ਪ੍ਰਧਾਨ ਲੌਂਗੋਵਾਲ ਨੂੰ ਭਾਰੀ ਪੈ ਸਕਦੀਆਂ ਹਨ ਆਪਣੇ ਚਹੇਤੇ ਸਾਬਕਾ ਪੀ.ਏ ਨੂੰ ਉਪਰੋਥਲੀ ਦਿੱਤੀਆਂ ਤਰੱਕੀਆਂ

1871

ਬਰਨਾਲਾ, 28 ਅਕਤੂਬਰ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗਵਾਲ ਦੇ ਪੀ.ਏ ਸੁਖਮਿੰਦਰ ਸਿੰਘ ਦੀ ਚਾਹੇ ਸਿਕਾਇਤਾਂ ਦੇ ਚਲਦਿਆਂ ਬਦਲੀ ਕਰ ਦਿੱਤੀ ਗਈ ਹੈ, ਪਰ ਨਿਯਮਾਂ ਦੇ ਉਲਟ ਟੈਕਨੀਕਲ ਵਿਭਾਗ ‘ਚੋਂ ਐਕਸੀਅਨ ਸੁਖਮਿੰਦਰ ਸਿੰਘ ਨੂੰ ਪ੍ਰਸ਼ਾਸ਼ਨਿਕ ਵਿਭਾਗ ਵਿੱਚ ਲਿਆ ਕੇ ਪ੍ਰਧਾਨ ਲੌਂਗੋਵਾਲ ਦਾ ਪੀ.ਏ ਬਣਾਉਣ ਤੋਂ ਬਾਅਦ ਲਗਾਤਾਰ ਮੀਤ ਸਕੱਤਰ ਅਤੇ ਫਿਰ ਕੁਝ ਦਿਨਾਂ ਬਾਅਦ ਐਡੀਸ਼ਨਲ ਸਕੱਤਰ ਵੱਜੋਂ ਦਿੱਤੀਆਂ ਗਈਆਂ ਤਰੱਕੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਬੇਨਿਯਮੀਆਂ ਲਈ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਉਪਰ ਵੀ ਸ੍ਰੋਮਣੀ ਕਮੇਟੀ ਵਿੱਚ ਕੀਤੀ ਗਈ ਭਰਤੀ ਦੌਰਾਨ ਬੇਨਿਯਮੀਆਂ ਦੇ ਦੋਸ਼ ਲੱਗੇ ਸਨ, ਜਿਸ ਦੇ ਚਲਦਿਆਂ ਉਸ ਦੀ ਪ੍ਰਧਾਨਗੀ ਨੂੰ ਇੱਕ ਸਾਲ ਹੋਰ ਮਿਲਦਾ ਮਿਲਦਾ ਰਹਿ ਗਿਆ ਸੀ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨੰਬਰ ਲੱਗ ਗਿਆ ਸੀ। ਹੁਣ ਜਦੋਂ ਨਵੰਬਰ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਾਲਾਨਾ ਚੋਣ ਹੋਣ ਵਾਲੀ ਹੈ ਤਾਂ ਐਨ ਉਸਤੋਂ ਪਹਿਲਾਂ ਪ੍ਰਧਾਨ ਲੌਂਗੋਵਾਲ ਦੇ ਪੀ.ਏ ਸੁਖਮਿੰਦਰ ਸਿੰਘ ‘ਤੇ ਲੱਗੇ ਗੰਭੀਰ ਦੋਸ਼ਾਂ ਦੇ ਤਹਿਤ ਉਸ ਨੂੰ ਪੀ.ਏ ਦੀ ਕੁਰਸੀ ਤੋਂ ਹਟਾ ਕੇ ਐਡੀਸਨਲ ਸਕੱਤਰ ਵੱਜੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਦਲ ਦਿੱਤਾ ਗਿਆ ਹੈ। ਭਾਵੇਂ ਪ੍ਰਧਾਨ ਲੌਂਗੋਵਾਲ ਨੇ ਆਪਣੇ ਚਹੇਤੇ ਪੀ.