾਲ ਉਸ ਦੇ 8 ਸਾਥੀ ਅੱਤਵਾਦੀ ਵੀ ਉੱਥੇ ਮਾਰੇ ਗਏ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਗਦਾਦੀ ਦੇ ਵਾਰਸ ਉੱਤੇ ਹੁਣ ਉਨ੍ਹਾਂ ਦੀਆਂ ਫ਼ੌਜਾਂ ਨੇ ਪੂਰੀ ਚੌਕਸ ਨਜ਼ਰ ਰੱਖੀ ਹੋਈ ਹੈ। ਸੱਦਾਮ ਹੁਸੈਨ ਦਾ ਸੱਜਾ ਹੱਥ ਰਹੇ ਅਬਦੁਲ ਕਰਦਸ਼ ਬਾਰੇ ਕੋਈ ਬਹੁਤੀ ਜਾਣਕਾਰੀ ਮੌਜੂਦ ਨਹੀਂ ਹੈ। ਇੰਨੀ ਕੁ ਜਾਣਕਾਰੀ ਜ਼ਰੂਰ ਹੈ ਕਿ ਹਾਜੀ ਅਬਦੁੱਲ੍ਹਾ ਅਲ–ਅਫ਼ਾਰੀ ਜਾਂ ਪ੍ਰੋਫ਼ੈਸਰ ਦੇ ਨਾਂਅ ਨਾਲ ਮਸ਼ਹੂਰ ਕਰਦਸ਼ ਨੂੰ ਬਗ਼ਦਾਦੀ ਨੇ ਆਪਣੀ ਜਥੇਬੰਦੀ ਦੇ ਮੁਸਲਿਮ ਮਾਮਲਿਆਂ ਦਾ ਵਿਭਾਗ ਚਲਾਉਣ ਲਈ ਖ਼ੁਦ ਚੁਣਿਆ ਸੀ। ‘ਨਿਊਜ਼ ਵੀਕ’ ਨੇ ਵੀ ਬਗ਼ਦਾਦੀ ਦੀ ਮੌਤ ਪਿੱਛੋਂ ਪ੍ਰੋਫ਼ੈਸਰ ਕਰਦਸ਼ ਨੂੰ ਹੀ ਆਈ ਐੱਸ ਆਈ ਐੱਸ ਦਾ ਨਵਾਂ ਮੁਖੀ ਬਣਾਏ ਜਾਣ ਦੀਆਂ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ।

Real Estate