ਏ ਸਾਹਿਬ ‘ਤੇ ਲੱਗੇ ਦੋਸ਼ਾਂ ਦੀ ਜਾਂਚ ਵਾਲਾ ਮਾਮਲਾ ਅਜੇ ਸਿਰਫ ਬਦਲੀ ਕਰਕੇ ਹੀ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ, ਪਰ ਟੈਕਨੀਕ ਵਿਭਾਗ ਦੇ ਐਕਸੀਅਨ ਨੂੰ ਪ੍ਰਸਾਸ਼ਨਿਕ ਵਿਭਾਗ ਵਿੱਚ ਲਿਆ ਕੇ ਨਿਯਮਾਂ ਦੇ ਉਲਟ ਪਹਿਲਾਂ ਮੀਤ ਸਕੱਤਰ ਅਤੇ ਫਿਰ ਕੁਝ ਦਿਨਾਂ ਵਿੱਚ ਹੀ ਐਡੀਸ਼ਨਲ ਸਕੱਤਰ ਬਣਾਉਣ ਦੇ ਮਾਮਲੇ ਦੀ ਸ੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿੱਚ ਖੂਬ ਚਰਚਾ ਹੈ। ਸ੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਹੈ ਕਿ ਜਿਥੇ ਸ੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੁਲਾਜਮ ਨੂੰ ਕਿਸੇ ਵੀ ਪੋਸਟ ‘ਤੇ ਤਰੱਕੀ ਦੇਣ ਲਈ ਪੰਜ ਸਾਲ ਦੀ ਸਮਾਂ ਸੀਮਾ ਰੱਖੀ ਗਈ ਅਤੇ ਮੀਤ ਸਕੱਤਰ ਜਾਂ ਐਡੀਸ਼ਨਲ ਸਕੱਤਰ ਦੇ ਆਹੁਦਿਆਂ ਬਹੁਤ ਸਾਰੇ ਅਧਿਕਾਰੀ ਸਾਲਾਂਬੱਧੀ ਇੰਤਜਾਰ ਕਰ ਰਹੇ ਹਨ, ਪਰ ਸੁਖਮਿੰਦਰ ਸਿੰਘ ਨੂੰ ਪੀ.ਏ ਬਣਾਉਣ ਸਮੇਂ ਮੀਤ ਸਕੱਤਰ ਅਤੇ ਫਿਰ ਕੁਝ ਕੁ ਦਿਨਾਂ ਬਾਅਦ ਹੀ ਐਡੀਸ਼ਨਲ ਸਕੱਤਰ ਬਣਾ ਦਿੱਤਾ ਗਿਆ ਹੈ। ਸ੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿੱਚ ਚਰਚਾ ਇਹ ਵੀ ਹੈ ਕਿ ਜਿਸ ਤਰ•ਾਂ ਪੀ.ਏ ਸੁਖਮਿੰਦਰ ਸਿੰਘ ਦੀ ਬਦਲੀ ਦੀ ਸ੍ਰੋਮਣੀ ਅਕਾਲੀ ਦੇ ਇੱਕ ਉਚ ਆਗੂ ਦੇ ਕਹਿਣ ‘ਤੇ ਹੋਈ ਹੈ ਅਤੇ ਬੇਨਿਯਮੀਆਂ ਕਰਕੇ ਦਿੱਤੀਆਂ ਤਰੱਕੀਆਂ ਵੀ ਉਸੇ ਤਰ•ਾਂ ਪ੍ਰਧਾਨ ਲੌਂਗਵਾਲ ਨੂੰ ਨਵੰਬਰ ਵਿੱਚ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਵਿੱਚ ਭਾਰੀ ਪੈ ਸਕਦੀਆਂ ਹਨ।

Real Estate